ਠੀਕ ਹੈ, ਪਤਿਤ ਹੋਣ ਬਾਅਦ ਇਕ-ਦੋ ਪੀੜੀਆਂ ਤੁਸੀਂ ਗੁਰਦੁਆਰੇ ਜਾਂ ਪ੍ਰਵਾਰਕ ਵਾਤਾਵਰਣ `ਚ ਆਪਣੇ ਆਪ ਨੂੰ ਸਿੱਖ ਹੀ ਮੰਣਦੇ ਤੇ ਅਖਵਾਉਂਦੇ ਰਹੋ ਗੇ; ਪਰ ਕਦੋਂ ਤੀਕ? ਹੋ ਸਕਦਾ ਹੈ ਸਿੱਖਾਂ ਵਾਲੀ ਬੋਲੀ ਵੀ ਬੋਲ ਲਵੋ ਗੇ ਕਿਉਂਕਿ ਪਿਛੋਕੜ ਸਿੱਖੀ ਦਾ ਸੀ। ਉਪ੍ਰੰਤ ਸਿੱਖ ਅਖਵਾਉਣ ਵਾਲੀ ਗੱਲ ਦਾ ਵੀ ਭੋਗ ਪੈ ਜਾਵੇਗਾ ਤੇ ਇਸ ਲਈ ਜ਼ਿੰਮੇਵਾਰ ਕੌਣ ਹੋਵੇਗਾ? ਕੇਵਲ ਤੇ ਕੇਵਲ ਤੁਸੀਂ ਤੇ ਤੁਹਾਡੀ ਇਹ ਅਜੋਕੀ ਢੁੱਚਰ “ਕੇਸਾਂ `ਚ ਕੀ ਪਿਆ ਹੈ, ਸਿੱਖੀ ਤਾਂ ਮਨ ਦੀ ਹੋਣੀ ਚਾਹੀਦੀ ਹੈ”। ਜ਼ਰਾ ਖੁਲੇ ਦਿਮਾਗ਼ ਅੰਦਾਜ਼ਾਂ ਲਾਉਣ ਦਾ ਯਤਨ ਕਰੋ, ਸਰੂਪ ਤੋਂ ਢਿੱਲ ਕਰਕੇ, ਤੁਸੀਂ ਕਿੰਨਾ ਵੱਡਾ ਗੁਨਾਹ ਕਰ ਰਹੇ ਹੋ। ਯਾਦ ਰਖੋ! ਜਿਸ ਨੂੰ ਅੱਜ ਤੁਸੀਂ ਮਨ ਦੀ ਸਿੱਖੀ ਕਹਿੰਦੇ ਹੋ, ਇਹ ਤੁਹਾਡੀ ‘ਮਨ ਦੀ ਸਿੱਖੀ’ ਨਹੀਂ, ਕੇਵਲ ਜਜ਼ਬਾਤੀ ਸਿੱਖੀ ਹੈ। ਇਹ ਸਰੂਪ ਵਾਲੀ ਸਿੱਖੀ ਜੋ ਤੁਹਾਡੇ ਕੋਲ ਬਚੀ ਹੋਈ ਸੀ ਤਾਂ ਉਹ ਵੀ ਤੁਹਾਡੇ ਬਜ਼ੁਰਗਾਂ ਕਾਰਨ। ਜਦੋਂ ਕਿਸੇ ਦੁਰਮੱਤ ਜਾਂ ਹੂੜਮੱਤ ਕਾਰਨ ਸਰੂਪ ਵੀ ਤੁਹਾਡੇ ਕੋਲੋਂ ਚਲਾ ਗਿਆ ਤਾਂ ਇਹ ਤੁਹਾਡੀ ‘ਮਨ ਦੀ ਸਿੱਖੀ’ ਵੀ ਤੁਹਾਡੇ ਕੋਲ ਬਹੁਤੇ ਦਿਨ ਨਹੀਂ ਟਿਕੇ ਗੀ। ਇਸੇ ਰਸਤੇ ਜੇ ਕਲ ਨੂੰ ਸਿਗਰਟਾਂ-ਸ਼ਰਾਬ-ਵਿੱਭਚਾਰ ਤੇ ਕਰਮਕਾਂਡ ਵੀ ਤੁਹਾਡੇ ਵਿਹੜੇ ਆ ਪੁੱਜੇ ਤਾਂ ਇਸ ਦੇ ਜਿੰਮੇਂਵਾਰ ਤੁਸੀਂ ਆਪ ਹੋਵੇਗੇ, ਕੋਈ ਦੂਜਾ ਨਹੀਂ।