Vaisakhi 1469 ton 1699 – Part – 35- 6-5-26

ਉਪ੍ਰੰਤ ਪੰਜਵੇਂ ਜਾਮੇ ਤੀਕ
ਗੁਰਬਾਣੀ ਵਿਚਾਰ ਦੇ ਆਧਾਰ `ਤੇ ਸਿੱਖ ਨੂੰ ਪਾਖੰਡਾ, ਅਉਗਣਾ, ਵਿਕਾਰਾਂ, ਭੇਖਾਂ ਨਾਲ ਜੰਗ ਕਰਣ ਲਈ ਪ੍ਰਪੱਕ ਕੀਤਾ ਤੇ ਗੁਰਬਾਣੀ ਵਿਚਾਰ ਦਾ ਧਨੀ ਬਣਾਇਆ। ਪੰਜਵੇਂ ਜਾਮੇ ਸਮੇਂ ਰੱਬੀ ਸਚਾਈ (ਗੁਰਬਾਣੀ) ਦੇ ਫ਼ੈਲਾਅ ਲਈ, ਦ੍ਰਿੜਤਾ ਵਾਲੀ ਜਾਚ ਵੀ ਸਿਖਾਈ। ਸਾਬਤ ਕੀਤਾ ਸੱਚ ਧਰਮ ਦੇ ਰਸਤੇ `ਚ ਆਉਣ ਵਾਲੀਆਂ, ਵਿਰੋਧੀ ਤਾਕਤਾਂ ਜਿਵੇਂ ਝੂਠ-ਅਨਿਆਇ-ਜ਼ੁਲਮ ਨਾਲ ਜੰਗ ਦੇ ਟਾਕਰੇ ਲਈ ਬੇਸ਼ਕ ਤੱਤੀਆਂ ਤੱਵੀਆਂ `ਤੇ ਬੈਠਨਾ ਪਵੇ, ਉਬਲਦੀਆਂ ਦੇਗ਼ਾ `ਚ ਉਬਲਨਾ ਪਵੇ, ਪਿੱਛੇ ਨਹੀਂ ਹਟਣਾ। ਇਸ ਤਰ੍ਹਾਂ ਅਜੇਹੇ ਤਸੀਹੇ ਵੀ ਪਾਤਸ਼ਾਹ ਨੇ ਆਪਣੇ ਸਰੀਰ `ਤੇ ਲੈ ਕੇ ‘ਸਿੱਖੀ’ ਦੇ ‘ਪੀਰੀ’ ਵਾਲੇ ਪੱਖ ਨੂੰ ਪ੍ਰਪੱਕ ਕੀਤਾ। ਛੇਵੇਂ ਜਾਮੇ ਸਮੇਂ ਗੁਰਮਤਿ ਵਿਰੋਧੀ (ਹਮਲਾਵਰ) ਲਈ ਜ਼ਾਲਮ ਹਕੂਮਤ ਨਾਲ ਚਾਰ ਜੰਗਾਂ ਲੜ ਤੇ ਜਿੱਤ ਕੇ, ਆਪਣੇ ਇਲਾਹੀ ਨਿਸ਼ਾਨੇ ਵੱਲ ਵਧਣ ਦੀ ਜਾਚ ਸਿਖਾਈ। ਇਸ ਤਰ੍ਹਾਂ ਪੰਥ ਨੂੰ ਸ਼ਸਤ੍ਰਧਾਰੀ (ਕ੍ਰਿਪਾਨ ਧਾਰੀ) ਵੀ ਬਣਾਇਆ ਤਾਕਿ ਪੀਰੀ ਦੀ ਹਿਫ਼ਾਜ਼ਤ ਲਈ ‘ਮੀਰੀ’ ਦੀ ਵੀ ਲੋੜ ਪਵੇ ਤਾਂ ਵੀ ਸਿੱਖ ਪਿਛੇ ਨਾ ਹਟੇ। ਧਿਆਨ ਰਹੇ! ਸਾਨੂੰ ਮੀਰੀ ਨਾਲ ਜੋੜਿਆ ਪਰ ਓਦੋਂ, ਜਦੋਂ ਪਹਿਲਾਂ ਪੰਜ ਜਾਮਿਆਂ ਤੀਕ ਸਾਡੇ ਅੰਦਰ ਪੀਰੀ ਨੂੰ ਦਰਿੜ ਕਰਵਾ ਲਿਆ। ਜਿਸਦੇ ਅਰਥ ਹਨ ਸਿੱਖ ਨੇ ਮੀਰੀ ਨੂੰ ਤਾਂ ਅਪਨਾਉਣਾ ਹੈ ਪਰ ‘ਪੀਰੀ’ ਦੀ ਨੀਂਹ ਉਪਰ।

You may also like these