ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਤੇ ਛਬੀਲ ਪਰੰਪਰਾ
ਸ਼ਹੀਦੀ ਵੇਲੇ ਸਤਿਗੁਰੂ ਜੀ ਨੂੰ ਮਿਲੇ ਤਸੀਹਿਆਂ ਤੇ ਚਲਾਣੇ ਦੀ ਸਾਰਿਆਂ ਨਾਲੋਂ ਤਸੱਲੀ ਬਖ਼ਸ਼ ਤੇ ਨੇੜੇ ਦੀ ਖ਼ਬਰ ਭਾਈ ਗੁਰਦਾਸ ਜੀ ਨੂੰ ਹੀ ਸੀ । ਉਨ੍ਹਾਂ ਨੇ 24ਵੀਂ ਵਾਰ ਦੀ 23ਵੀਂ ਪਉੜੀ ਵਿੱਚ ਲਿਖਿਆ ਹੈ ‘ਸ਼ਬਦ ਸੁਰਤ ਲਿਵ ਮਿਰਗ ਜਿਉਂ, ਭੀੜ ਪਈ ਚਿੱਤ ਅਵਰ ਨਾ ਆਣੀ” । ਭਾਵ, ਜਿਸ ਵੇਲੇ ਹਜ਼ੂਰ ਨੂੰ ਤਸੀਹਿਆਂ ਦੀ ਡਾਢੀ ਔਕੜ ਬਣੀ, ਉਸ ਵੇਲੇ ਵੀ ਉਨ੍ਹਾਂ ਨੇ ‘ਤੇਰਾ ਕੀਆ ਮੀਠਾ ਲਾਗੈ’ ਵਰਗੀ ਅਰਦਾਸ ਕਰਦਿਆਂ ਰੱਬੀ ਯਾਦ ਤੋਂ ਬਗੈਰ ਹੋਰ ਕੋਈ ਰੋਸ ਜਾਂ ਸ਼ਿਕਵਾ ਸ਼ਕਾਇਤ ਚਿੱਤ ਵਿੱਚ ਨਹੀਂ ਲਿਆਂਦਾ । ਸਗੋਂ ਉਨ੍ਹਾਂ ਦੀ ਸੁਰਤ ਸ਼ਬਦ ਵਿੱਚ ਇਉਂ ਹੀ ਲੀਨ ਰਹੀ, ਜਿਵੇਂ ਕੋਈ ਹਿਰਨ ਫਾਹੀ ਵਿਚ ਫਸ ਕੇ ਵੀ ਘੰਡਾ-ਹੇੜੇ ਦੇ ਨਾਦ ਉਪਰ ਮਸਤ ਰਹਿੰਦਾ ਹੈ ।