ਬ੍ਰਾਹਮਣੀ ਮੰਦਰਾਂ ਦੇ ਉਲਟ
ਬ੍ਰਾਹਮਣੀ ਪ੍ਰਭਾਵਾਂ ਅਧੀਨ ਭਾਰਤ ਮੰਦਰਾਂ ਦਾ ਦੇਸ਼ ਹੈ। ਇਨ੍ਹਾਂ ਮੰਦਰਾਂ ਵਿੱਚ ਇਕ ਕਰਤੇ ਨੂੰ ਭੁਲਾਕੇ ਅਨੇਕਾਂ ਦੇਵੀ-ਦੇਵਤੇ ਅਤੇ ਆਪ ਮਿੱਥੇ ਭਗਵਾਨਾਂ ਦੀਆਂ ਮੂਰਤੀਆਂ ਪੂਜੀਆਂ ਜਾਂਦੀਆਂ ਹਨ। ਮੰਦਰਾਂ ਵਿਚ ਹੋ ਰਹੀ ਬੇਅੰਤ ਇਸ਼ਟਾਂ-ਭਗਵਾਨਾਂ ਦੀ ਪੂਜਾ ਦੇ ਉਲਟ, ‘ਦਰਬਾਰ ਸਾਹਿਬ’ ਵਿਚ ਕੇਵਲ ਇੱਕ ਕਰਤੇ ਅਕਾਲਪੁਰਖ ਦੀ ਸਿਫ਼ਤ ਸਲਾਹ ਹੀ ਹੋ ਸਕਦੀ ਹੈ। ਇਥੇ ਕਿਸੇ ਮੂਰਤੀ ਦੀ ਸਥਾਪਨਾ, ਪੂਜਾ ਜਾਂ ਕਿਸੇ ਵਿਅਕਤੀ ਵਿਸ਼ੇਸ਼ ਦੀ ਉਸਤੱਤ ਵੀ ਸੰਭਵ ਨਹੀਂ। ਮੰਦਰਾਂ ਵਿਚ ਅਖੌਤੀ ਸ਼ੂਦਰਾਂ, ਮੁਸਲਮਾਨਾਂ ਆਦਿ ਨੂੰ ਪ੍ਰਵੇਸ਼ ਦਾ ਵੀ ਹੱਕ ਨਹੀਂ। ਇਸਦੇ ਉਲਟ ‘ਦਰਬਾਰ ਸਾਹਿਬ’ ਦੇ ਚਾਰ ਦਰਵਾਜੇ, ਅੱਠਾਂ ਦਿਸ਼ਾਂਵਾਂ ਨੂੰ ਖੋਲੇ ਗਏ ਹਨ। ਇਥੇ ਹਰਇੱਕ ਮਨੁੱਖ ਨੂੰ ਬਿਨਾਂ ਵਿੱਤਕਰਾ ਜ਼ਾਤ-ਧਰਮ-ਵਰਣ, ਇੱਸਤਰੀ-ਪੁਰਖ, ਰੰਗ-ਨਸਲ-ਦੇਸ਼ ਸਾਰਿਆਂ ਨੂੰ ਇਕੋ ਜਿਹਾ ਸੱਤਿਕਾਰ ਪ੍ਰਾਪਤ ਹੈ। ਸ਼ਾਇਦ ਇਸੇ ਸਚਾਈ ਨੂੰ ਦਬਾਉਣ ਵਾਸਤੇ ਵਿੱਚਲੇ ਸਮੇਂ ਵਿਚ ‘ਦਰਬਾਰ ਸਾਹਿਬ’ ਦੀ ਬਜਾਏ ਇਸਦੇ ਵਾਸਤੇ ‘ਹਰਿਮੰਦਰ ਸਾਹਿਬ’ ਨਾਮ ਪ੍ਰਚਲਤ ਕੀਤਾ ਗਿਆ ਤਾਕਿ ਸਿੱਖ ਧਰਮ ਦੇ ਇਸ ਕੇਂਦਰੀ ਸਥਾਨ ਨੂੰ ਸਿੱਖ ਵਿਚਾਰਧਾਰਾ ਦੇ ਉਲਟ, ਸੌਖੇ ਹੀ ਹਜ਼ਾਰਹਾਂ ਮੰਦਰਾਂ ਵਿਚ ਖ਼ਲਤ ਮਲਤ ਕੀਤਾ ਜਾ ਸਕੇ। ਅਜ ਸ਼ਾਇਦ ਬਹੁਤਾ ਇਹੀ ਕੁਝ ਹੋ ਰਿਹਾ ਹੈ। ਪੰਥਕ ਪੱਧਰ ਤੇ ਇਹ ਵਿਸ਼ਾ ਵਿਸ਼ੇਸ਼ ਬੜਾ ਧਿਆਨ ਮਂਗਦਾ ਹੈ।