Punjve’n Patshah Guru Arjan Sahib Ji – Part – 13 – 25-6-26

(ੳ) ਗੁਰਬਾਣੀ ਅਨੁਸਾਰ ‘ਗੁਰੂ’ ਕੌਣ ਹੈ ਤੇ ਉਸ ਗੁਰੂ ਦੇ ਅਰਥ ਤੇ ਉਸ ਦੀ ਇਲਾਹੀ ਸੀਮਾ ਕੀ ਹੈ? – ਅਕੱਟ ਸਚਾਈ ਹੈ ਕਿ ਗੁਰਬਾਣੀ ਅਨੁਸਾਰ ‘ਗੁਰੂ’, ਮਨੁੱਖਾ ਜੀਵਨ ਲਈ ਕੇਵਲ ਤੇ ਕੇਵਲ ਪ੍ਰਭੂ ਵੱਲੋਂ ਬਖ਼ਸ਼ਿਆ “ਆਤਮਕ ਗਿਆਨ ਤੇ ਜੀਵਨ ਦੀ ਸੋਝੀ ਹੈ”। ਅਜਿਹੀ ਮਾਨਸਿਕ ਸੋਝੀ ਜਿਸ ਦੀ ਪ੍ਰਾਪਤੀ ਬਿਨਾ, ਮਨੁੱਖਾ ਜਨਮ ਸਫ਼ਲ ਹੀ ਨਹੀਂ ਹੋ ਸਕਦਾ। ਜੀਵਨ ਸਫ਼ਲ ਕਰਣ ਦਾ ਮਤਲਬ ਹੈ ਜੀਉਂਦੇ ਜੀਅ ਮਨੁੱਖ ਰਾਹੀਂ ਆਪਣੇ ਅਸਲੇ ਪ੍ਰਭੂ `ਚ ਅਭੇਦ ਹੋ ਜਾਣਾ, ਪ੍ਰਭੂ `ਚ ਸਮਾ ਜਾਣਾ, ਪ੍ਰਭੂ ਨਾਲ ਇੱਕ ਮਿਕ ਹੋ ਜਾਣਾ। ਗੁਰਬਾਣੀ `ਚ ਜੀਵਨ ਦੀ ਇਸੇ ਸਫ਼ਲਤਾ ਤੇ ਸਰਬਉੱਤਮ ਅਵਸਥਾ ਲਈ ਹੀ ਜੀਵਨਮੁੱਕਤ, ਸਚਿਆਰਾ, ਵਡਭਾਗੀ, ਗੁਰਮੁਖ ਆਦਿ ਸ਼ਬਦਾਵਲੀ ਵੀ ਆਈ ਹੈ।

ਕਿਉਂਕਿ ਗੁਰਬਾਣੀ ਅਨੁਸਾਰ ਜੀਵ ਅਕਾਲਪੁਰਖ ਦਾ ਹੀ ਅੰਸ਼ ਹੈ। ਇਸ ਲਈ, ਮਨੁੱਖ ਰਾਹੀਂ ਜੀਵਨ ਦੀ ਹਉਮੈ ਰਹਿਤ ਅਵਸਥਾ ਨੂੰ ਪ੍ਰਾਪਤ ਕਰਕੇ, ਮੁੜ ਉਸੇ ਪ੍ਰਭੂ `ਚ ਸਮਾ ਜਾਣਾ ਹੁੰਦਾ ਹੈ। ਪ੍ਰਭੂ `ਚ ਅਭੇਦ ਹੋ ਜਾਣਾ ਅਥਵਾ ਉਸ ਨਾਲ ਇੱਕ ਮਿੱਕ ਹੋ ਜਾਣਾ ਹੁੰਦਾ ਹੈ। ਇਸ ਤਰ੍ਹਾਂ ਮਨੁੱਖ ਜਦੋਂ ਜੀਉਂਦੇ ਜੀਅ ਆਪਣੇ ਅਸਲੇ ਪ੍ਰਭੂ `ਚ ਸਮਾ ਜਾਂਦਾ ਹੈ ਤਾਂ ਇਹੀ ਹੈ ਮਨੁੱਖਾ ਜੀਵਨ ਦੀ ਉਚਤੱਮ ਤੇ ਸਫ਼ਲ ਅਵਸਥਾ। ਇਸੇ ਅਵਸਥਾ ਦੀ ਪ੍ਰਾਪਤੀ ਲਈ ਹੀ ਪ੍ਰਭੂ ਵੱਲੋਂ ਜੀਵ ਨੂੰ ਮਨੁੱਖਾ ਜਨਮ ਮਿਲਦਾ ਹੈ। ਉਪ੍ਰੰਤ ਗੁਰਬਾਣੀ ਅਨੁਸਾਰ ਅਜਿਹਾ ਸਫ਼ਲ ਜੀਵਨ ਮਨੁੱਖ, ਫ਼ਿਰ ਤੋਂ ਜਨਮ ਮਰਣ ਦੇ ਗੇੜ੍ਹ `ਚ ਨਹੀਂ ਆਉਂਦਾ। ਦਰਅਸਲ ਸੰਪੂਰਣ ਗੁਰਬਾਣੀ ਰਚਨਾ `ਚ, ਮਨੁੱਖ ਰਾਹੀ ਇਸੇ ਉੱਤਮ ਅਵਸਥਾ ਨੂੰ ਪ੍ਰਾਪਤ ਕਰਣ ਲਈ ਜ਼ੋਰ ਦਿੱਤਾ ਗਿਆ ਹੈ।

ਇਤਨਾ ਹੀ ਨਹੀਂ, ਗੁਰਬਾਣੀ `ਚ ਇਸ ਦਾ ਦੂਜਾ ਪੱਖ ਵੀ ਬੜਾ ਸਪਸ਼ਟ ਕੀਤਾ ਗਿਆ ਹੈ। ਉਹ ਪੱਖ ਜਦੋਂ ਮਨੁੱਖ ਗੁਰੂ-ਗੁਰਬਾਣੀ ਦੀ ਆਗਿਆ `ਚ ਨਾ ਚਲ ਕੇ ਆਪਣੇ ਜੀਵਨ ਦੀ ਸੰਭਾਲ ਨਹੀਂ ਕਰਦਾ ਤੇ ਪ੍ਰਾਪਤ ਮਨੁੱਖਾ ਜਨਮ ਨੂੰ ਵੀ ਬਿਰਥਾ ਕਰ ਲੈਂਦਾ ਹੈ। ਇਸ ਦੇ ਨਾਲ, ਗੁਰਬਾਣੀ `ਚ ਇਹ ਵੀ ਚੰਗੀ ਤਰ੍ਹਾਂ ਸਪਸ਼ਟ ਕੀਤਾ ਗਿਆ ਹੈ ਕਿ ਮਨੁੱਖਾ ਜਨਮ ਦੇ ਅਸਫ਼ਲ ਤੇ ਬਿਰਥਾ ਹੋਣ ਦੇ ਕੀ-ਕੀ ਕਾਰਨ ਹਨ। ਅਜਿਹੇ ਘਾਟੇ ਜਿਨ੍ਹਾਂ ਤੋਂ ਜੀਵਨ `ਚ ਬਚਿਆ ਵੀ ਜਾ ਸਕਦਾ ਹੈ; ਤਾ ਕਿ ਮਨੁੱਖ ਸੁਚੇਤ ਹੋ ਕੇ ਚੱਲੇ ਤੇ ਜੀਵਨ ਨੂੰ ਅਜ਼ਾਈਂ ਨਾ ਗੁਆਵੇ।

You may also like these