ਦਰਅਸਲ ਗੁਰਬਾਣੀ ਅਨੁਸਾਰ ਪ੍ਰਭੂ ਮਿਲਾਪ ਲਈ ਜੀਵ ਲਈ, ਕੇਵਲ ਇਹ ਮਨੁੱਖਾ ਜੂਨ ਹੀ ਇਕੋ ਇੱਕ ਅਵਸਰ ਹੁੰਦਾ ਹੈ। ਦਰਅਸਲ ਜੀਵਨ ਦੀ ਇਸੇ ਪ੍ਰਾਪਤੀ ਲਈ ਅਕਾਲਪੁਰਖ ਜੀਵ ਨੂੰ ਬੇਅੰਤ ਜੂਨਾਂ ਚੋਂ ਕਢ ਕੇ, ਪ੍ਰਭੂ ਸਾਨੂੰ ਮਨੁੱਖਾ ਜੂਨ ਵਾਲਾ ਅਵਸਰ ਤੇ ਮੌਕਾ ਬਖ਼ਸ਼ਦਾ ਹੈ। ਉਹੀ ਮਨੁੱਖਾ ਜੂਨ ਜਿਸ ਨੂੰ ਜਨਮ-ਮਰਣ ਦੇ ਗੇੜ੍ਹ `ਚ ਫ਼ਸੇ ਹੋਏ, ਅਸੀਂ ਅੱਜ ਵੀ ਭੁਗਤਾਅ ਰਹੇ ਹਾਂ। ਲੋੜ ਹੈ ਤਾਂ ਇਸ ਗੱਲ ਦੀ ਹੈ ਕਿ ਹਉਮੈ ਰਹਿਤ ਹੋ ਕੇ ਅਤੇ ਗੁਰੂ-ਗੁਰਬਾਣੀ ਦੀ ਆਗਿਆ `ਚ ਜੀਵਨ ਦੀ ਕਮਾਈ ਕੀਤੀ ਜਾਵੇ। ਇਸ ਤਰ੍ਹਾਂ ਅਕਾਲਪੁਰਖ ਦੀ ਬਖ਼ਸ਼ਿਸ਼ ਦੇ ਪਾਤ੍ਰ ਬਣ ਕੇ ਪ੍ਰਾਪਤ ਜਨਮ ਦੀ ਸੰਭਾਲ ਕੀਤੀ ਜਾਵੇ। ਜਿਸ ਤੋਂ ਮੁੜ ਜਨਮਾਂ ਦੇ ਗੇੜ੍ਹ `ਚ ਨਾ ਆਉਣਾ ਪਵੇ।
ਉਪ੍ਰੰਤ ਇਸ ਪੱਖੋਂ ਗੁਰਬਾਣੀ ਦਾ ਇਹ ਨਿਰਣਾ ਵੀ ਹੈ ਕਿ ਬੇਸ਼ੱਕ ਮਨੁੱਖਾ ਜੂਨ ਵਾਲਾ ਅਵਸਰ ਤੇ ਬਰੀਆ ਹਰੇਕ ਮਨੁੱਖ ਲਈ ਹੁੰਦੀ ਹੈ, ਤਾ ਕਿ ਹਰੇਕ ਇਨਸਾਨ ਜੀਵਨ ਦੀ ਕਮਾਈ ਕਰੇ ਤੇ ਮੁੜ ਜਨਮ-ਮਰਣ `ਚ ਨਾ ਆਵੇ। ਇਸ ਦੇ ਬਾਵਜੂਦ ਵਿਰਲੇ ਹੀ ਹੁੰਦੇ ਹਨ ਜੋ ਇਸ ਜਨਮ ਦਾ ਲਾਭ ਲੈ ਕੇ, ਇਲਾਹੀ ਆਤਮਕ ਗਿਆਨ ਤੇ ਪ੍ਰਭੂ ਬਖ਼ਸ਼ਿਸ਼ ਦੇ ਪਾਤ੍ਰ ਬਣਦੇ ਹਨ। ਇਸ ਤਰ੍ਹਾਂ ਆਪਣੇ ਜਨਮ ਨੂੰ ਸਫ਼ਲ ਕਰ ਲੈਂਦੇ ਹਨ। ਜਦਕਿ, ਦੂਜੇ ਪਾਸੇ, ਪੂਰਾਂ ਦੇ ਪੂਰ ਤਾਂ ਇਸ ਜਨਮ ਨੂੰ ਵੀ ਅਸਫ਼ਲ ਤੇ ਬਿਰਥਾ ਕਰਕੇ ਜਾਂਦੇ ਹਨ। ਇਸੇ ਤੋਂ ਉਨ੍ਹਾਂ ਨੂੰ ਪ੍ਰਭੂ ਦੇ ਸੱਚੇ ਨਿਆਂ `ਚ ਮੁੜ ਜਨਮਾਂ-ਜੂਨਾਂ ਦੇ ਗੇੜ੍ਹ `ਚ ਪਾ ਦਿੱਤਾ ਜਾਂਦਾ ਹੈ।
ਇਹ ਵੱਖਰੀ ਗੱਲ ਹੈ ਕਿ ਬਿਰਥਾ ਤੇ ਅਸਫ਼ਲ ਜੀਵਨ ਤੋਂ ਬਾਅਦ, ਜੀਵ ਨੂੰ ਪ੍ਰਭੂ ਵੱਲੋਂ ਚਾਹੇ ਫ਼ਿਰ ਤੋਂ ਮਨੁੱਖਾ ਜੂਨ ਮਿਲੇ, ਜਾਂ ਕੋਈ ਹੋਰ। ਦਰਅਸਲ, ਮਨੁੱਖ ਨੂੰ ਪ੍ਰਭੂ ਦੇ ਸੱਚੇ ਨਿਆਂ `ਚ ਹੀ ਮੌਤ ਤੋਂ ਬਾਅਦ, ਆਪਣੇ ਮਨੁਖਾ ਜਨਮ ਸਮੇਂ ਹਉਮੈ ਅਧੀਨ ਕੀਤੇ ਚੰਗੇ ਤੇ ਮਾੜੇ ਕਰਮਾ-ਸੰਸਕਾਰਾਂ ਅਨੁਸਾਰ ਹੀ ਦੁਖ-ਸੁਖ ਤੇ ਜੂਨਾਂ ਭੋਗਣੀਆਂ ਪੈਂਦੀਆਂ ਹਨ। ਜੀਵ ਨੂੰ ਫ਼ਿਰ ਤੋਂ ਜਨਮਾਂ-ਜਨਮਾਂਤਰਾਂ ਤੱਕ ਜਨਮ-ਮਰਣ ਦੇ ਗੇੜ੍ਹ `ਚ ਪੈਂਦਾ ਹੈ। ਉਦੋਂ ਤੱਕ ਫ਼ਸਣਾ ਪੈਂਦਾ ਹੈ, ਜਦੋਂ ਤੱਕ ਪ੍ਰਭੂ ਦੀ ਨਦਰ-ਕਰਮ `ਚ ਜੀਵ ਨੂੰ ਫ਼ਿਰ ਤੋਂ ਆਪਣੀ ਸਫ਼ਲਤਾ ਲਈ ਮਨੁੱਖਾ ਜਨਮ ਵਾਲਾ ਦੁਰਲਭ ਅਵਸਰ ਹੀ ਨਾ ਮਿਲੇ ਤੇ ਉਸ ਨੂੰ ਵੀ ਜੇ ਕਰ ਸਫ਼ਲ ਕਰ ਲਵੇ ਤਾਂ। ਇਸ ਲਈ ਵੀ ਗੁਰਦੇਵ ਸਪਸ਼ਟ ਕਰ ਰਹੇ ਹਨ ਅਤੇ ਗੁਰਬਾਣੀ ਫ਼ੁਰਮਾਨ ਹੈ “ਅਨੇਕ ਜੂਨੀ ਭਰਮਿ ਆਵੈ ਵਿਣੁ ਸਤਿਗੁਰ ਮੁਕਤਿ ਨ ਪਾਏ॥ ਫਿਰਿ ਮੁਕਤਿ ਪਾਏ ਲਾਗਿ ਚਰਣੀ ਸਤਿਗੁਰੂ ਸਬਦੁ ਸੁਣਾਏ॥ ਕਹੈ ਨਾਨਕੁ ਵੀਚਾਰਿ ਦੇਖਹੁ ਵਿਣੁ ਸਤਿਗੁਰ ਮੁਕਤਿ ਨ ਪਾਏ” (ਪੰ: ੯੨੦)