ਸਪਸ਼ਟ ਹੈ ਕਿ ਗੁਰਬਾਣੀ ਅਨੁਸਾਰ ਆਦਿ-ਜੁਗਾਦੀ, ਇਲਾਹੀ, ਰੱਬੀ ਆਤਮਕ ਗਿਆਨ ਨੂੰ ਹੀ ਗੁਰੂ ਕਿਹਾ ਹੈ। ਮਨੁੱਖਾ ਜੀਵਨ ਲਈ ਪ੍ਰਭੂ ਦੀ ਬਖ਼ਸ਼ਿਸ਼ ਨਾਲ ਭਰਪੂਰ ਅਜਿਹੀ ਆਤਮਕ ਤੇ ਗੁਰਬਾਣੀ ਗੁਰੂ ਵਾਲੀ ਉੱਚਤਾ ਹੀ ਹੁੰਦੀ ਹੈ ਜੋ ਮਨੁਖ ਦੇ ਜੀਵਨ `ਚੋਂ ਹਉਮੈ, ਵਿਕਾਰਾਂ, ਅਉਗੁਣਾ, ਮੋਹ-ਮਾਇਆ, ਆਸ਼ਾ-ਮਨਸ਼ਾ, ਤ੍ਰਿਸ਼ਨਾ, ਭਟਕਣਾ ਆਦਿ ਨੂੰ ਖਤਮ ਕਰਕੇ ਜੀਵਨ ਅੰਦਰ ਟਿਕਾਅ ਲੈ ਆਉਂਦੀ ਹੈ। ਇਸ ਤਰ੍ਹਾਂ ਅਜਿਹਾ ਆਤਮਿਕ ਜੀਵਨ ਦਾ ਦਾਤਾ-ਗੁਰੂ ਹੀ ਕੇਵਲ ਜੀਵ ਨੂੰ ਉਸ ਦੇ ਅਸਲੇ ਪ੍ਰਭੂ ਨਾਲ ਮਿਲਾਉਣ ਦੇ ਸਮ੍ਰਥ ਹੁੰਦਾ ਹੈ। ਮਨੁੱਖ ਦੇ ਜੀਵਨ ਨੂੰ ਸਫ਼ਲ ਕਰਦਾ ਹੈ ਤੇ ਪ੍ਰਭੂ ਮਿਲਾਵਾ ਹੁੰਦਾ ਹੈ। ਇਸ ਤਰ੍ਹਾਂ ਇਲਾਹੀ ਆਤਮਕ ਗੁਰੂ ਗਿਆਨ `ਚ ਵਿਚਰ ਰਹੇ ਸਫ਼ਲ ਜੀਵਨ ਮਨੁੱਖ ਨੂੰ ਹੀ ਗੁਰਬਾਣੀ `ਚ ਸਚਿਆਰਾ, ਵਡਭਾਗੀ, ਜੀਵਨ ਮੁੱਕਤ, ਸਫ਼ਲ ਜੀਵਨ, ਗੁਰਮੁਖ ਆਦਿ ਹੋਰ ਵੀ ਕਈ ਲਫ਼ਜ਼ਾਂ ਨਾਲ ਬਿਆਣਿਆ ਹੈ।
ਇਸੇ ਇਲਾਹੀ ਗਿਆਨ ਨੂੰ ਗੁਰਬਾਣੀ `ਚ ਕੇਵਲ ਗੁਰੂ ਹੀ ਨਹੀਂ ਬਲਕਿ, ਸ਼ਬਦ ਗੁਰੂ, ਵਿਵੇਕ ਬੁਧ, ਸਤਿਗੁਰੂ ਆਦਿ ਸ਼ਬਦਾਲੀ ਨਾਲ ਵੀ ਪ੍ਰਗਟ ਕੀਤਾ ਹੈ। ਇਸ ਵਿਸ਼ੇਸ਼ ਗੁਰੂ ਪਦ ਵਾਲੇ ਸੱਚ ਨੂੰ ਸਮਝਣ ਲਈ ਆਪਣੇ ਮਨਾਂ ਵਿਚੋਂ ਪੁਰਾਤਨ ਸਮੇਂ ਤੋਂ ਚਲਦੇ ਆ ਰਹੇ ਗੁਰੂ ਵਾਲੇ ਸਾਰੇ ਅਰਥ ਤੇ ਪ੍ਰਭਾਵ ਮੂਲੋਂ ਹੀ ਕਢਣੇ ਜ਼ਰੂਰੀ ਹਨ, ਨਹੀਂ ਤਾਂ ਗੁਰਬਾਣੀ ਰਾਹੀ ਸਿੱਖ ਦੇ ਜੀਵਨ ਦੀ ਸਫ਼ਲ ਕਰਣ ਵਾਲੇ ਗੁਰੂ ਵਿਸ਼ੇਸ਼ ਦੀ ਕਦੇ ਵੀ ਸਮਝ ਨਹੀਂ ਆ ਸਕੇਗੀ।
ਗੁਰਬਾਣੀ ਵਿਚਲੇ ਗੁਰੂ ਪਦ ਦੀ ਇਲਾਹੀ ਸੀਮਾ– ਅਕਾਲਪੁਰਖ ਦੇ ਬੇਅੰਤ ਤੇ ਅਣਗਿਣਤ ਗੁਣ ਹਨ ਜੋ ਗਿਣੇ ਤੇ ਬਿਆਣੇ ਨਹੀਂ ਜਾ ਸਕਦੇ। ਫ਼ਿਰ ਵੀ ਗੁਰਬਾਣੀ ਅਨੁਸਾਰ ਉਹ ‘ਗੁਰੂ’, ਜਿਸ ਗੁਰੂ ਦੀ ਆਗਿਆ `ਚ ਵਿਚਰ ਕੇ ਮਨੁੱਖ ਨੇ ਆਪਣੇ ਜੀਵਨ ਨੂੰ ਸਫ਼ਲ ਕਰਣਾ ਹੈ; ਉੇਹ ‘ਗੁਰੂ’ ਗੁਣ ਅਕਾਲਪੁਰਖ ਦਾ ਆਪਣਾ, ਵਿਸ਼ੇਸ਼ ਤੇ ਨਿਵੇਕਲਾ ਗੁਣ ਹੈ। ਦੂਜੇ ਲਫ਼ਜ਼ਾਂ `ਚ, ਗੁਰਬਾਣੀ ਅਨੁਸਾਰ ਸਿੱਖ ਲਈ ਪ੍ਰਗਟ, ਅਕਾਲਪੁਰਖ ਦੇ ਮਿਲਾਵੇ ਗੁਰੂ ਵਾਲਾ ਪ੍ਰਭੂ ਦਾ ਗੁਣ, ਬਾਕੀ ਅਨੰਤ ਗੁਣਾਂ ਦੀ ਤਰ੍ਹਾਂ ਪ੍ਰਭੂ ਦਾ ਕੇਵਲ ਵਿਸ਼ੇਸ਼ਣ ਮਾਤ੍ਰ ਹੀ ਨਹੀਂ ਬਲਕਿ ਅਕਾਲਪੁਰਖ ਆਪ ਹੀ ਹੈ। ਇਸੇ ਲਈ ਗੁਰਬਾਣੀ `ਚ ਅਨੇਕਾਂ ਥਾਵੇਂ ਅਕਾਲਪੁਰਖ ਤੇ ਗੁਰੂ ਨੂੰ ਇਕੋ ਹੀ ਦੱਸਿਆ ਤੇ ਬਿਆਣਿਆ ਹੈ। ਬਲਕਿ ਗੁਰਬਾਣੀ `ਚ ਇਹ ਸ਼ਬਦ ਗੁਰੂ, ‘ਸਤਿਗੁਰੂ’, ਸ਼ਬਦ ਗੁਰੂ, ‘ਸਤਿਪੁਰਖੁ’, ‘ਗੁਰਦੇਵ’ ਆਦਿ ਅਕਾਲਪੁਰਖ ਤੇ ਉਸ ਗੁਰੂ ਲਈ ਸਮਅਰਥੀ ਵੀ ਆਏ ਹਨ।