(੩) ਤੀਜਾ, ਗੁਰਬਾਣੀ `ਚ ਹੀ ਇਸ ਗੁਰੂ ਪਦ ਨੂੰ ਜਿਵੇਂ ਅਕਾਲਪੁਰਖ ਲਈ ਵੀ ਵਰਤਿਆ ਹੈ; ਉਸੇ ਤਰ੍ਹਾਂ ਉਸੇ ਗੁਰੂ ਪਦ ਨਾਲ, ਉਹਨਾਂ ਬੇਅੰਤ ਗੁਣਾਂ ਦਾ ਵੀ ਵਰਨਣ ਕੀਤਾ ਹੈ ਜੋ ਅਕਾਲਪੁਰਖ ਦੇ ਬਿਆਨੇ ਹਨ। ਭਾਵ ਗੁਰਬਾਣੀ `ਚ ਜਿਹੜੇ ਅਨੰਤ ਗੁਣ ਅਕਾਲਪੁਰਖ ਦੇ ਦੱਸੇ ਹਨ, ਉਹੀ ਬੇਅੰਤ ਗੁਣ, ਗੁਰੂ ਪਦ ਅਥਵਾ ਸਤਿਗੁਰੂ, ਸ਼ਬਦ ਗੁਰੂ ਵਾਲੀ ਸ਼ਬਦਾਵਲੀ ਵਰਤ ਕੇ ਵੀ ਬਿਆਨੇ ਹਨ। ਹਾਲਾਂਕਿ ਇਸ ਵਿਸ਼ੇ `ਤੇ ਇਸ ਗੁਰਮਤਿ ਪਾਠ ਦੇ ਪਹਿਲੇ ਭਾਗ `ਚ ਹੀ ਇੱਕ ਸ਼ਬਦ ਜਿਹੜਾ ਸ੍ਰੀਰਾਗ, ਪੰਨਾਂ ੯੦, ਮ: ੫ ਤੋਂ ਹੈ, ਅਸੀਂ ਦੇ ਵੀ ਚੁੱਕੇ ਹਾਂ। ਫ਼ਿਰ ਵੀ ਉਸੇ ਲੜੀ `ਚ ਇਥੇ ਅਸੀਂ ਇੱਕ ਹੋਰ ਸ਼ਬਦ ਵੀ ਲੈਣਾ ਚਾਹਾਂਗੇ। ਉਹ ਸ਼ਬਦ ਹੈ:-
“ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸੁਰਾ॥ ਗੁਰਦੇਵ ਸਖਾ ਅਗਿਆਨ ਭੰਜਨੁ ਗੁਰਦੇਵ ਬੰਧਪਿ ਸਹੋਦਰਾ॥ ਗੁਰਦੇਵ ਦਾਤਾ ਹਰਿ ਨਾਮੁ ਉਪਦੇਸੈ ਗੁਰਦੇਵ ਮੰਤੁ ਨਿਰੋਧਰਾ॥ ਗੁਰਦੇਵ ਸਾਂਤਿ ਸਤਿ ਬੁਧਿ ਮੂਰਤਿ ਗੁਰਦੇਵ ਪਾਰਸ ਪਰਸ ਪਰਾ॥ ਗੁਰਦੇਵ ਤੀਰਥੁ ਅੰਮ੍ਰਿਤਸਰੋਵਰੁ ਗੁਰ ਗਿਆਨ ਮਜਨੁ ਅਪਰੰਪਰਾ॥ ਗੁਰਦੇਵ ਕਰਤਾ ਸਭਿ ਪਾਪ ਹਰਤਾ ਗੁਰਦੇਵ ਪਤਿਤ ਪਵਿਤ ਕਰਾ॥ ਗੁਰਦੇਵ ਆਦਿ ਜੁਗਾਦਿ ਜੁਗੁ ਜੁਗੁ ਗੁਰਦੇਵ ਮੰਤੁ ਹਰਿ ਜਪਿ ਉਧਰਾ॥ ਗੁਰਦੇਵ ਸੰਗਤਿ ਪ੍ਰਭ ਮੇਲਿ ਕਰਿ ਕਿਰਪਾ ਹਮ ਮੂੜ ਪਾਪੀ ਜਿਤੁ ਲਗਿ ਤਰਾ॥ ਗੁਰਦੇਵ ਸਤਿਗੁਰੁ ਪਾਰਬ੍ਰਹਮੁ ਪਰਮੇਸਰੁ ਗੁਰਦੇਵ ਨਾਨਕ ਹਰਿ ਨਮਸਕਰਾ” (ਪੰ: ੨੬੨)
ਇਸ ਤਰ੍ਹਾਂ ਗੁਰਬਾਣੀ `ਚ ਕੇਵਲ ਕੁੱਝ ਹੀ ਨਹੀਂ, ਬਹੁਤੇਰੇ ਸ਼ਬਦ ਅਜਿਹੇ ਹਨ ਜਦੋਂ ਗੁਰਬਾਣੀ ਰਾਹੀਂ ਸਿੱਖ ਤੇ ਗੁਰੂ ਦੇ ਰਿਸ਼ਤੇ `ਚ ਵਰਤੇ ਗਏ ਗੁਰੂ, ਸਤਿਗੁਰੂ, ਸ਼ਬਦ ਗੁਰੂ ਆਦਿ ਪਦਾਂ ਨੂੰ ਹੀ, ਅਕਾਲਪੁਰਖ ਦੇ ਅਨੰਤ ਤੇ ਅਸੀਮਤ ਗੁਣਾਂ ਲਈ ਵੀ ਵਰਤਿਆ ਹੈ। ਹੱਥਲੇ ਸ਼ਬਦ `ਚ ਲਫ਼ਜ਼ ‘ਗੁਰਦੇਵ’ ਇਸੇ ਪ੍ਰਕਰਣ `ਚ ਹੈ।