Punjve’n Patshah Guru Arjan Sahib Ji – Part – 22 – 6-7-26

ਇਸ ਤੋਂ ਬਾਅਦ ਹੁਣ ਅਸੀਂ ਪਾਹਿਲੇ ਭਾਗ `ਚ ਦਿੱਤੇ (ਅ) ਤੇ (ੲ) ਭਾਗ ਦੀ ਵਿਚਾਰ ਕਰਾਂਗੇ। ਜਿਵੇਂ ਕਿ ਪਹਿਲੇ ਭਾਗ `ਚ ਬੇਨਤੀ ਕੀਤੀ ਜਾ ਚੁੱਕੀ ਹੈ, ਇਸ ਤੋਂ ਬਾਅਦ ਅਸੀਂ ਗੁਰਬਾਣੀ ਸ਼ਬਦਾਵਲੀ `ਚੋਂ ਹੀ ‘ਜੋਤ’ ਤੇ ‘ਕਲਾ’ ਆਦਿ ਬਾਰੇ ਵੀ ਕੁੱਝ ਵਿਚਾਰ ਕਰਾਂਗੇ ਤਾ ਕਿ (੧) ਗੁਰੁ ਅਰਜੁਨ ਪਰਤਖ੍ਯ੍ਯ ਹਰਿ” (ਪੰ: ੧੪੦੭) (੨) ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ” (ਪੰ: ੧੪੦੯) (੩) “ਆਪਿ ਨਰਾਇਣੁ ਕਲਾ ਧਾਰਿ, ਜਗ ਮਹਿ ਪਰਵਰਿਯਉ॥ ਨਿਰੰਕਾਰਿ ਆਕਾਰੁ, ਜੋਤਿ ਜਗ ਮੰਡਲਿ ਕਰਿਯਉ” (ਪੰ: ੧੩੯੫) ਵਿਚਾਰ ਅਧੀਨ ਪੰਕਤੀਆਂ ਬਾਰੇ ਵੀ ਸਾਡੇ ਭਰਮ-ਭੁਲੇਖੇ ਤੇ ਕਿੰਤੂ-ਪ੍ਰੰਤੂ ਮੁੱਕ ਜਾਣ। ਉਪ੍ਰੰਤ ਲੋੜ ਹੈ ਕਿ ਵਿਸ਼ੇ ਦੀ ਤਹਿ ਤੱਕ ਪੁੱਜ ਸਕੀਏ। ਇਸ ਲਈ ਉਸ ਲੜੀ ਦੇ ਦੂਜੇ ਕਾਲਮ (ਅ) ਬਾਰੇ ਕੁੱਝ ਵਿਚਾਰ:-

(ਅ) ਗੁਰਬਾਣੀ ਆਧਾਰਤ ‘ਗੁਰੂ’ ਤੇ ਮਨੁੱਖਾ ਸਰੀਰ ਦਾ ਆਪਸੀ ਸਬੰਧ ਕੀ ਹੈ? – ਇਸ ਤਰ੍ਹਾਂ ਗੁਰਬਾਣੀ `ਚ ਗੁਰਸਿੱਖ ਦੇ ਜੀਵਨ ਨਾਲ ਸਬੰਧਤ ਵਰਤੇ ਗਏ ‘ਗੁਰੂ’ ਪਦ ਬਾਰੇ ਵਿਚਾਰ ਕਰਦੇ ਸਮੇਂ ਇਸ ਦੇ (ੳ) ਕਾਲਮ `ਚ ਦੇਖ ਚੁੱਕੇ ਹਾਂ ਕਿ “ਗੁਰਬਾਣੀ `ਚ ‘ਗੁਰੂ’ ਸ਼ਬਦ ਮੁਖ ਤੌਰ `ਤੇ ਮਨੁੱਖਾ ਜਨਮ `ਚ ਲੋੜੀਂਦੇ ਉਸ ਆਤਮਕ ਗਿਆਨ ਤੇ ਵਿਵੇਕ ਬੁਧ ਲਈ ਵੀ ਆਇਆ ਹੈ ਜਿਸ ਦਾ ਸਿੱਧਾ ਸਬੰਧ ਹੀ ਮਨੁੱਖਾ ਜਨਮ ਨਾਲ ਹੈ ਤੇ ਜਿਸ ਤੋਂ ਬਿਨਾ ਮਨੁੱਖਾ ਜਨਮ ਸਫ਼ਲ ਨਹੀਂ ਹੋ ਸਕਦਾ। ਉਹ ‘ਗੁਰੂ’ ਮਨੁੱਖ ਅੰਦਰੋਂ ਹਉਮੈ ਵਿਕਾਰਾਂ ਆਦਿ ਨੂੰ ਖ਼ਤਮ ਕਰਕੇ, ਜਗਿਆਸੂ ਨੂੰ ਸਿੱਧਾ ਉਸ ਦੇ ਅਸਲੇ ਕਰਤੇ ਅਕਾਲਪੁਰਖ ਦੀ ਬਖ਼ਸ਼ਿਸ਼ ਦਾ ਪਾਤ੍ਰ ਬਨਾਉਣ ਦੇ ਨਾਲ ਨਾਲ ਜਗਿਆਸੂ ਨੂੰ ਜੀਉਂਦੇ ਜੀਅ ਅਕਾਲਪੁਰਖ `ਚ ਅਭੇਦ ਵੀ ਕਰਦਾ ਹੈ। ਉਸ ਨੂੰ ਵਿਚੋਲਿਆਂ ਤੇ ਸ਼ਖ਼ਸੀ ਪੂਜਾ ਤੋਂ ਵੀ ਬਚਾਉਂਦਾ ਹੈ।”

ਇਸ ਤਰ੍ਹਾਂ ਗੁਰਬਾਣੀ ਵਿਚਲਾ ਸਿੱਖੀ ਜੀਵਨ ਨਾਲ ਸਬੰਧਤ ਕੀਤਾ ਗਿਆ ‘ਗੁਰੂ’ ਪਦ, ਅਕਾਲਪੁਰਖ ਦਾ ਹੀ ਅਜਿਹਾ ਗੁਣ ਵੀ ਹੈ ਜਿਸ ਦਾ ਕਿ ਸਿੱਧਾ ਸਬੰਧ ਹੈ ਹੀ ਮਨੁੱਖਾ ਜਨਮ ਨਾਲ। ਦਰਅਸਲ, ਸਾਧਸੰਗਤ `ਚ ਆ ਕੇ ਤੇ ਗੁਰਬਾਣੀ-ਗੁਰੂ ਦੇ ਆਦੇਸ਼ਾਂ `ਤੇ ਚੱਲ ਕੇ ਹੀ ਮਨੁੱਖ ਆਪਣੇ ਜੀਵਨ ਨੂੰ ਸਫ਼ਲ ਕਰ ਸਕਦਾ ਹੈ ਉਂਝ ਨਹੀਂ। ਫ਼ੁਰਮਾਨ ਹਨ “ਸਫਲ ਮੂਰਤੁ ਸਫਲਾ ਘੜੀ, ਜਿਤੁ ਸਚੇ ਨਾਲਿ ਪਿਆਰੁ॥ ਦੂਖੁ ਸੰਤਾਪੁ ਨ ਲਗਈ, ਜਿਸੁ ਹਰਿ ਕਾ ਨਾਮੁ ਅਧਾਰੁ॥ ਬਾਹ ਪਕੜਿ ਗੁਰਿ ਕਾਢਿਆ, ਸੋਈ ਉਤਰਿਆ ਪਾਰਿ” (ਪੰ: ੪੪) ਜਾਂ “ਸਫਲੁ ਜਨਮੁ ਜਿਨਾ ਸਤਿਗੁਰੁ ਪਾਇਆ॥ ਦੂਜਾ ਭਾਉ ਗੁਰ ਸਬਦਿ ਜਲਾਇਆ॥ ਏਕੋ ਰਵਿ ਰਹਿਆ ਘਟ ਅੰਤਰਿ, ਮਿਲਿ ਸਤਸੰਗਤਿ ਹਰਿ ਗੁਣ ਗਾਵਣਿਆ” (ਪੰ: ੧੨੯)

ਇਸ ਤਰ੍ਹਾਂ ਮਨੁੱਖਾ ਜੂਨ `ਚ ਜੀਵਨ ਦੀ ਇਹੀ ਸਫ਼ਲਤਾ, ਜਿਹੜੀ ਕਿ ਮਨੁੱਖਾ ਜੀਵਨ ਅੰਦਰ ਗੁਰੂ ਦਾ ਪ੍ਰਗਾਸ ਹੋਣ ਤੋਂ ਹੀ ਪ੍ਰਗਟ ਹੁੰਦੀ ਹੈ। ਮਨੁਖਾ ਜਨਮ ਦੀ ਸਫ਼ਲਤਾ ਦੀ ਅਜਿਹੀ ਸਰਬ-ਉੱਚ ਅਵਸਥਾ ਜਿਸ ਨੂੰ ਸਾਬਤ ਕਰਣ ਲਈ ਵੀ ਬੇਅੰਤ ਗੁਰਬਾਣੀ ਫ਼ੁਰਮਾਨ ਹਨ। ਮਿਸਾਲ ਵੱਜੋਂ ਇਥੇ “ਜਿਉ ਜਲ ਮਹਿ ਜਲੁ ਆਇ ਖਟਾਨਾ॥ ਤਿਉ ਜੋਤੀ ਸੰਗਿ ਜੋਤਿ ਸਮਾਨਾ” (ਪੰ: ੨੭੮) ਜਾਂ ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮ॥ ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ” (ਪੰ: ੮੪੬) ਆਦਿ। ਦਰਅਸਲ ਮਨੁੱਖਾ ਜਨਮ ਸਮੇਂ, ਜੀਵਨ ਅੰਦਰੋਂ ਉਸ ਇਲਾਹੀ ਗੁਰੂ ਜੋਤ ਦੇ ਪ੍ਰਗਟਾਵੇ ਕਾਰਨ ਹੀ, ਜੀਵਨ ਦੀ ਇਹ ਸਰਬ-ਉੱਤਮ ਤੇ ਸਫ਼ਲ ਅਵਸਥਾ ਬਣਦੀ ਹੈ। ਇਸ ਅਵਸਥਾ ਨੂੰ ਪ੍ਰਗਟ ਕਰਣ ਲਈ ਵੀ ਗੁਰਬਾਣੀ `ਚ ਬੇਅੰਤ ਪ੍ਰਮਾਣ ਹਨ ਅਤੇ ਹੱਥਲੇ ਪ੍ਰਮਾਣਾ ਸਮੇਤ, ਇਸ ਦੇ ਪਹਿਲੇ ਭਾਗ `ਚ ਕੁੱਝ ਪ੍ਰਮਾਣ ਦਿੱਤੇ ਵੀ ਜਾ ਚੁੱਕੇ ਹਨ। ਇਸ ਲਈ ਇਸ ਸਬੰਧੀ ਹੋਰ ਵੇਰਵੇ `ਚ ਜਾਣ ਦੀ ਬਜਾਏ ਹੁਣ ਇਸ ਲੜੀ ਦੇ (ੲ) ਪੱਖ ਵੱਲ ਵਧਣਾ ਚਾਹਾਂਗੇ। ਤਾਂ ਤੇ:-

You may also like these