“ਇਹ ਬਿਧਿ ਸੁਨਿ ਕੈ ਜਾਟਰੋ” – ਸਾਧ ਸੰਗਤ `ਚ ਆ ਕੇ ਕਿਸੇ ਮਨੁੱਖ ਦੇ ਜੀਵਨ ਅੰਦਰੋਂ ਇਹ ਇਲਾਹੀ ਗੁਰੂ (ਆਤਮਕ ਗਿਆਨ) ਕਿਵੇਂ ਪ੍ਰਗਟ ਹੁੰਦਾ ਹੈ ਗੁਰਬਾਣੀ ਵਿਚਲੇ ੧੫ ਭਗਤ ਇਸ ਦਾ ਵੱਡਾ ਸਬੂਤ ਹਨ। ਇਹ ਭਗਤ ਜਿਹੜੇ ਕਿ ਜਨਮ ਤੋਂ, ਜੀਵਨ ਦੀ ਇਸ ਉੱਚਤਮ ਅਵਸਥਾ ਨੂੰ ਪ੍ਰਾਪਤ ਨਹੀਂ ਸਨ। ਫ਼ਿਰ ਵੀ ਇਹ ਇੱਕ ਦੂਜੇ ਦੇ ਸੰਪਰਕ `ਚ ਤੇ ਸੰਗਤ `ਚ ਆ ਕੇ “ਪੰਚਾ ਕਾ ਗੁਰੁ ਏਕੁ ਧਿਆਨੁ” (ਬਾਣੀ ਜਪੁ) ਵਾਲੀ ਜੀਵਨ ਦੀ ਸਰਬ-ਉੱਚ ਅਵਸਥਾ ਨੂੰ ਪ੍ਰਾਪਤ ਹੋਏ। ਇਸ ਦੇ ਲਈ ਸਬੂਤ ਵੀ ਗੁਰਬਾਣੀ ਵਿਚੋਂ ਹੀ ਮਿਲਦੇ ਹਨ।
ਇਹਨਾ ੧੫ ਭਗਤਾਂ `ਚੋਂ ਹੀ ਭਗਤ ਧੰਨਾ ਜੀ ਤਾਂ ਆਪਣੇ ਮੁਖਾਰਬੰਦ ਤੋਂ ਹੀ ਫ਼ੁਰਮਾਅ ਰਹੇ ਹਨ “ਧੰਨੈ ਧਨੁ ਪਾਇਆ ਧਰਣੀਧਰੁ ਮਿਲਿ ਜਨ ਸੰਤ ਸਮਾਨਿਆ” (ਪੰ: ੪੮੭)। ਭਾਵ ਸੰਤ ਜਨਾਂ ਦੀ ਸੰਗਤ `ਚ ਆ ਕੇ ਹੀ ਮੈਨੂੰ ‘ਧਰਣੀਧਰ ਪ੍ਰਭੂ ਪਤੀ’ ਦੀ ਪ੍ਰਾਪਤੀ ਹੋਈ। ਤਾਂ ਫ਼ਿਰ ਇਹ ਸੰਤ ਜਨ ਕੌਣ ਸਨ, ਇਸ ਸ਼ਬਦ ਦੇ ਨਾਲ ਹੀ ਇਸ ਦਾ ਵੇਰਵਾ ਪੰਜਵੇਂ ਪਾਤਸ਼ਾਹ ਨੇ ਆਪ ਦਿੱਤਾ ਹੈ ਤੇ ਇਸ ਤਰ੍ਹਾਂ ਭਗਤ ਜੀ ਦੇ ਇਸ ਬਿਆਨ ਦੀ ਤਸਦੀਕ ਵੀ ਕੀਤੀ ਹੈ।
ਧੰਨਾ ਜੀ ਦੇ ਇਸ ਸ਼ਬਦ ਤੋਂ ਇੱਕ ਦੰਮ ਬਾਅਦ ਤੇ ਧੰਨਾ ਜੀ ਦੇ ਸ਼ਬਦਾਂ ਵਿਚਕਾਰ ਹੀ, ਧੰਨਾ ਜੀ ਦੇ ਇਸ ਸ਼ਬਦ ਦੇ ਪ੍ਰਥਾਏ ਪੰਜਵੇਂ ਪਾਤਸ਼ਾਹ ਨੇ ਆਪਣੇ ਵੱਲੋਂ ਇੱਕ ਹੋਰ ਸ਼ਬਦ ਬਖ਼ਸ਼ਿਆ ਹੈ। ਇਹ ਸ਼ਬਦ ਹੈ “ਗੋਬਿੰਦ ਗੋਬਿੰਦ ਗੋਬਿੰਦ ਸੰਗਿ ਨਾਮਦੇਉ ਮਨੁ ਲੀਣਾ…” (ਪੰ: ੪੮੭)। ਆਪਣੇ ਇਸ ਸ਼ਬਦ `ਚ ਗੁਰਦੇਵ ਨੇ ਕੇਵਲ ਇਸ ਭੇਦ ਨੂੰ ਹੀ ਨਹੀਂ ਖੋਲਿਆ ਕਿ ਧੰਨਾ ਜੀ “ਮਿਲਿ ਜਨ ਸੰਤ ਸਮਾਨਿਆ” ਭਾਵ ਕਿਨਾਂ ਸੰਤ ਜਨਾਂ ਦੀ ਸੰਗਤ `ਚ ਪਹੁੰਚਣ ਬਾਰੇ ਫ਼ੁਰਮਾਅ ਰਹੇ ਹਨ। ਬਲਕਿ ਸ਼ਬਦ `ਚ ਇਹ ਵੇਰਵਾ ਵੀ ਦਿੱਤਾ ਕਿ ਭਗਤ ਜੀ ਦੇ ਉਹ ਸਤਿਸੰਗੀ ਤੇ ‘ਸੰਤ ਜਨ’ ਕਿਹੜੇ ਤੇ ਕੌਣ ਸਨ ਜਿਨ੍ਹਾਂ ਬਾਰੇ ਧੰਨਾਂ ਜੀ ਫ਼ੁਰਮਾਅ ਰਹੇ ਹਨ “ਮਿਲਿ ਜਨ ਸੰਤ ਸਮਾਨਿਆ”।