Punjve’n Patshah Guru Arjan Sahib Ji – Part – 26 – 11-7-26

ਇਹ ਸੰਤ ਜਨ ਸਨ ਰਵੀਦਾਸ ਜੀ, ਕਬੀਰ ਸਹਿਬ, ਸੈਣ ਜੀ ਤੇ ਨਾਮਦੇਵ ਜੀ। ਬਲਕਿ ਗੁਰਦੇਵ ਨੇ ਆਪਣੇ ਸ਼ਬਦ `ਚ ਤਾਂ ਧੰਨਾ ਜੀ ਬਾਰੇ ਵੀ ਫ਼ੁਰਮਾਇਆ “ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ॥ ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ” (ਪੰ: ੪੮੭) ਭਾਵ ਇਹਨਾ ਸਤਿਸੰਗੀਆਂ ਦੀ ਸੰਗਤ `ਚ ਆ ਕੇ ਧੰਨਾ ਜੀ ਨੇ ਵੀ “ਮਿਲੇ ਪ੍ਰਤਖਿ ਗੁਸਾਈਆ” ਭਾਵ ਅਕਾਲਪੁਰਖ ਨੂੰ ਆਪਣੇ ਜੀਵਨ ਕਾਲ `ਚ ਹੀ ਪਾ ਲਿਆ।

ਇਹੀ ਨਹੀਂ ਇਸੇ ਤਰ੍ਹਾਂ, ਇਸੇ ਪੱਖੋਂ ਗੁਰਬਾਣੀ `ਚ ਭਗਤ ਤ੍ਰਿਲੋਚਨ ਜੀ ਤੇ ਨਾਮਦੇਵ ਜੀ ਦੇ ਆਪਸੀ ਮਿਲਾਪ ਦਾ ਵੇਰਵਾ ਵੀ ਦੋ ਵਾਰੀ ਆਇਆ ਹੈ। ਇੱਕ ਵਾਰੀ ਨਾਮਦੇਵ ਜੀ ਦੀ ਆਪਣੀ ਬਾਣੀ `ਚ ਦੂਜੀ ਵਾਰੀ ਕਬੀਰ ਸਾਹਿਬ ਦੇ ਸਲੋਕਾਂ `ਚ। ਹੋਰ ਤਾਂ ਹੋਰ ਸਤਾ ਤੇ ਬਲਵੰਡ ਜੀ, ਉਪ੍ਰੰਤ ਭਗਤ ਸੁੰਦਰ ਜੀ ਤੇ ਗੁਰਬਾਣੀ `ਚ ਪ੍ਰਵਾਨ ਹੋਏ ਯਾਰ੍ਹਾਂ ਭੱਟਾਂ ਦੇ ਜੀਵਨ ਵੀ ਉਭਰੇ ਤਾਂ ਇਸੇ ਸਤਸੰਗਤ `ਚ ‘ਗੁਰੂ’ ਦੀ ਬਰਕਤ ਨਾਲ।

ਦਰਅਸਲ ਗੁਰਬਾਣੀ ਆਧਾਰਤ ‘ਗੁਰੂ’ ਦਾ ਇਹੀ, ਉਹ ਰੂਪ ਹੈ ਜਿਸ ਨੇ ਸਾਧਸੰਗਤ ਰਾਹੀਂ ਮਨੁੱਖ ਦੇ ਜੀਵਨ ਅੰਦਰੋਂ ਪ੍ਰਗਟ ਹੋਣਾ ਹੈ। ਇਹੀ ਉਹ ਗੁਰੂ ਹੈ ਜਿਸ ਗੁਰੂ ਦੇ ਲੜ ਲਗਣ ਲਈ ਗੁਰਬਾਣੀ `ਚ ਆਦਿ ਤੋਂ ਅੰਤ ਤੱਕ, ਸਿੱਖ ਨੂੰ ਤਾਕੀਦ ਕੀਤੀ ਗਈ ਹੈ। ਇਹੀ ਉਹ ਗੁਰੂ ਹੈ ਜਿਸ ਨੇ ਜਗਿਆਸੂ ਨੂੰ ਸਾਲਾਹੀ ਸਾਲਾਹਿ ਏਤੀ ਸੁਰਤਿ ਨ ਪਾਈਆ” ਵਾਲੀ ਸੁਰਤ `ਚ ਲਿਆ ਕੇ ਉਸ ਦੇ ਜੀਵਨ ਨੂੰ “ਨਦੀਆ ਅਤੈ ਵਾਹ ਪਵਹਿ ਸਮੁੰਦਿ ਨ ਜਾਣੀਅਹਿ” ਵਾਲੀ ਉੱਤਮ ਅਵਸਥਾ `ਚ ਪਹੁਚਾਉਣਾ ਹੈ।

ਉਪ੍ਰੰਤ ਗੁਰਬਾਣੀ ਰਾਹੀਂ ਪ੍ਰਕਟ ਇਸੇ ਗੁਰੂ ਦਾ ਹੀ ਰੂਪ ਹੈ ਜਿਸ ਦੇ ਲੜ ਲਗਣ ਬਾਅਦ ਕੌਡਾ ਭੀਲ, ਸੱਜਨ ਠੱਗ ਆਦਿ ਮਾਨਸ ਤੱਲ ਖਾਣੇ ਤੇ ਠੱਗ-ਕਾਤਲ ਨਹੀਂ ਰਹਿ ਗਏ, ਬਲਕਿ ਸੱਚ ਧਰਮ ਦੇ ਵੱਡੇ ਪ੍ਰਚਾਰਕ ਤੱਕ ਹੋ ਨਿਬੜੇ। ਫ਼ਿਰ ਇਹ ਦੋ ਸੱਜਨ ਹੀ ਨਹੀਂ ਬਲਕਿ ਅਣਗਿਣਤ ਜੀਵਨੀਆਂ ਮਨਮੁਖ ਤੋਂ ਗੁਰਮੁਖ ਜੀਵਨ `ਚ ਬਦਲ ਗਈਆਂ, ਬਦਲ ਰਹੀਆਂ ਹਨ ਤੇ ਸਦਾ ਬਦਲਦੀਆਂ ਰਹਿਣਗੀਆਂ।

ਇਸ ਤਰ੍ਹਾਂ ਇਸੇ ਗੁਰੂ ਕੀ ਸੰਗਤ ਭਾਵ “ਸਤਸੰਗਤਿ ਕੈਸੀ ਜਾਣੀਐ॥ ਜਿਥੈ ਏਕੋ ਨਾਮੁ ਵਖਾਣੀਐ” (ਪੰ: ੭੨) ਵਾਲੇ ਸਤਿਸੰਗ ਦਾ ਹੀ ਨਤੀਜਾ ਸੀ, ਜਿਸ ਸਤਿਸੰਗ ਕਾਰਨ ਇਹਨਾ ਭਗਤਾਂ ਦਾ ਅਕਾਲਪੁਰਖ ਨਾਲ ਮਿਲਾਪ ਹੋਇਆ। ਸੰਪੂਰਣ ਗੁਰਬਾਣੀ `ਚ ਸਿੱਖ ਤੇ ਅਕਾਲਪੁਰਖ ਦੇ ਇਸੇ ‘ਵਿਚੋਲੇ’, ‘ਦਰਗਿਹ ਕਾ ਬਸੀਠ’, ‘ਆਤਮਕ ਗਿਆਨ’ ‘ਵਿਵੇਕ ਬੁਧ’ ਜਾਂ ‘ਗੁਰ ਕੀ ਮੱਤ’ ਆਦਿ ਦੀ ਗੱਲ ਹੀ ਕੀਤੀ ਗਈ ਹੈ। ਗੁਰਬਾਣੀ `ਚ ਉਸੇ ‘ਆਤਮਕ ਗਿਆਨ’ ‘ਵਿਵੇਕ ਬੁਧ’ ਜਾਂ ‘ਗੁਰ ਕੀ ਮੱਤ’ ਆਦਿ ਨੂੰ ਹੀ ਗੁਰੂ, ਸਤਿਗੁਰੂ, ਸ਼ਬਦ ਗੁਰੂ ਆਦਿ ਦੀ ਸ਼ਬਦਾਵਲੀ ਨਾਲ ਵੀ ਪ੍ਰਗਟ ਕੀਤਾ ਗਿਆ ਹੈ।

ਇਥੇ ਇਹ ਗੁਰੂ ਪਦ, ਗੁਰਬਾਣੀ ਦਾਇਰੇ ਤੋਂ ਬਾਹਿਰ ਸੰਸਾਰ ਭਰ ਦੇ ਕਿਸੇ ਸਰੀਰ ਜਾਂ ਪ੍ਰਚਲਤ ਪੁਰਾਤਨ ਸਮੇਂ ਤੋਂ ਵਰਤੇ ਜਾ ਰਹੇ ਗੁਰੂ ਪਦ ਲਈ ਕਿਸੇ ਹੋਰ ਅਰਥਾਂ-ਵਿਸਵਾਸਾਂ ਦੇ ਦਾਇਰੇ `ਚ ਵੀ ਨਹੀਂ ਆਉਂਦਾ। ਇਸ ਤਰ੍ਹਾਂ ਹੁਣ ਤੱਕ ਦੇ ਵੇਰਵੇ ਤੋਂ ਸਪਸ਼ਟ ਹੈ ਕਿ ਗੁਰਬਾਣੀ `ਚ ਇਸ ਪੱਖੋਂ ਵਰਤੇ ਗਏ ਗੁਰੂ ਪਦ ਤੇ ਇਸੇ ਗੁਰੂ ਪਦ ਲਈ ਵਰਤੀ ਗਈ ਸ਼ਬਦਾਵਲੀ ਜਿਵੇਂ ਗੁਰੂ, ਸਤਿਗੁਰੂ, ਸ਼ਬਦ ਗੁਰੂ ਅਤੇ ‘ਆਤਮਕ ਗਿਆਨ’ ‘ਵਿਵੇਕ ਬੁਧ’ ਜਾਂ ‘ਗੁਰ ਕੀ ਮੱਤ’ ਆਦਿ ਦੇ ਅਰਥ ਬਿਲਕੁਲ ਨਿਵੇਕਲੇ, ਨਵੀਨ ਤੇ ਵਿਲਖਣ ਹਨ, ਜੋ ਗੁਰਬਾਣੀ ਸੋਝੀ ਤੋਂ ਬਿਨਾ, ਸਾਧਾਰਣ ਮਨੁੱਖ ਦੀ ਸਮਝ `ਚ ਵੀ ਨਹੀਂ ਜਾ ਸਕਦੇ।

You may also like these