Punjve’n Patshah Guru Arjan Sahib Ji – Part – 29 – 15-7-26

ਪਹਿਲਾ- ਗੁਰੂ ਕੀਆਂ ਸੰਗਤਾਂ ਵਿਚਕਾਰ ਅੱਜ ਨਿੱਤ ਨਵੇਂ ਗੁਰੂ ਡੰਮ ਤੇ ਦੰਭੀ ਗੁਰੂ ਪ੍ਰਗਟ ਹੋ ਰਹੇ ਹਨ। ਇਹ ਪਾਖੰਡੀ, ਗੁਰਬਾਣੀ ਦਾ ਚੋਲਾ ਪਾ ਕੇ ਤੇ ਨਾਲ ਨਾਲ ਗੁਰੂ ਕੀਆਂ ਸੰਗਤਾਂ ਨੂੰ ਗੁਰਬਾਣੀ ਦਾ ਚੋਗਾ ਪਾ ਕੇ ਦਿਨ ਦੀਵੀਂ ਲੁੱਟ ਰਹੇ ਹਨ। ਇਹ ਲੋਕ, ਸੰਗਤਾਂ ਵਿਚਾਲੇ ਅਜੋਕੀ ਗੁਰਬਾਣੀ ਗਿਆਨ, ਅਰਥ ਵਿਚਾਰ ਤੇ ਗੁਰਬਾਣੀ ਜੀਵਨ ਦੀ ਘਾਟ ਦਾ ਪੂਰਾ-ਪੂਰਾ ਲਾਭ ਲੈ ਰਹੇ ਹਨ। ਉਸੇ ਦਾ ਨਤੀਜਾ, ਇਹ ਲੋਕ ਬਰਸਾਤੀ ਖੁੰਬਾ ਦੀ ਤਰ੍ਹਾਂ ਨਿੱਤ ਵਾਧ-ਫੁਲ ਰਹੇ ਤੇ ਦੂਜੇ ਪਾਸੇ ਗੁਰਦੁਆਰੇ ਖਾਲੀ ਪਏ ਹਨ। ਇਹਨਾ ਦੀਆਂ ਆਪਣੀਆਂ ਗੋਗੜਾਂ ਤਾਂ ਵੱਡੀਆਂ ਹੋ ਰਹੀਆਂ, ਜਦਕਿ ਗੁਰੂ ਕੀਆਂ ਸੰਗਤਾਂ ਉਹਨਾਂ ਹੱਥੋਂ ਦਬਾ-ਦਬ ਲੁੱਟੀਆਂ ਜਾ ਰਹੀਆਂ ਹਨ।

ਇਹ ਲੋਕ ਸੰਗਤਾਂ ਨੂੰ ਕਰਮਕਾਂਡਾਂ, ਟੂਣਿਆਂ-ਤਾਬੀਤਾਂ, ਮੰਗਾਂ-ਤ੍ਰਿਸ਼ਨਾ ਦੇ ਜਾਲ `ਚੋਂ ਕਢਣ ਦੀ ਬਜਾਏ ਉਲਟ ਫ਼ਸਾ ਰਹੇ ਹਨ। ਉਹਨਾਂ ਦੇ ਪਲਾਟਾਂ, ਜ਼ਮੀਨਾਂ, ਫ਼ਸਲਾਂ ਤੇ ਕੋਠੀਆਂ ਤੱਕ ਹੀ ਨਹੀਂ; ਬਲਕਿ ਉਹਨਾਂ ਦੇ ਪ੍ਰਵਾਰਾਂ ਦੀਆਂ ਜੁਆਣੀਆਂ (ਬੱਚੇ ਤੇ ਬੱਚੀਆਂ) ਦੇ ਬਰੇਨ-ਵਾਸ਼ ਕਰਕੇ, ਆਪਣੇ ਚੁੰਗਲ `ਚ ਫ਼ਸਾ ਰਹੇ ਹਨ। ਉਪ੍ਰੰਤ ਉਹਨਾਂ ਤੋਂ ‘ਗੁਰੂ’ ਤੇ ਗੁਰੂ ਘਰ ਦੀ ਸੇਵਾ’ ਦੇ ਨਾਮ `ਤੇ, ਆਪਣੀਆਂ ਬੇਅੰਤ ਲੋੜਾਂ ਪੂਰੀਆਂ ਕਰ ਰਹੇ ਹਨ। ਹੋਰ ਤਾਂ ਹੋਰ, ਭਾਵੇਂ ਸਾਰੇ ਨਹੀਂ ਪਰ ਇਹਨਾ `ਚੋਂ ਹ ਉਹ ਵੀ ਜੋ ਉਹਨਾਂ ਬੱਚਿਆਂ `ਚੋਂ ਬਹੁਤਿਆਂ ਨੂੰ ਪਤਿਤਪੁਣੇ ਵੱਲ ਧੱਕ ਰਹੇ ਹਨ। ਇਥੋਂ ਤੱਕ ਕਿ, ਨਿਜੀ ਲਾਭਾਂ ਲਈ ਉਹਨਾਂ ਨੂੰ ਨਸ਼ਿਆਂ ਤੇ ਜੁਰਮਾਂ `ਚ ਵੀ ਡੋਬਿਆ ਜਾ ਰਿਹਾ ਹੈ।

 

You may also like these