Punjve’n Patshah Guru Arjan Sahib Ji – Part – 30 – 16-7-26

ਦੂਜਾ- ਨਿਤਾ-ਪ੍ਰਤੀ ਵੱਧ ਰਹੇ ਇਸੇ ਗੁਰੂ ਡੰਮ ਅਤੇ ਪਾਖੰਡੀ ਗੁਰੂਆਂ ਦੇ ਵਲੇਵੇਂ ਦਾ ਹੀ ਇੱਕ ਹੋਰ ਮਾੜਾ ਅਸਰ ਹੋ ਰਿਹਾ ਹੈ ਕਿ ਅੱਜ ਸਾਡੇ ਹੀ ਕੁੱਝ ਸੁਲਝੇ ਤੇ ਬੜੇ-ਬੜੇ ਸਤਿਕਾਰ ਯੋਗ ਪ੍ਰਚਾਰਕ, ਜੋ ਸਹੀ ਅਰਥਾਂ `ਚ ਪੰਥ ਦੀ ਕਰੀਮ ਹਨ, ਘਬਰਾਏ ਨਜ਼ਰ ਆ ਰਹੇ ਹਨ। ਉਹ ਸੱਜਨ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਦਸਮੇਸ਼ ਪਿਤਾ ਤੱਕ, ਦਸਾਂ ਹੀ ਗੁਰੂ ਪਾਤਸ਼ਾਹੀਆਂ ਲਈ ‘ਗੁਰੂ’ ਪਦ ਵਰਤਣ ਤੋਂ ਹੀ ਘਬਰਾ ਰਹੇ ਹਨ। ਸ਼ਾਇਦ ਇਸ ਲਈ ਕਿਉਂਕਿ ਉਹਨਾਂ ਭਾਣੇ ਅੱਜ ਇਸ ਉੱਤਮ ਪਦ ਦੀ ਕੁਵਰਤੋਂ ਬੜੇ ਕੱਚੇ ਢੰਗ ਨਾਲ ਹੋ ਰਹੀ ਹੈ। ਫ਼ਿਰ ਵੀ ਦੇਖਿਆ ਜਾਵੇ ਤਾਂ ਜ਼ਾਹਿਰਾ ਤੌਰ `ਤੇ ਉਹ ਸੱਜਨ ਕੇਵਲ ਘਬਰਾ ਹੀ ਨਹੀਂ ਰਹੇ, ਬਲਕਿ ਕਿਸੇ ਹੱਦ ਤੱਕ, ਇਸ ਬਾਰੇ ਖੁਲਮ-ਖੁਲਾ ਪ੍ਰਚਾਰ ਵੀ ਅਰੰਭ ਹੋ ਚੁੱਕਾ ਹੈ ਕਿ ਗੁਰੂ ਹਸਤੀਆਂ ਲਈ ਗੁਰੂ ਪਦ ਨਾ ਵਰਤਿਆ ਜਾਵੇ। ਜਦਕਿ ਅਜਿਹੇ ਸਤਿਕਾਰਯੋਗ ਸੱਜਨ ਉਹ ਹਨ, ਕਿ ਪੰਥਕ ਸਤਿਕਾਰ ਵੱਜੋਂ ਜਿਨ੍ਹਾਂ ਦੀ ਨੀਯਤ `ਤੇ ਵੀ ਰੰਚਕ ਮਾਤ੍ਰ ਸ਼ੱਕ ਨਹੀਂ ਕੀਤਾ ਜਾ ਸਕਦਾ।

ਇਸ ਲਈ, ਇਸ ਸਬੰਧ `ਚ ਹੁਣ ਤੱਕ ਦੀ ਵਿਚਾਰ ਅਨੁਸਾਰ ਤਿੰਨ ਪੰਕਤੀਆਂ “ਗੁਰੁ ਅਰਜੁਨ ਪਰਤਖ੍ਯ੍ਯ ਹਰਿ” (ਪੰ: ੧੪੦੭), “ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯੳ” (ਪੰ: ੧੪੦੯), “ਆਪਿ ਨਰਾਇਣੁ ਕਲਾ ਧਾਰਿ, ਜਗ ਮਹਿ ਪਰਵਰਿਯਉ॥ ਨਿਰੰਕਾਰਿ ਆਕਾਰੁ, ਜੋਤਿ ਜਗ ਮੰਡਲਿ ਕਰਿਯੳ” (ਪੰ: ੧੩੯੫) ਨੂੰ ਸਪਸ਼ਟ ਕਰਣ ਲਈ ਇਹਨਾ ਵਿਚਲੇ ਮੁਖ ਵਿਸ਼ੇ ‘ਜੋਤਿ’, ‘ਕਲਾ ਧਾਰਿ’ ਅਤੇ ਪਰਤਖ੍ਯ੍ਯ ਹਰਿ” ਨੂੰ ਵੀ ਗੁਰਬਾਣੀ ਆਧਾਰ `ਤੇ ਸਮਝਣਾ ਜ਼ਰੂਰੀ ਹੈ।

You may also like these