ਜੋਤਿ- ਇਸ ਲੜੀ `ਚ ਪਹਿਲਾਂ ਲੈ ਰਹੇ ਹਾਂ ‘ਜੋਤਿ’। ਫ਼ੁਰਮਾਨ ਹੈ “ਸਭ ਮਹਿ ਜੋਤਿ ਜੋਤਿ ਹੈ ਸੋਇ॥ ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ॥ ਗੁਰ ਸਾਖੀ ਜੋਤਿ ਪਰਗਟੁ ਹੋਇ…” (ਪੰ: ੧੩) ਜਿਸ ਦੇ ਸਪਸ਼ਟ ਅਰਥ ਹੈ ਕਿ ਕੇਵਲ ਮਨੁੱਖ ਹੀ ਨਹੀਂ ਬਲਕਿ ਹਰੇਕ ਜੀਵ ਅੰਦਰ ਉਸੇ ਪ੍ਰਭੂ ਦੀ ਜੋਤ ਦਾ ਹੀ ਪ੍ਰਕਾਸ਼ ਹੈ। ਇਸ ਸਬੰਧ `ਚ ਕੁੱਝ ਹੋਰ ਗੁਰਬਾਣੀ ਪ੍ਰਮਾਣ; ਫ਼ੁਰਮਾਨ ਹੈ “ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ॥ ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ” (ਪੰ: ੧੯) ਹੋਰ “ਜਿਨਿ ਏਹੁ ਜਗਤੁ ਉਪਾਇਆ, ਤ੍ਰਿਭਵਣੁ ਕਰਿ ਆਕਾਰੁ॥ ਗੁਰਮੁਖਿ ਚਾਨਣੁ ਜਾਣੀਐ, ਮਨਮੁਖਿ ਮੁਗਧੁ ਗੁਬਾਰੁ॥ ਘਟਿ ਘਟਿ ਜੋਤਿ ਨਿਰੰਤਰ, ਬੂਝੈ ਗੁਰਮਤਿ ਸਾਰੁ” (ਪੰ: ੨੦)।
ਇਸ ਤਰ੍ਹਾਂ ਬੇਸ਼ਕ ਇਸ ਵਿਸ਼ੇ `ਤੇ ਸੈਂਕੜੇ ਗੁਰਬਾਣੀ ਪ੍ਰਮਾਣ ਮੌਜੂਦ ਹਨ ਕਿ ਗੁਰਬਾਣੀ ਅਨੁਸਾਰ ਅਕਾਲਪੁਰਖ ਦਾ ‘ਨੂਰ’ ਅਥਵਾ ‘ਜੋਤਿ’ ਹੀ ਹੈ ਜਿਸ ਨੂੰ ਸੰਸਾਰ ਅੰਦਰ ਜੀਵਨ ਦੀ ਰੋਹ ਕਰਕੇ ਵੀ ਪਹਿਚਾਣਦੇ ਹਾਂ। ਪ੍ਰਭੂ ਦੇ ਇਸੇ ਗੁਣ ਤੋਂ ਹੀ, ਗੁਰਬਾਣੀ `ਚ ਪ੍ਰਭੂ ਨੂੰ ਜਗਜੀਵਨ ਦਾਤਾ ਕਰਕੇ ਵੀ ਕਿਹਾ ਹੈ ਜਿਵੇਂ “ਮੇਰੀ ਸਰਧਾ ਪੂਰਿ ਜਗਜੀਵਨ ਦਾਤੇ ਮਿਲਿ ਹਰਿ ਦਰਸਨਿ ਮਨੁ ਭੀਜੈ ਜੀਉ” (ਪੰ: ੯੫) ਅਤੇ “ਖਿਨ ਮਹਿ ਥਾਪਿ ਉਥਾਪਨਹਾਰਾ॥ ਆਪਿ ਇਕੰਤੀ ਆਪਿ ਪਸਾਰਾ॥ ਲੇਪੁ ਨਹੀਂ ਜਗਜੀਵਨ ਦਾਤੇ ਦਰਸਨ ਡਿਠੇ ਲਹਨਿ ਵਿਜੋਗਾ ਜੀਉ” (ਪੰ: ੧੦੮) ਭਾਵ ਪ੍ਰਭੂ ਦੀ ਹਰੇਕ ਰਚਨਾ ਤੇ ਹਰੇਕ ਜੀਵ ਅੰਦਰ ਪ੍ਰਭੂ ਦਾ ਅੰਸ਼ ਅਥਵਾ ਉਸ ਦੀ ਜੋਤ ਹੀ ਹਰੇਕ ਜੀਵ ਦਾ ਜੀਵਨ ਹੈ। ਤਾਂ ਤੇ ਇਸੇ ਤਰ੍ਹਾਂ ਗੁਰਬਾਣੀ `ਚ ਜੋਤ ਨੂੰ ‘ਨੂਰ’ ਵੀ ਕਿਹਾ ਹੈ ਜਿਵੇਂ “ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ” (ਪੰ: ੧੩੪੯)।
ਦਰਅਸਲ ਮਨੁੱਖ ਸਮੇਤ ਹਰੇਕ ਜੀਵ ਅੰਦਰ ਪ੍ਰਭੂ ਦੀ ਜੋਤ ਹੀ ਜੀਵ ਦਾ ਜੀਵਨ ਹੁੰਦਾ ਹੈ। ਫ਼ਿਰ ਵੀ ਗੁਰਬਾਣੀ `ਚ ਮਨੁੱਖਾ ਜੀਵਨ ਦੇ ਦੋ ਪੱਖ ਬਿਆਨੇ ਗਏ ਹਨ। ਇਹ ਦੋ ਪੱਖ ਹਨ ਸਫ਼ਲ ਜੀਵਨ ਤੇ ਅਸਫ਼ਲ ਜੀਵਨ। ਮਨੁੱਖਾ ਜਨਮ ਸਮੇਂ ਹਉਮੈ ਅਧੀਨ ਕੀਤੇ ਕਰਮਾਂ ਦਾ ਹੀ ਨਤੀਜਾ ਹੁੰਦਾ ਹੈ ਉਸ ਦਾ ਕਰਮ ਜਾਲ ਅਤੇ ਸੰਸਕਾਰ। ਇਸੇ ਤੋਂ ਮਨੁੱਖ ਨੂੰ ਭਿੰਨ ਭਿੰਨ ਜਨਮਾਂ-ਜੂਨਾਂ ਤੇ ਗਰਭਾਂ `ਚ ਭਟਕਣਾ ਪੈਂਦਾ ਹੈ। ਜਦਕਿ ਜੀਵਨ ਨੂੰ ਸਫ਼ਲ ਕਰਣ ਲਈ, ਹਉਮੈ ਰਹਿਤ ਹੋ ਕੇ ਗੁਰੂ ਦੀ ਆਗਿਆ `ਚ ਜੀਵਨ ਦੀ ਤਿਆਰੀ, ਜੀਵਨ ਦੀ ਸਫ਼ਲਤਾ ਤੇ ਜੀਉਂਦੇ ਜੀਅ ਪ੍ਰਭੂ `ਚ ਇੱਕ ਮਿੱਕ ਹੋਣ ਦਾ ਇਕੋ ਇੱਕ ਸਮਾਂ ਦਸਿਆ ਹੈ, ਜਿਸ ਤੋਂ ਜੀਵ ਨੂੰ ਬਾਰ ਬਾਰ ਦੇ ਜਨਮਾਂ `ਚ ਨਹੀਂ ਆਉਣਾ ਪੈਂਦਾ।
ਇਸ ਬਾਰੇ ਗੁਰਦੇਵ ਫ਼ੁਰਮਾਉਂਦੇ ਹਨ “ਇਹੁ ਸਰੀਰੁ ਮਾਇਆ ਕਾ ਪੁਤਲਾ, ਵਿਚਿ ਹਉਮੈ ਦੁਸਟੀ ਪਾਈ॥ ਆਵਣੁ ਜਾਣਾ ਜੰਮਣੁ ਮਰਣਾ, ਮਨਮੁਖਿ ਪਤਿ ਗਵਾਈ” (ਪੰ: ੩੧) ਅਤੇ ਜਦੋਂ ਇਸੇ ਸਰੀਰ ਰਾਹੀਂ ਮਨੁੱਖ, ਸਤਿਗੁਰ ਦੀ ਆਗਿਆ `ਚ ਰਹਿ ਕੇ ਜੀਵਨ ਦੀ ਕਮਾਈ ਕਰਦਾ ਹੈ ਤਾਂ “ਸਤਗੁਰੁ ਸੇਵਿ ਸਦਾ ਸੁਖੁ ਪਾਇਆ, ਜੋਤੀ ਜੋਤਿ ਮਿਲਾਈ” (ਪੰ: ੩੧। ਅਜਿਹਾ ਮਨੁੱਖ, ਜੀਉਂਦੇ ਜੀਅ ਵੀ ਜੀਵਨ ਦਾ ਅਨੰਦ ਨੂੰ ਮਾਣਦਾ ਹੈ। ਸਰੀਰ ਤਿਆਗਣ ਬਾਅਦ ਵੀ ਜਨਮ ਮਰਣ ਦੇ ਗੇੜ੍ਹ `ਚ ਨਹੀਂ ਪੈਂਦਾ। ਕਿਉਂਕਿ “ਸਚੈ ਸਬਦਿ ਮਨੁ ਮੋਹਿਆ, ਪ੍ਰਭਿ ਆਪੇ ਲਏ ਮਿਲਾਇ॥ ਅਨਦਿਨੁ ਨਾਮੇ ਰਤਿਆ, ਜੋਤੀ ਜੋਤਿ ਸਮਾਇ॥ ਜੋਤੀ ਹੂ ਪ੍ਰੁਭੁ ਜਾਪਦਾ, ਬਿਨੁ ਸਤਗੁਰ ਬੂਝ ਨ ਪਾਇ” (ਪੰ: ੩੫)।