(8) “ਦਇਆ ਕਪਾਹ ਸੰਤੋਖੁ ਸੂਤੁ. .”-ਜਨੇਊ ਵਾਲੇ ਬ੍ਰਾਹਮਣੀ ਵਿਸ਼ਵਾਸ ਲਈ, ਗੁਰੂ ਪਾਤਸ਼ਾਹ ਨੇ ਜਨੇਊ ਨਾਲ ਸੰਬੰਧਤ ਚਾਰ ਸਲੋਕਾਂ (ਪੰ: 471) ਰਾਹੀਂ ਜਿੱਥੇ ਜਨੇਊ ਨੂੰ ਨਿਰੋਲ ਬ੍ਰਾਹਮਣੀ ਚਾਲ ਸਾਬਤ ਕੀਤਾ, ਉਥੇ ਨਾਲ ਹੀ ਜਨੇਊ ਦੇ ਵਿਸ਼ਵਾਸ `ਚ ਫਸੇ ਮਨੁੱਖ ਨੂੰ ਵੀ ਰੂਪਕ ਅਲ਼ੰਕਾਰ ਵਰਤ ਕੇ ਦਇਆ, ਸੰਤੋਖ, ਜਤ, ਸਤ ਦੇ ਆਦਰਸ਼ਕ ਗੁਣਾਂ ਨੂੰ ਧਾਰਨ ਕਰਣ ਤੇ ਸੱਚਾ ਧਰਮੀ ਬਣਨ ਦੀ ਪ੍ਰੇਰਣਾ ਕੀਤੀ। ਹੈਰਾਨੀ ਹੁੰਦੀ ਹੈ, ਉਨ੍ਹਾਂ ਅਜੋਕੇ ਸਿੱਖ ਪ੍ਰਚਾਰਕਾਂ ਤੇ ਨੇਤਾਗਣ `ਤੇ ਜਿਹੜੇ ਬਿਨਾ ਸੋਚੇ ਅਜੇਹਾ ਗ਼ਲਤ ਪ੍ਰਚਾਰ ਕਰ ਰਹੇ ਹਨ, “ਨੌਂ ਸਾਲ ਦੇ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਕਿ ਮੈਂ ਜੰਜੂ ਪਾਉਣ ਨਹੀਂ ਦੇਣਾ ਅਤੇ ਨੋਵੇਂ ਪਾਤਸ਼ਾਹ ਨੇ ਕਿਹਾ ਕਿ ਮੈਂ ਜਨੇਊ ਲਾਹੁਣ ਨਹੀਂ ਦੇਣਾ” ਅਤੇ ਜਨੇਊ ਦੀ ਰਾਖੀ ਲਈ ਆਪਣੀ ਸ਼ਹੀਦੀ ਤੀਕ ਦੇ ਦਿੱਤੀ। ਜਦਕਿ ਪਹਿਲੇ ਜਾਮੇਂ `ਚ ਗੁਰਦੇਵ ਨੇ ਜੰਜੂ ਦੇ ਖੋਖਲੇਪਣ ਦੀ ਪ੍ਰਗਟ ਕੀਤੀ। ਦੂਜੇ ਪਾਸੇ ਨੌਵੇਂ ਜਾਮੇ `ਚ ਮਜ਼ਲੂਮਾਂ ਨੂੰ ਬਚਾਉਣ ਦੀ ਗਲ ਹੈ, ਦੋਨਾਂ ਗਲਾਂ ਦਾ ਆਪਸੀ ਜੋੜ ਉੱਕਾ ਹੀ ਨਹੀਂ।