(9) ਚਉਦਹ ਰਤਨ ਨਿਕਾਲਿਅਨੁ- ਸਮੁਦ੍ਰ ਮੰਥਨ ਦੀ ਪੁਰਾਤਨ ਅਤੇ ਅਜੀਬ ਜਹੀ ਕਥਾ ਆਉਂਦੀ ਹੈ। ਕਥਾ ਅਨੁਸਾਰ ਦੇਵਤਿਆਂ ਤੇ ਰਾਕਸ਼ਾਂ ਨੇ ਰਲ ਕੇ ਸਮੁੰਦ੍ਰ ਨੂੰ ਰਿੜਕਿਆ (ਮੰਥਨ) ਕੀਤਾ। ਇਸ ਕੰਮ ਲਈ ਸੁਮੇਰ ਪਰਬਤ ਨੂੰ ਮਾਧਾਨੀ ਬਣਾਇਆ, ਸ਼ੇਸ਼ ਨਾਗ ਨੂੰ ਨੇਤ੍ਰਾ (ਰਿੜਕਣ ਲਈ ਰੱਸਾ)। ਇਸ ਤਰ੍ਹਾਂ ਜਦੋਂ ਪਰਬਤ ਆਪਣੇ ਵਜ਼ਨ ਕਰਕੇ ਡੋਲਣ ਲਗਾ ਤਾਂ ਵਿਸ਼ਨੂੰ ਨੇ ਕਛੁਏ (ਰਾਸ਼ੀਆਂ `ਚੋਂ ਇੱਕ) ਦਾ ਅਵਤਾਰ ਧਾਰ ਕੇ ਪਰਬਤ (ਮਧਾਨੀ) ਨੂੰ ਸਹਾਰਾ ਦਿੱਤਾ। ਉਪ੍ਰੰਤ ਸਮੁੰਦ੍ਰ `ਚੋਂ ਸ਼ਰਾਬ, ਅਮ੍ਰਿਤ, ਧੰਨਵੰਤਰੀ ਵੈਦ, ਸ਼ੇਸ਼ ਨਾਗ ਤੇ ਬੈਠੇ ਹੋਏ ਵਿਸ਼ਨੂੰ-ਲਛਮੀ, ਪਾਰਜਾਤ ਬਿਰਖ ਆਦਿ 14 ਰਤਨ ਨਿਕਲੇ। ਖੈਰ! ਇਹ ਤਾਂ ਜਿੰਨ੍ਹਾਂ ਦੀਆਂ ਕਹਾਣੀਆਂ ਹਨ, ਸੱਚ-ਝੂਠ ਵੀ ਉਹੀ ਜਾਨਣ। ਇਥੇ ਤਾਂ ਸੁਆਲ ਹੈ ਕਿ ਸੱਤਾ ਜੀ ਆਪਣੀ ਵਾਰ `ਚ ਰੂਪਕ ਅਲੰਕਾਰ ਬੰਨ੍ਹ ਕੇ ਚੌਥੀ ਪਉੜੀ `ਚ ਪਹਿਲੇ ਪਾਤਸ਼ਾਹ ਬਾਰੇ ਅਤੇ ਛੇਵੀਂ ਪਉੜੀ `ਚ ਤੀਜੇ ਪਾਤਸ਼ਾਹ ਨੂੰ ਸੰਬੋਧਨ ਕਰਕੇ ਦਿਲ ਖਿੱਚਵਾਂ ਆਤਮਕ ਉਚਾਈਆਂ ਵਾਲਾ ਜ਼ਿਕਰ ਕਰਦੇ ਹਨ ਜਿਵੇਂ. . ਮਾਧਾਣਾ ਪਰਬਤੁ ਕਰਿ ਨੇਤ੍ਰਿ ਬਾਸਕੁ, ਸਬਦਿ ਰਿੜਕਿਓਨੁ॥ ਚਉਦਹ ਰਤਨ ਨਿਕਾਲਿਅਨੁ, ਕਰਿ ਆਵਾ ਗਉਣੁ ਚਿਲਕਿਓਨੁ॥ ….” {ਪੰਨਾ 967} ਅਰਥ- ਗੁਰੂ ਨਾਨਕ ਪਾਤਸ਼ਾਹ ਨੇ ਉੱਚੀ ਸੁਰਤਿ ਨੂੰ ਮਧਾਣੀ ਬਣਾ ਕੇ, ਮਨ-ਰੂਪ ਬਾਸਕ (ਨਾਗ) ਨੂੰ ਨੇਤੇ੍ਰ `ਚ ਪਾ ਕੇ ਭਾਵ, ਮਨ ਨੂੰ ਕਾਬੂ ਕਰ ਕੇ ‘ਸ਼ਬਦ’ ਨੂੰ ਰਿੜਕਿਆ (ਵਿਚਾਰਿਆ)। ਇਸ ਤਰ੍ਹਾਂ ਗੁਰੂ ਨਾਨਕ ਜੀ ਨੇ ‘ਸ਼ਬਦ’ ਰੂਪੀ ਸਮੁੰਦਰ ਵਿਚੋਂ ‘ਰੱਬੀ ਗੁਣਾਂ’ ਰੂਪੀ ਚੌਦਾਂ ਰਤਨ ਕੱਢੇ ਤੇ ਇਸ ਉਦੱਮ ਨਾਲ ਸੰਸਾਰ ਨੂੰ ਸੋਹਣਾ ਬਣਾ ਦਿੱਤਾ। ਇਸ ਤੋਂ ਅਗੇ ਛੇਵੀਂ ਪਉੜੀ `ਚ ਤੀਜੇ ਪਾਤਸ਼ਾਹ ਨੂੰ ਸੰਬੋਧਨ ਕਰਦੇ ਹਨ “ਸੋ ਟਿਕਾ ਸੋ ਬੈਹਣਾ ਸੋਈ ਦੀਬਾਣੁ॥ ਪਿਯੂ ਦਾਦੇ ਜੇਵਿਹਾ ਪੋਤਾ ਪਰਵਾਣੁ॥ ਜਿਨਿ ਬਾਸਕੁ ਨੇਤ੍ਰੈ ਘਤਿਆ ਕਰਿ ਨੇਹੀ ਤਾਣੁ॥ ਜਿਨਿ ਸਮੁੰਦੁ ਵਿਰੋਲਿਆ ਕਰਿ ਮੇਰੁ ਮਧਾਣੁ॥ ਚਉਦਹ ਰਤਨ ਨਿਕਾਲਿਅਨੁ ਕੀਤੋਨੁ ਚਾਨਾਣੁ …. .” ਭਾਵ ਪੋਤਰਾ (ਗੁਰੂ ਅਮਰਦਾਸ) ਵੀ ਮੰਨੇ-ਪ੍ਰਮੰਨੇ ਗੁਰੂ ਹਨ ਕਿਉਂਕਿ ਉਹ ਭੀ ਗੁਰੂ ਨਾਨਕ ਤੇ ਗੁਰੂ ਅੰਗਦ ਸਾਹਿਬ ਵਰਗੇ ਹੀ ਹਨ; ਉਨ੍ਹਾਂ ਦੇ ਮੱਥੇ `ਤੇ ਵੀ ਉਹੀ ਰੱਬੀ ਨੂਰ ਹੈ … … ਗੁਰੂ ਅਮਰਦਾਸ ਜੀ ਨੇ ਵੀ ਆਤਮਕ ਬਲ ਨੂੰ ਨੇਹਣੀ ਬਣਾ ਕੇ ਮਨ ਰੂਪੀ ਨਾਗ ਨੂੰ ਨੇਤੇ੍ਰ `ਚ ਪਾਇਆ। ਉੱਚੀ ਸੁਰਤਿ ਰੂਪੀ ਸੁਮੇਰ ਪਰਬਤ ਨੂੰ ਮਧਾਣੀ ਬਣਾ ਕੇ ਗੁਰ-ਸ਼ਬਦ ਰੂਪੀ ਸਮੁੰਦਰ ਨੂੰ ਰਿੜਕਿਆ। ਉਪ੍ਰੰਤ ਗੁਰਬਾਣੀ (ਸ਼ਬਦ) ਰੂਪੀ ਸਮੁੰਦਰ’ `ਚੋਂ ਰੱਬੀ ਗੁਣ ਰੂਪੀ ਚੌਦਾਂ ਰਤਨ ਕੱਢੇ ਜਿਨ੍ਹਾਂ ਨਾਲ ਜਗਤ `ਚ ਆਤਮਕ ਜੀਵਨ ਵਾਲਾ ਚਾਨਣ ਪੈਦਾ ਕੀਤਾ।