(4) ‘ਦੀਵਾ ਮੇਰਾ ਏਕੁ ਨਾਮੁ’ –ਰਾਗ ਆਸਾ ਪੰ: 358 `ਤੇ “ਦੀਵਾ ਮੇਰਾ ਏਕੁ ਨਾਮੁ, ਦੁਖੁ ਵਿਚਿ ਪਾਇਆ ਤੇਲੁ॥ ਉਨਿ ਚਾਨਣਿ ਓਹੁ ਸੋਖਿਆ, ਚੂਕਾ ਜਮ ਸਿਉ ਮੇਲੁ॥ ੧॥ ਲੋਕਾ ਮਤ ਕੋ ਫਕੜਿ ਪਾਇ॥ ਲਖ ਮੜਿਆ ਕਰਿ ਏਕਠੇ, ਏਕ ਰਤੀ ਲੇ ਭਾਹਿ॥ ੧॥ ਰਹਾਉ॥ ਪਿੰਡੁ ਪਤਲਿ ਮੇਰੀ ਕੇਸਉ, ਕਿਰਿਆ ਸਚੁ ਨਾਮੁ ਕਰਤਾਰੁ॥ ਐਥੈ ਓਥੈ ਆਗੈ ਪਾਛੈ ਏਹੁ ਮੇਰਾ ਆਧਾਰੁ॥ ੨॥ ਗੰਗ ਬਨਾਰਸਿ ਸਿਫਤਿ ਤੁਮਾਰੀ ਨਾਵੈ ਆਤਮ ਰਾਉ॥ ਸਚਾ ਨਾਵਣੁ ਤਾਂ ਥੀਐ ਜਾਂ ਅਹਿਨਿਸਿ ਲਾਗੈ ਭਾਉ॥ ੩॥ ਇੱਕ ਲੋਕੀ ਹੋਰੁ ਛਮਿਛਰੀ, ਬ੍ਰਾਹਮਣੁ ਵਟਿ ਪਿੰਡੁ ਖਾਇ॥ ਨਾਨਕ ਪਿੰਡੁ ਬਖਸੀਸ ਕਾ, ਕਬਹੂੰ ਨਿਖੂਟਸਿ ਨਾਹਿ” ਇਥੇ ਗੁਰੂ ਨਾਨਕ ਸਾਹਿਬ ਨੇ -ਪ੍ਰਾਣੀ ਦੀ ਮੌਤ ਪਿੱਛੋਂ ਦੀਵਾ ਵੱਟੀ, ਪਿੰਡ, ਪੱਤਲ, ਕਿਰਿਆ, ਦੀਵਾ, ਫੁੱਲ, ਹਰਦੁਆਰ, ਪਰਾਗ ਆਦਿ ਫੋਕਟ ਰਸਮਾਂ `ਚੋਂ ਮਨੁੱਖ ਨੂੰ ਸੁਚੇਤ ਕੀਤਾ ਹੈ। ਖੂਬੀ ਇਹ, ਮਨੁੱਖ ਰਾਹੀਂ ਕੀਤੇ ਜਾ ਰਹੇ ਕਰਮ-ਕਾਂਡਾਂ ਨੂੰ, ਪ੍ਰਭੂ ਦੇ ਨਾਮ ਸਿਮਰਨ ਵਾਲੇ ਅਰਥਾਂ `ਚ ਬਦਲ ਕੇ, ਭਰਮ ਜਾਲ ਨੂੰ ਪੂਰੀ ਤਰ੍ਹਾਂ ਤੋੜਿਆ ਹੈ।