ਦਸਤਾਰਬੰਦੀ ਅਤੇ ਤਿਲਕ ਨਾਰੀਅਲ? –ਸਾਨੂੰ ਇਹ ਨਹੀਂ ਭੁਲਣਾ ਚਾਹੀਦਾ ਕਿ ਅੱਜ ਸਾਨੂੰ ਜਿਤਨਾ ਵੀ ਸਿੱਖ ਇਤਿਹਾਸ ਮਿਲ ਰਿਹਾ ਹੈ ਇਹ ਸਾਰਾ ਬਾਬਾ ਬੰਦਾ ਸਿੰਘ ਜੀ ਬਹਾਦੁਰ ਦੀ ਸ਼ਹਾਦਤ ਤੋਂ ਬਾਅਦ ਸਿੱਖ ਵਿਰੋਧੀਆਂ ਤੇ ਦੋਖੀਆਂ ਰਾਹੀਂ ਕੇਵਲ ਇਸ ਉਪਰ ਗੁਰਮਤਿ ਦੀ ਚਾਸ਼ਣੀ ਚੜ੍ਹਾ ਕੇ ਲਿਖਿਆ ਅਤੇ ਤਿਆਰ ਕੀਤਾ ਹੋਇਆ ਹੇ। ਜਾਂ ਫ਼ਿਰ ਵੱਧ ਤੋਂ ਵਧ ਵਿਰੋਧੀਆਂ ਦੇ ਪ੍ਰਭਾਵ ਅਧੀਨ ਹੀ ਤਿਆਰ ਹੋਇਆ ਦਾ ਹੈ। ਇਸ ਲਈ ਅੱਜ ਸਿੱਖਾਂ ਨੂੰ ਆਪਣਾ ਇਤਿਹਾਸ ਢੂੰਡਣ ਲਈ ਬੜੀਆਂ ਮੇਹਨਤਾਂ-ਮੁਸ਼ਕਤਾਂ ਦੀ ਲੋੜ ਹੈ। ਇਸ ਤੋਂ ਬਾਅਦ ਇਸ ਇਤਹਾਸ ਨੂੰ ਢੂਡਣ ਲਈ, ਗੁਰਬਾਣੀ ਦੇ ਪ੍ਰਕਾਂਡ ਅਤੇ ਬੇਲਾਗ ਅਜੇਹੇ ਵਿਦਵਾਨਾਂ ਦੀ ਲੋੜ ਹੈ, ਜੋ ਹੰਸ ਬਿਰਤੀ ਨਾਲ ਉਸਦੀ ਖੋਜ ਪੜਤਾਲ ਕਰਣ ਦੇ ਯੋਗ ਹੋਣ। ਇਸੇ ਲੜੀ ਅਧੀਨ ਵਿੱਚਲੇ ਸਮੇਂ, ਸਿੱਖ ਇਤਿਹਾਸ `ਚ ਹੋਈਆਂ ਅਨੇਕਾਂ ਮਿਲਾਵਟਾਂ `ਚੋਂ ਦੋ ਮਿਲਾਵਟਾਂ ਦਾ ਇਥੇ ਅਸੀਂ ਜ਼ਿਕਰ ਕਰ ਰਹੇ ਹਾਂ।
ਪਹਿਲੀ-ਗੁਰਗੱਦੀ ਸੌਪਣਾ ਸਮੇਂ ਹਰੇਕ ਆਉਣ ਵਾਲੇ ਗੁਰੂ-ਵਿਅਕਤੀ ਨੂੰ ਪਹਿਲੇ ਗੁਰੂ ਪਾਤਸ਼ਾਹ ਤਿਲਕ ਲਾਂਦੇ, ‘ਟੱਕਾ/ ਪੰਜ ਪੈਸੇ `ਤੇ ਨਾਰੀਅਲ ਉਸ ਅੱਗੇ ਰਖ ਕੇ ਮੱਥਾ ਟੇਕ ਦੇਂਦੇ ਸਨ। ਦੂਜਾ-ਕਿ ਚੋਥੇ ਪਾਤਸ਼ਾਹ ਦੇ ਜੋਤੀ ਜੋਤ ਸਮਾਉਣ ਉਪ੍ਰੰਤ ਪੰਜਵੇਂ ਪਾਤਸ਼ਾਹ ਨਾਲ ‘ਦਸਤਾਰਬੰਦੀ ਨੂੰ ਜੋੜ ਕੇ, ਉਸਨੂੰ ਵੀ ਭਰਵੀਂ ਹਵਾ ਦਿੱਤੀ ਗਈ। ਉਂਝ ਇਹ ਦੋਵੇਂ ਗੱਲਾਂ ਸਿੱਖਾਂ ਨੂੰ ਬ੍ਰਾਹਮਣੀ ਜਾਲ `ਚ ਫ਼ਸਾਉਣ ਦੀਆਂ ਚੋਰ ਦਰਵਾਜ਼ੇ ਤੋਂ ਗੁੱਝੀਆਂ ਚਾਲਾਂ ਹਨ। ਹੋਰ ਤਾਂ ਹੋਰ ਗੁਰਗੱਦੀ ਸੌਪਣਾ ਦਾ ਜ਼ਿਕਰ ਤਾਂ ਸੱਤੇ ਬਲਵੰਡ ਦੀ ਵਾਰ `ਚ ਵੀ ਹੈ ਜਿਵੇਂ “ਗੁਰਿ ਚੇਲੇ ਰਹਰਾਸਿ ਕੀਈ ਨਾਨਕਿ ਸਲਾਮਤਿ ਥੀਵਦੈ॥ ਸਹਿ ਟਿਕਾ (ਜ਼ਿਮੇਂਵਾਰੀ) ਦਿਤੋਸੁ ਜੀਵਦੈ” (ਪ: 966) ਇਸੇਤਰ੍ਹਾਂ “ਥਾਪਿਆ ਲਹਿਣਾ ਜੀਂਵਦੇ, ਗੁਰਿਆਈ ਸਿਰ ਛਤ੍ਰ ਫਿਰਾਯਾ॥ ਜੋਤੀ ਜੋਤ ਮਿਲਾਇ ਕੈ, ਸਤਿਗੁਰ ਨਾਨਕ ਰੂਪ ਵਟਾਯਾ” (ਭਾ: ਗੁ: 1/45) ਇਹ ਘੱਟਨਾ ਭੱਟਾਂ ਦੇ ਸਵੈਯਾਂ ਰਾਹੀਂ ਵੀ ਉਘੱੜ ਕੇ ਸਾਹਮਣੇ ਆਉਂਦੀ ਹੈ। ਬਾਣੀ ਸੱਦ ਦੀ ਪੰਜਵੀਂ ਪਉੜੀ ਜਿਸਦਾ ਕਿ ਜ਼ਿਕਰ ਕੀਤਾ ਵੀ ਜਾ ਚੁੱਕਾ ਹੈ, ਉਹ ਹੈ “… ਰਾਮਦਾਸ ਸੋਢੀ ਤਿਲਕੁ ਦੀਆ ਗੁਰ ਸਬਦੁ ਸਚੁ ਨੀਸਾਣੁ ਜੀਉ” (ਪੰ: 923) ਭਾਵ ਗੁਰੂ ਅਮਰਦਾਸ ਜੀ ਨੇ ‘ਸੋਢੀ ਕੁਲ ਦੇ ਰਾਮਦਾਸ ਜੀ ਨੂੰ ਸੱਚ ਦੀ ਰਾਹਦਾਰੀ ਕਰਨ ਵਾਲੇ ਗੁਰਸ਼ਬਦ ਰਾਹੀਂ, ਗੁਰਗੱਦੀ ਦੀ ਜ਼ਿਮੇਵਾਰੀ (ਤਿਲਕ) ਬਖਸ਼ੀ। ਇਥੇ ਭਗਤ ਸੁੰਦਰ ਜੀ ਨੇ “ਸਭੁ ਜਗਤੁ ਪੈਰੀ ਪਾਇ ਜੀਉ” ਤੇ “ਗੁਰ ਸਬਦੁ ਸਚੁ ਨੀਸਾਣੁ ਜੀਉ” ਦੀ ਗੱਲ, ਤਾਂ ਸਾਫ਼ ਲਿਖੀ ਹੈ ਪਰ ਕਿਸੇ ਵੀ ਗੁਰੂ ਵਿਅਕਤੀ ਨੂੰ ਦਸਤਾਰਬੰਦੀ ਜਾਂ ਤਿਲਕ-ਨਾਰੀਅਲ ਦਾ ਇਸ਼ਾਰਾ ਤੀਕ ਨਹੀਂ ਕੀਤਾ ਤਾਂ ਕਿਉਂ? ਕਿਉਂਕਿ ਜੋ ਕੰਮ ਕਦੇ ਹੋਇਆ ਹੀ ਨਹੀਂ, ਉਸਦਾ ਜ਼ਿਕਰ ਕਿਵੇਂ ਆਉਂਦਾ।
ਗੁਰੂ ਸਾਹਿਬਾਨ ਨੂੰ ਗੁਰਗੱਦੀ ਪ੍ਰਾਪਤੀ ਸਮੇਂ ਸਦਾ ਪਹਿਲੇ ਗੁਰੂ ਵਿਅਕਤੀ ਵਲੋ ਗੁਰਬਾਣੀ ਖਜ਼ਾਨੇ ਦੀ ਜ਼ਿਮੇਵਾਰੀ ਸੌਂਪ ਕੇ ਉਸ ਅਗੇ ਮੱਥਾ ਟੇਕ ਦਿੱਤਾ ਜਾਂਦਾ ਸੀ। ਨਾਰੀਅਲ `ਤੇ ਤਿਲਕ ਨਿਰੋਲ ਬ੍ਰਾਹਮਣ ਮੱਤ ਦੀਆਂ ਵਸਤਾਂ ਹਨ, ਗੁਰਮਤਿ ਰਹਿਣੀ ਜਾਂ ਬਾਣੀ ਸਿੱਖਿਆ ਨਾਲ ਇਨ੍ਹਾਂ ਦਾ ਦੂਰ ਦਾ ਵੀ ਵਾਸਤਾ ਨਹੀਂ। ਇਸੇ ਤਰ੍ਹਾਂ ‘ਦਸਤਾਰਬੰਦੀ’ ਜਾਂ ‘ਰਸਮ ਪੱਗੜੀ’ ਦਾ ਵੀ ਸਿੱਖ ਵਿਚਾਰਧਾਰਾ ਨਾਲ ਉੱਕਾ ਸੰਬੰਧ ਨਹੀਂ। ਖੁਬੀ ਇਹ ਕਿ ‘ਦਸਤਾਰਬੰਦੀ’ ਵੀ ਅਚਾਨਕ ਪੰਜਵੇਂ ਪਾਤਸ਼ਾਹ ਨਾਲ ਹੀ ਜੋੜੀ ਗਈ; ਨਾ ਇਸਤੋਂ ਪਹਿਲੇ ਤੇ ਨਾ ਹੀ ਬਾਅਦ ਦਸਵੇਂ ਪਾਤਸ਼ਾਹ ਤੀਕ ਕਿੱਧਰੇ ਵੀ।
ਫ਼ਿਰ ਬਾਣੀ `ਚ ਵੀ ਇਸ ਬਾਰੇ ਕਿੱਧਰੇ ਇਸ਼ਾਰਾ ਤੀਕ ਨਹੀਂ ਆਇਆ। ਇਸੇ ਤਰ੍ਹਾਂ ਤਿਲਕ ਲਗਾਉਣ ਵਾਲੀ ਮਿਲਾਵਟ ਲਈ ਵੀ ਗੁਰਬਾਣੀ ਖਜ਼ਾਨੇ ਚੋਂ ਸਾਂਝ ਪਾ ਲੈਂਦੇ ਹਾਂ। ਪਹਿਲੇ ਪਾਤਸ਼ਾਹ ਇਨ੍ਹਾਂ ਤਿਲਕ-ਨਾਰੀਅਲ ਦੀ ਬ੍ਰਾਹਮਣੀ ਰਸਮਾਂ ਬਾਰੇ ਫ਼ੁਰਮਾਂਦੇ ਹਨ “ਨਾਨਕ ਸਚੇ ਨਾਮ ਬਿਨੁ, ਕਿਆ ਟਿਕਾ (ਤਿਲਕ) ਕਿਆ ਤਗੁ” (ਪੰ: 467) ਇਸ ਤਰ੍ਹਾਂ ਜਦੋਂ ਤੱਗ ਭਾਵ ਜਨੇਊ ਦੀ ਗੱਲ ਹੀ ਮੁੱਕੀ ਪਈ ਹੈ ਤਾਂ ਨਾਰੀਅਲ ਤੇ ਬਾਕੀ ਬ੍ਰਾਹਮਣੀ ਕਰਮਕਾਂਡਾਂ ਦੀ ਗੱਲ ਕਿੱਥੋਂ ਆ ਟਪਕੀ? ਇਸੇ ਤਰ੍ਹਾਂ ਤਿਲਕ ਬਾਰੇ ਗੁਰਬਾਣੀ ਵਿਚੋਂ ਹੀ ਇੱਕ ਹੋਰ ਪ੍ਰਮਾਣ “ਨਾਮੁ ਤੇਰੋ ਆਸਨੋ, ਨਾਮੁ ਤੇਰੋ ਉਰਸਾ, ਨਾਮੁ ਤੇਰਾ ਕੇਸਰੋ ਲੇ ਛਿਟਕਾਰੇ॥ ਨਾਮੁ ਤੇਰਾ ਅੰਭੁਲਾ, ਨਾਮੁ ਤੇਰੋ ਚੰਦਨੋ, ਘਸਿ ਜਪੇ ਨਾਮੁ ਲੇ ਤੁਝਹਿ ਕਉ ਚਾਰੇ” (ਪੰ: ੬੯੪) ਤਾਂ ਤੇ ਅਜੇਹੀਆਂ ਮਿਲਾਵਟਾਂ ਨੂੰ ਸਮਝਦੇ ਦੇਰ ਨਹੀਂ ਲਗਣੀ ਚਾਹੀਦੀ। ਕੇਵਲ ਸੰਗਤਾਂ ਨੂੰ ਅਜੇਹੀਆਂ ਵਿਰੋਧੀ ਮਿਲਾਵਟਾਂ ਤੋਂ ਸੁਚੇਤ ਹੋਣ ਲਈ ਗੁਰਬਾਣੀ ਗਿਆਨ `ਚ ਜਾਗ੍ਰਤ ਹੋਣ ਦੀ ਲੋੜ ਹੈ। ਸਚਾਈ ਇਹੀ ਹੈ ਕਿ ਜਿਸ ਕੌਮ ਜਾਂ ਸਭਿਅਤਾ ਨੂੰ ਖ਼ਤਮ ਕਰਨਾ ਹੋਵੇ ਉਸਦੇ ਸਿਧਾਂਤ-ਰਹਿਣੀ ਤੇ ਇਤਿਹਾਸ `ਚ ਮਿਲਾਵਟ ਕਰ ਦੇਵੋ, ਕੌਮ ਆਪਣੇ ਆਪ ਹੀ ਮੁੱਕ ਜਾਵੇਗੀ। ਲਗਭਗ ਇਹੀ ਗੱਲ ਅੱਜ ਸਿੱਖ ਇਤਿਹਾਸ ਤੇ ਸਿੱਖ ਜੀਵਨ ਜਾਚ ਨਾਲ ਵੱਡੀ ਪੱਧਰ ਤੇ ਹੋਈ ਪਈ ਹੈ।