Chaar Sahibzade – 15-12-25

ਵੱਡੇ ਸਾਹਿਬਜ਼ਾਦੇ ਸਾਹਿਬਜ਼ਾਦਾ ਅਜੀਤ ਸਿੰਘ

ਪਾਉਂਟਾ ਸਾਹਿਬ ਵਿਖੇ ਨਿਵਾਸ ਦੇ ਦੌਰਾਨ, ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਵੱਡੇ ਸਾਹਿਬਜ਼ਾਦੇ, ਸਾਹਿਬਜ਼ਾਦਾ ਅਜੀਤ ਸਿੰਘ ਦਾ ਜਨਮ, ਮਾਤਾ ਸੁੰਦਰੀ ਜੀ ਦੇ ਕੁੱਖੋਂ, 26 ਜਨਵਰੀ 1687 ਨੂੰ ਹੋਇਆ। ਇਸ ਤੋਂ ਅਗਲੇ ਸਾਲ ਹੀ ਗੁਰੂ ਸਾਹਿਬ ਵਾਪਸ ਅਨੰਦਪੁਰ ਸਾਹਿਬ ਆ ਗਏ ਜਿੱਥੇ ਸਾਹਿਬਜ਼ਾਦੇ ਦੀ ਪਾਲਣਾ ਪ੍ਰਵਾਨਿਤ ਸਿੱਖ ਪਰੰਪਰਾ ਅਨੁਸਾਰ ਹੋਣ ਲੱਗੀ। ਬਾਬਾ ਅਜੀਤ ਸਿੰਘ ਨੇ ਸਿੱਖ ਸਾਹਿਤ, ਫ਼ਲਸਫ਼ੇ ਅਤੇ ਇਤਿਹਾਸ ਦਾ ਅਧਿਐਨ ਕੀਤਾ, ਅਤੇ ਨਾਲ ਹੀ ਘੁੜਸਵਾਰੀ, ਤਲਵਾਰਬਾਜ਼ੀ ਤੇ ਤੀਰਅੰਦਾਜ਼ੀ ਵਰਗੀਆਂ ਨਿਰਭੈ ਕਲਾਵਾਂ ਵਿੱਚ ਸਿੱਖਿਆ ਲਈ। ਆਪ ਇੱਕ ਤੰਦਰੁਸਤ, ਮਜ਼ਬੂਤ, ਸਿਆਣੇ ਤੇ ਜੁਝਾਰੂ ਆਗੂ ਹੋ ਨਿਬੜੇ। ਹਰ ਸ਼ਾਮ, ਆਪ ਆਪਣੇ ਛੋਟੇ ਭਰਾ ਬਾਬਾ ਜੁਝਾਰ ਸਿੰਘ ਨੂੰ ਨਾਲ ਲੈ ਕੇ, ਆਪਣੇ ਮਿੱਤਰਾਂ ਨੂੰ ਇਕੱਠਿਆਂ ਕਰਦੇ ਅਤੇ ਦੋ ਦਸਤੇ ਬਣਾ ਲੈਂਦੇ। ਫਿਰ ਆਪ ਦੋਵੇਂ ਦਸਤਿਆਂ ਵਿਚਕਾਰ ਤਲਵਾਰਾਂ ਤੇ ਤੀਰਾਂ ਨਾਲ ਨਕਲੀ ਮੁਕਾਬਲੇ ਕਰਦੇ। ਕਦੇ-ਕਦੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੀ ਆਪਣੇ ਦੋਵੇਂ ਸਾਹਿਬਜ਼ਾਦਿਆਂ ਦੀਆਂ ਇਨ੍ਹਾਂ ਫ਼ੌਜੀ ਗਤੀਵਿਧੀਆਂ ਨੂੰ ਵੇਖਦੇ। ਬਾਬਾ ਅਜੀਤ ਸਿੰਘ ਇੱਕ ਬਹਾਦਰ ਤੇ ਤਕੜੇ ਜੋਧੇ ਸਨ। ਆਪ ਨੇ ਮੁੱਢਲੀ ਉਮਰ ਵਿੱਚ ਹੀ ਗੁਰੂ ਸਾਹਿਬ ਦੀਆਂ ਜੰਗਾਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਅਤੇ ਕਈ ਵਾਰ ਆਪ ਨੇ ਇਨ੍ਹਾਂ ਜੰਗਾਂ ਵਿੱਚ ਆਪਣੀ ਬਹਾਦਰੀ ਦੇ ਹੈਰਾਨੀਜਨਕ ਕੌਤਕ ਵਿਖਾਏ। ਕੋਈ ਵੀ ਖ਼ਤਰਾ ਆਪ ਜੀ ਨੂੰ ਆਪਣੇ ਫ਼ਰਜ਼ ਨੂੰ ਪੂਰਾ ਕਰਨ ਵਿੱਚ ਡਰਾ ਜਾਂ ਰੋਕ ਨਹੀਂ ਸਕਦਾ ਸੀ। 1699 ਈ. ਦੀ ਵਿਸਾਖੀ ਵਾਲੇ ਦਿਨ, ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਸਿੱਖ ਕੌਮ ਨੂੰ ਇੱਕ ਨਵਾਂ ਰੰਗ ਦਿੱਤਾ ਖ਼ਾਲਸਾ ਪੰਥ ਦੀ ਸਾਜਨਾ ਕੀਤੀ। ਇਸ ਨਾਲ ਕੌਮ ਵਿੱਚ ਇੱਕ ਨਵੀਂ ਪਿਰਤ ਪੈ ਗਈ। ਗੁਰੂ ਸਾਹਿਬ ਦੇ ਦੋਵੇਂ ਸਾਹਿਬਜ਼ਾਦੇ - ਬਾਬਾ ਅਜੀਤ ਸਿੰਘ ਤੇ ਜੁਝਾਰ ਸਿੰਘ ਸਮੇਤ ਹਜ਼ਾਰਾਂ ਹੀ ਸ਼ਰਧਾਲੂਆਂ ਨੇ ‘ਖੰਡੇ ਦੀ ਪਾਹੁਲ' ਧਾਰਨ ਕੀਤੀ। ਖ਼ਾਲਸਾ ਪੰਥ ਦੀ ਸਿਰਜਨਾ ਤੋਂ ਫੌਰੀ ਬਾਅਦ ਹੀ ਬਾਬਾ ਅਜੀਤ ਸਿੰਘ ਦੇ ਹੁਨਰਾਂ ਦੀ ਪਹਿਲੀ ਪਰਖ ਹੋਈ। ਪੰਜਾਬ ਦੇ ਉਤਰੀ-ਪੱਛਮ ਇਲਾਕੇ ਪੋਠੋਹਾਰ ਤੋਂ ਆ ਰਹੀ ਸਿੱਖ ਸੰਗਤ ਉੱਤੇ ਰਾਹ ਵਿੱਚ, ਅਨੰਦਪੁਰ ਸਾਹਿਬ ਦੇ ਨੇੜੇ, ਨੂਹ ਪਿੰਡ ਦੇ ਰੰਘੜਾਂ ਨੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਨੂੰ ਲੁੱਟ ਲਿਆ। ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਅਜੀਤ ਸਿੰਘ ਨੂੰ ਸਤਲੁਜ ਨਦੀ ਦੇ ਪਾਰ ਉਸ ਪਿੰਡ ਵਿੱਚ ਹਮਲਾਵਰਾਂ ਨੂੰ ਸੋਧਣ ਲਈ ਭੇਜਿਆ। 13 ਮਈ 1699 ਨੂੰ ਬਾਬਾ ਅਜੀਤ ਸਿੰਘ ਦੀ ਉਮਰ ਕੇਵਲ 12 ਵਰ੍ਹਿਆਂ ਦੀ ਸੀ ਜਦੋਂ ਉਹ 100 ਸਿੱਖਾਂ ਦਾ ਜੱਥਾਂ ਲੈ ਕੇ ਉਥੇ ਗਏ ਅਤੇ ਰੰਘੜਾਂ ਨੂੰ ਸਜ਼ਾ ਦੇ ਕੇ, ਸੰਗਤ ਦਾ ਸਾਮਾਨ ਵਾਪਸ ਲੈ ਕੇ ਆਏ। ਇਸ ਤੋਂ ਅਗਲੇ ਵਰ੍ਹੇ, ਆਪ ਜੀ ਨੂੰ ਇੱਕ ਅਹਿਮ ਕਾਰਜ ਸੌਂਪਿਆ ਗਿਆ ਜਦੋਂ ਪਹਾੜੀ ਰਾਜਿਆਂ ਨੇ ਸ਼ਾਹੀ ਫ਼ੌਜ ਨਾਲ ਮਿਲ ਕੇ ਅਨੰਦਪੁਰ 'ਤੇ ਹਮਲਾ ਕਰ ਦਿੱਤਾ। ਸਾਹਿਬਜ਼ਾਦਾ ਅਜੀਤ ਸਿੰਘ ਨੂੰ ਤਾਰਾਗੜ੍ਹ ਕਿਲ੍ਹੇ ਦੀ ਰੱਖਿਆ ਦੀ ਜ਼ਿੰਮੇਵਾਰੀ ਸੌਂਪੀ ਗਈ, ਜੋ ਕਿ ਹਮਲੇ ਦਾ ਪਹਿਲਾ ਨਿਸ਼ਾਨਾ ਸੀ।

You may also like these