ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਅੱਜ ਤੋ ਅਸੀਂ ਗੁਰੂ ਸਾਹਿਬ ਦੀ ਕਿਰਪਾ ਨਾਲ ਗੁਰੂ ਗੋਬਿੰਦ ਸਿੰਘ ਜੀ ਦੇ ਅਨੰਦਪੁਰ ਸਾਹਿਬ ਨੂੰ ਛੱਡਣ ਤੋ ਲੈ ਕੇ ਅੱਗਲੇ ਦਿਨਾਂ ਦਾ ਇਤਿਹਾਸ ਆਪ ਜੀ ਨਾਲ ਸਾਂਝਾ ਕਰਨ ਲੱਗੇ ਆ ਜੀ। ਕਿਰਪਾ ਕਰਕੇ ਆਪ ਵੀ ਪੜ੍ਹਨਾ ਹੋਰ ਸੰਗਤ ਨੂੰ ਵੀ ਸ਼ੇਅਰ ਕਰਨਾ।
ਭਾਗ-1 ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਤੋਂ ਅਨੰਦਗੜ੍ਹ ਦਾ ਕਿਲ੍ਹਾ ਖਾਲੀ ਕਰਾਉਣ ਲਈ ਸੱਤ ਮਹੀਨੇ ਤੋਂ ਵੱਧ ਸਮਾਂ ਘੇਰਾ ਪਾਉਣ ਵਾਲੇ ਪਹਾੜੀ ਰਾਜੇ ਤੇ ਮੁਗਲ ਫੌਜਾਂ ਦੇ ਜਰਨੈਲ ਪੂਰੀ ਤਰ੍ਹਾਂ ਹਾਰ-ਹੰਭ ਚੁੱਕੇ ਸੀ। ਏਨੇ ਲੰਬੇ ਘੇਰੇ ਦੇ ਬਾਅਦ ਵੀ ਉਨ੍ਹਾਂ ਨੂੰ ਕੁਝ ਹਾਸਿਲ ਨਹੀਂ ਸੀ ਹੋਇਆ। ਕਿਲ੍ਹੇ ਅੰਦਰ ਖਾਣ-ਪੀਣ ਦੀਆਂ ਵਸਤਾਂ ਬਿਲਕੁਲ ਮੁੱਕ ਚੁੱਕੀਆਂ ਸਨ। ਦਰੱਖਤਾਂ ਦੇ ਪੱਤੇ, ਜੜ੍ਹਾਂ ਉਬਾਲ ਕੇ ਖਾ ਗੁਜਾਰਾ ਕਰਦੇ ਸਿੰਘ ਵਾਹਿਗੁਰੂ ਦੇ ਭਾਣੇ ਅੰਦਰ ਦਿਨ ਕਟੀ ਕਰੀ ਜਾਂਦੇ। ਸਤਿਗੁਰੂ ਜੀ ਨਾਮ-ਬਾਣੀ ਨਾਲ ਜੋੜ ਕੇ ਸਿੰਘਾਂ ਦੀ ਰੂਹ ਖੇੜੇ ਵਿੱਚ ਲੈ ਆਉਂਦੇ ਅਤੇ ਥੋੜ੍ਹੇ ਦਿਨ ਹੋਰ ਏਸੇ ਤਰ੍ਹਾਂ ਕੱਟਣ ਲਈ ਸਿਦਕ ਤੇ ਸਿਰੜ ਦਾ ਹੁਲਾਰਾ ਦਿੰਦੇ। ਪਹਾੜੀ ਤੇ ਮੁਗਲ ਫੌਜਾਂ ਅੱਕ ਚੁੱਕੀਆਂ ਸਨ, ਉਨ੍ਹਾਂ ਆਟੇ ਦੀ ਗਊ ਬਣਾ ਕੁਰਾਨ ਸ਼ਰੀਫ ਥਾਲ ਵਿੱਚ ਰੱਖ ਕਸਮਾਂ ਖਾਧੀਆਂ ਕਿ ਤੁਸੀਂ ਅਨੰਦਪੁਰ ਨੂੰ ਛੱਡ ਜਾਵੋ, ਅਸੀਂ ਆਪ ਜੀ ਨੂੰ ਕੋਈ ਵੀ ਦੁੱਖ ਨਹੀਂ ਦੇਵਾਂਗੇ। ਇਸ ਨਾਲ ਸਾਡੀ ਵੀ ਬਣੀ ਰਹਿ ਜਾਂਦੀ ਹੈ, ਆਪ ਜੀ ਜਿਧਰ ਚਾਹੋ ਜਾ ਸਕਦੇ ਹੋ, ਫਿਰ ਜਦੋਂ ਮਰਜ਼ੀ ਅਨੰਦਪੁਰ ਵਾਪਿਸ ਆ ਜਾਣਾ। ਗੁਰੂ ਜੀ ਇਨ੍ਹਾਂ ਦਾ ਫਰੇਬ ਚੰਗੀ ਤਰ੍ਹਾਂ ਜਾਣਦੇ ਸੀ । ਗੁਰੂ ਜੀ ਨੇ ਪਾਟੇ ਬਸਤਰ, ਟੁੱਟਾ-ਭੱਜਾ ਸਮਾਨ, ਪਸ਼ੂਆਂ ਦੀਆਂ ਹੱਡੀਆਂ, ਪਿੰਜਰ ਗੱਡਿਆਂ 'ਤੇ ਲਦਵਾ ਕੇ ਉੱਪਰ ਰੇਸ਼ਮੀ ਕਪੜੇ ਨਾਲ ਢੱਕ ਕੇ ਅਨੰਦਗੜ੍ਹ ਦੇ ਕਿਲ੍ਹੇ ਤੋਂ ਬਾਹਰ ਤੋਰ ਦਿੱਤੇ, ਸਿੰਘਾਂ ਨੂੰ ਗੁਪਤ ਸਮਝਾ ਦਿੱਤਾ। ਗੱਡੇ ਅਜੇ ਕਿਲ੍ਹੇ ਤੋਂ ਥੋੜੀ ਦੂਰ ਹੀ ਗਏ ਸਨ ਕਿ ਪਹਾੜੀ ਰਾਜੇ ਤੇ ਮੁਗਲ ਫੌਜਾਂ ਨੇ ਗੁਰੂ ਦਾ ਖਜਾਨਾ ਮਾਲ-ਅਸਬਾਬ ਜਾਣ ਹੱਲਾ ਬੋਲ ਦਿੱਤਾ। ਗੱਡੇ ਹੱਕਣ ਵਾਲੇ ਸਿੰਘ ਗੁਰੂ ਜੀ ਦੇ ਸਮਝਾਏ ਹੋਏ ਸੀ, ਮੌਕਾ ਸੰਭਾਲ ਕਿਲ੍ਹੇ ਦੇ ਅੰਦਰ ਆ ਵੜੇ। ਗੱਡੇ ਤੇ ਬਲਦ ਗੁਰੂ ਜੀ ਨੇ ਪਹਾੜੀ ਰਾਜਿਆਂ ਪਾਸੋਂ ਹੀ ਲਏ ਸਨ। ਪਾਟੇ ਲੀੜੇ, ਟੁੱਟੀਆਂ ਕਾਠੀਆਂ, ਟੁੱਟਾ-ਭੱਜਾ ਸਮਾਨ, ਪਿੰਜਰ, ਹੱਡੀਆਂ ਦੇਖ ਪਹਾੜੀਏ ਬਹੁਤ ਸ਼ਰਮਿੰਦੇ ਹੋਏ। ਕੁਝ ਦਿਨ ਹੋਰ ਏਸੇ ਤਰ੍ਹਾਂ ਹੀ ਲੰਘ ਗਏ, ਕਈ ਸਿੰਘ ਭੁੱਖ ਨਾਲੋਂ ਲੜ ਕੇ ਮਰ ਜਾਣਾ ਚੰਗਾ ਜਾਣ ਕਿਲ੍ਹੇ ਤੋਂ ਬਾਹਰ ਨਿਕਲ ਵੈਰੀ ਨਾਲ ਦੋ ਹੱਥ ਕਰ ਆਪਣੀਆਂ ਕੀਮਤੀ ਜਾਨਾਂ ਵਾਰ ਸ਼ਹੀਦ ਹੋ ਗਏ। ਵੈਰੀ ਦਲ ਦੀ ਕੋਈ ਵਾਹ-ਪੇਸ਼ ਨਾ ਗਈ, ਹੁਣ ਉਨ੍ਹਾਂ ਨੇ ਔਰੰਗਜ਼ੇਬ ਦੇ ਦਸਤਖ਼ਤਾਂ ਵਾਲੀ ਚਿੱਠੀ ਭੇਜ ਕੁਰਾਨ ਸ਼ਰੀਫ ਦੀ ਤੇ ਗਊ ਦੀ ਕਸਮ ਖਾਧੀ। ਪਿਛਲੇ ਕੀਤੇ ਦੀ ਮੁਆਫੀ ਮੰਗੀ, ਕਈ ਵਾਰ ਲੇਲੜੀਆਂ ਕੱਢੀਆਂ ਕਿ ਆਪ ਜੀ ਕਿਲ੍ਹਾ ਛੱਡ ਜਾਵੋ, ਆਪ ਜੀ ਦਾ ਕੋਈ ਨੁਕਸਾਨ ਨਹੀਂ ਕੀਤਾ ਜਾਵੇਗਾ। ਇਸ ਨਾਲ ਸਾਡੀ ਵੀ ਰਹਿ ਜਾਊ, ਨਹੀਂ ਤਾਂ ਅਸੀਂ ਕੀ ਮੂੰਹ ਲੈ ਕੇ ਘਰਾਂ ਨੂੰ ਜਾਵਾਂਗੇ । ਪਰਜਾ ਵਿੱਚ ਸਾਡੀ ਪੱਤ ਨਹੀਂ ਰਹਿੰਦੀ, ਲੋਕ ਕਹਿਣਗੇ ਏਨਾ ਲੰਬਾ ਘੇਰਾ ਪਾ ਕੇ ਗੁਰੂ ਨੂੰ ਫੜਨ ਦੀਆਂ ਫੜ੍ਹਾਂ ਮਾਰਨ ਵਾਲੇ ਹੁਣ ਕਿਹੜੇ ਮੰਹ ਘਰਾਂ ਨੂੰ ਆ ਗਏ, ਘਰਾਂ ਵਿੱਚ ਸਾਡਾ ਜਿਉਣਾ ਹਰਾਮ ਹੋ ਜਾਉ । ਹੁਣ ਤੁਸੀਂ ਆਪਣੀ ਮਰਜ਼ੀ ਨਾਲ ਕਿਲਾ ਛੱਡ ਜਾਓ ਅਸੀਂ ਵਾਪਸ ਘਰਾਂ ਨੂੰ ਪਰਤ ਜਾਵਾਂਗੇ। ਪਹਾੜੀਏ ਤੇ ਮੁਗਲ ਜਰਨੈਲ ਗੁਰੂ ਜੀ ਨੂੰ ਮਨਾਉਣ ਲਈ ਸਿਰ ਭਾਨੇ ਡਿੱਗ ਚੁੱਕੇ ਸੀ। ਉਨ੍ਹਾਂ ਵਿੱਚ ਘੇਰਾ ਹੋਰ ਲੰਬਾ ਕਰਨ ਲਈ ਸਾਹ ਸਤ ਨਹੀਂ ਸੀ ਰਿਹਾ। ਏਥੇ ਸਿੰਘਾਂ ਨੇ ਤੇ ਨਗਰ ਵਾਸੀਆਂ ਨੇ ਵੀ ਗੁਰੂ ਜੀ ਅੱਗੇ ਬੇਨਤੀਆਂ ਕੀਤੀਆਂ ਕਿ ਮਹਾਰਾਜ ਜੀ ਭੁੱਖ ਦੁੱਖੋਂ ਬਹੁਤ ਦੁਖੀ ਹੋ ਗਏ ਹਾਂ, ਖਾਣ ਲਈ ਹੁਣ ਤਾਂ ਦਰੱਖਤਾਂ ਦੇ ਪੱਤੇ ਵੀ ਨਹੀਂ ਬਚੇ, ਮਾਸ ਸਰੀਰ ਨਾਲੋਂ ਝੜ ਗਿਆ ਹੈ, ਸਰੀਰ ਹੱਡੀਆਂ ਦੀ ਮੁੱਠ ਰਹਿ ਗਏ ਨੇ, ਆਪ ਜੀ ਕ੍ਰਿਪਾ ਕਰੋ ਕਿਲ੍ਹੇ ਨੂੰ ਛੱਡ ਜਾਵੋ। ਗੁਰੂ ਜੀ ਨੇ ਮੌਕੇ ਦੇ ਹਾਲਾਤ ਨੂੰ ਦੇਖਦੇ ਹੋਏ ਕਿਲ੍ਹਾ ਛੱਡਣ ਦਾ ਫੈਸਲਾ ਲੈ ਲਿਆ ਅਤੇ ਕਿਹਾ ਕਿ ਜੇਕਰ ਕੋਈ ਘਟਨਾ ਵਾਪਰੀ ਤਾਂ ਤੁਸੀਂ ਸਾਰੇ ਜ਼ਿੰਮੇਵਾਰ ਹੋਵੋਗੇ। ਭੁੱਖ ਦੇ ਮਾਰਿਆਂ ਸਾਰਿਆਂ ਨੇ ਹਾਂ ਕਰ ਦਿੱਤੀ। ਕਿਲ੍ਹਾ ਛੱਡਣ ਦੀ ਤਿਆਰੀ ਹੋਣ ਲੱਗੀ, ਸਾਰੇ ਸਾਮਾਨ ਦੀਆਂ ਸੂਚੀਆਂ ਤਿਆਰ ਕਰ ਦਫ਼ਤਰ ਵਿੱਚ ਕਲਮਬੰਦ ਕੀਤੀਆਂ ਗਈਆਂ। ਨਾ ਚੁੱਕਣ ਜੋਗਾ ਜੋ ਵਾਧੂ ਸਾਮਾਨ ਸੀ ਉਸ ਨੂੰ ਅੱਗ ਵਿੱਚ ਸਾੜਿਆ ਗਿਆ, ਧਰਤੀ ਵਿੱਚ ਦਬਾ ਦਿੱਤਾ ਤੇ ਸਤਲੁਜ ਦਰਿਆ ਵਿੱਚ ਡੁਬੋ ਦਿੱਤਾ ਗਿਆ ਤਾਂ ਕਿ ਦੁਸ਼ਮਣ ਦੇ ਹੱਥ ਨਾ ਲੱਗ ਸਕੇ । ਬਿੱਜਘੋਖ, ਬਾਘਨ, ਨਿਹੰਗਨ, ਸੱਤ ਜੀਤ ਤੇ ਕਾਲੀ ਇਨ੍ਹਾਂ ਪੰਜਾਂ ਤੋਪਾਂ ਨੂੰ ਪਾਣੀ ਵਿੱਚ ਡੁਬੋ ਦਿੱਤਾ। ਨਿਹੰਗਨ ਤੋਪ ਬਹੁਤ ਵੱਡੀ ਤੋਪ ਸੀ ਜੋ ਦੂਰ ਤੱਕ ਮਾਰ ਕਰਦੀ ਸੀ, ਗੁਰੂ ਜੀ ਨੇ ਇਸ ਨੂੰ ਆਪਣੀ ਨਿਗਰਾਨੀ ਹੇਠ ਬਹੁਤ ਹੀ ਰੀਝ ਨਾਲ ਕਿਲ੍ਹਾ ਲੋਹਗੜ੍ਹ ਦੇ ਸਥਾਨ ਉੱਤੇ ਬਣਵਾਇਆ ਸੀ। ਇਨ੍ਹਾਂ ਪੰਜਾਂ ਤੋਂ ਇਲਾਵਾ ਦੋ ਹੋਰ ਛੋਟੀਆਂ ਤੋਪਾਂ ਵੀ ਸਨ ਜੋ ਜੰਗ-ਯੁੱਧ ਦੌਰਾਨ ਗੁਰੂ ਜੀ ਨੇ ਪਹਾੜੀ ਰਾਜਿਆਂ ਤੋਂ ਜਿੱਤੀਆਂ ਸੀ। ਇਨ੍ਹਾਂ ਨੂੰ ਗੁਰੂ ਜੀ ਨੇ ਕੇਸਗੜ੍ਹ ਸਾਹਿਬ ਵਾਲੇ ਸਥਾਨ 'ਤੇ ਧਰਤੀ ਥੱਲੇ ਦਬਾ ਦਿੱਤਾ। ਇਹ ਤੋਪਾਂ ਗੁਰੂ ਜੀ ਦੇ ਜਾਣ ਤੋਂ ਕਈ ਦਹਾਕੇ ਬਾਅਦ ਕੇਸਗੜ ਸਾਹਿਬ ਦੀਆਂ ਇਮਾਰਤਾਂ ਲਈ ਖੁਦਾਈ ਕਰਦਿਆਂ ਹੋਇਆਂ ਮਿਲੀਆਂ ਸੀ ਜੋ ਲਾਹੌਰ ਦੇ ਅਜਾਇਬ ਘਰ ਵਿੱਚ ਰੱਖੀਆਂ ਗਈਆਂ। ਦੱਬੇ, ਸਾੜੇ ਅਤੇ ਡਬੋਏ ਸਾਮਾਨ ਦਾ ਜਿਕਰ ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ ਵਿੱਚ ਕੇਸਰ ਸਿੰਘ ਛਿੱਬਰ ਇਨ੍ਹਾਂ ਸਤਰਾਂ ਨਾਲ ਕਰਦੇ ਹਨ- ਸੋ ਬੈਸੰਤ (ਅੱਗ) ਵਿਚਿ ਧਰਿ ਹੋਮ (ਯੱਗ) ਕਰੀਜੈ। ਇਸ ਤਰ੍ਹਾਂ ਮਾਇਆ ਸਭ ਜਲ ਬਸੰਤ੍ਰ ਨੂੰ ਨਿਤ ਦੀਜੈ । ਹੀਰਾ, ਮੋਤੀ, ਲਾਲ, ਜਵਾਹਿਰ, ਮਾਣਕ, ਚੂਨੀ, ਪੰਨਾ, ਪੁਖਰਾਜ। ਸੋਇਨਾ, ਰੁਪਾ (ਚਾਂਦੀ), ਗਹਿਣੇ ਘੜੇ-ਅਣਘੜੇ ਸਾਜੁ । ੫੩੫। ਸਭ ਹਵਾਲੇ ਜਲ ਪਰਮੇਸਰੁ ਦੇ ਕੀਤਾ। ਭਾਂਡੇ ਤ੍ਰਾਮੇ (ਤਾਂਬਾ), ਕਾਂਸੀ, ਲੋਹੇ, ਤੋੜੀ (ਆਦਿਕ) ਮਹੀਂ (ਮਿੱਟੀ) ਵਿਚਿ ਗੱਡ ਦੀਤਾ। ਸਤਾਰਾਂ ਲੱਖ ਬੱਤੀ ਹਜਾਰ ਸੱਤ ਸੈ ਪੈਂਤੀ ਰੁਪਈਏ ਏਹ ਲਿਖਨ ਵਿਚਿ ਆਇਆ। ਏਹ ਨਗਦ ਮਾਲ ਜਵਾਹਰ, ਜਲ ਵਿਚਿ ਪ੍ਰਵਾਹਿਆ । ੫੩੬। ਚਾਰਿ ਲੱਖ ਪੈਂਤੀ ਹਜਾਰ ਅਢਾਈ ਸੈ ਦਾ ਕਪੜਾ ਗਿਣਿਆ। ਸੋ ਬੈਸੰਤ੍ਰ ਦੇ ਹਵਾਲੇ ਕੀਤਾ, ਸੀਤਾ ਪ੍ਰੋਤਾ (ਸੀਤਾ-ਅਣਸੀਤਾ) ਬੁਣਿਆ।