ਸਰਸਾ ਨਦੀ ਤੇ ਵਿਛੋੜਾ ਪੈ ਗਿਆ
ਭਾਗ-1 ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਸਿੰਘਾਂ ਸਮੇਤ ਸਰਸਾ ਨਦੀ ਕੋਲ ਪਹੁੰਚ ਗਏ। ਏਥੇ ਪਹੁੰਚਦਿਆਂ ਅੰਮ੍ਰਿਤ ਵੇਲਾ ਹੋ ਗਿਆ, ਸਰਸਾ ਦਾ ਪਾਣੀ ਬਹੁਤ ਚੜ੍ਹਿਆ ਹੋਇਆ ਸੀ। ਸਤਿਗੁਰੂ ਜੀ ਨੇ ਅੰਮ੍ਰਿਤ ਵੇਲੇ ਦੀ ਸੰਭਾਲ ਲਈ ਆਸਾ ਜੀ ਦੀ ਵਾਰ ਦਾ ਕੀਰਤਨ ਆਰੰਭ ਕਰਵਾ ਦਿੱਤਾ। ਕਲਗੀ ਵਾਲਿਆ ਤੇਰੀਆਂ ਤੂੰ ਹੀ ਜਾਣਦਾ ਏਂ, ਪਿੱਛੇ ਜੰਗ ਜੋਰਾਂ 'ਤੇ ਹੋ ਰਿਹਾ ਸੀ ਤੇ ਮੇਰੇ ਪਾਤਸ਼ਾਹ ਪ੍ਰਮਾਤਮਾ ਦੀ ਕੀਰਤੀ ਸੁਣ ਰਹੇ ਹਨ। ਸਵੇਰ ਹੋਈ ਦੇਖਿਆ ਪਾਣੀ ਕੁਝ ਘਟਿਆ ਪਰ ਅਜੇ ਵੀ ਪਾਰ ਲੰਘਣਾ ਔਖਾ ਏ। ਦੁਸ਼ਮਣ ਗਿੱਦੜ ਚਾਂਗੜਾਂ ਮਾਰਦਾ ਸਰਸਾ ਨਦੀ 'ਤੇ ਆਣ ਪਹੁੰਚਾ। ਇੱਥੇ ਉਹ ਜੰਗ ਹੋਈ ਜਿਸਦਾ ਕੋਈ ਹਿਸਾਬ-ਕਿਤਾਬ ਨਹੀਂ ਲਾਇਆ ਜਾ ਸਕਦਾ, ਇਹ ਭਿਆਨਕ ਤੋਂ ਵੀ ਭਿਆਨਕ ਸੀ। ਵੈਰੀ ਸਮਝਦਾ ਸੀ ਕਿ ਹੁਣ ਗੁਰੂ ਸਾਡੇ ਹੱਥੋਂ ਬਚ ਕੇ ਨਹੀਂ ਜਾ ਸਕਦਾ। ਗੁਰੂ ਦਿਆਂ ਸਿੰਘਾਂ ਨੇ ਵੈਰੀ ਨੂੰ ਆਪਣੀ ਹਿੱਕ ਦੇ ਜੋਰ ਰੋਕੀ ਰੱਖਿਆ, ਸਤਿਗੁਰੂ ਜੀ ਵੱਲ ਕਿਸੇ ਨੂੰ ਫਟਕਣ ਨਾ ਦਿੱਤਾ। ਜਿਹੜਾ ਵੀ ਏਧਰ ਨੂੰ ਆਇਆ ਉਸਨੂੰ ਬੁਰੀ ਤਰ੍ਹਾਂ ਚੀਰ ਸੁੱਟਿਆ। ਪਾਤਸ਼ਾਹ ਜੀ ਨੇ ਸਰਸਾ ਪਾਰ ਕਰਨ ਦਾ ਹੁਕਮ ਦਿੱਤਾ। ਦੋਹਰਾ - ਦਿਵਸ ਚੜ੍ਹਯੋ ਲਾਂਘਾ ਪਰਯੋ ਉਤਰ ਗਯੋ ਕਿਛ ਨੀਰ। ਕੋ ਆਗੈ ਕੋ ਪਾਛੈ ਵੜਯੋ ਧਰਯੋ ਨਾ ਕਿਨਹੂੰ ਧਰਿ। ਸਾਹਿਬਜ਼ਾਦੇ ਛਡ ਦੋਊ ਰਹੇ ਸੁ ਸਤਿਗੁਰ ਸਾਥ। ਛੋਟੇ ਗਏ ਵਡ ਮਾਤ ਸੰਗ ਭਈ ਐਸੀ ਕਿਛ ਬਾਤ। - ਸ੍ਰੀ ਪੰਥ ਪ੍ਰਕਾਸ਼ - ਭਾਈ ਰਤਨ ਸਿੰਘ ਭੰਗੂ - ਪੰਨਾ ੯੧ (ਸ੍ਰੋ: ਗੁ: ਪ੍ਰ: ਕ: ਸ੍ਰੀ ਅੰਮ੍ਰਿਤਸਰ) ਮੇਰੇ ਕਲਗੀਧਰ ਜੀ ਨੇ ਸਰਸਾ ਨਦੀ ਵੱਲ ਮੁਹਾਰਾਂ ਮੋੜੀਆਂ ਤੇ ਪਾਣੀ ਦੇ ਵਹਾ ਵਿੱਚ ਰੜੇ ਜਾਂਦੇ ਆਪਣੇ ਪਿਆਰੇ ਸਿੰਘਾਂ ਨੰ ਦੇਖ ਕੇ ਜੋਸ਼ ਵਿੱਚ ਸਰਸਾ ਨੂੰ ਕਿਹਾ, ਤੂੰ ਇਸ ਵੇਲੇ ਆਪਣਾ ਪਾਣੀ ਵਧਾ ਕੇ ਵੱਡੀ ਗਰੁ ਮਾਰ ਕੀਤੀ ਹੈ। (ਸਰਸਾ ਨਾਰਾ ਬਡੋ ਗੁਰ ਮਾਰਾ, ਲਹਯੋ ਇਹ ਔਸਰ ਨੀਰ ਬਢਾਯੋ ॥) ਇਹ ਕਹਿ ਕੇ ਗੁਰੂ ਜੀ ਨੇ ਆਪਣਾ ਘੋੜਾ ਪਾਣੀ ਵਿੱਚ ਵਾੜ ਦਿੱਤਾ। ਸਰਸਾ ਦੇ ਵਿਚਕਾਰੋਂ ਰੁਕ ਕੇ ਪਿੱਛੇ ਵੈਰੀ ਉੱਪਰ ਕਈ ਤੀਰ ਛੱਡੇ ਤੇ ਕਈ ਨਾਮੀ ਜਰਨੈਲ ਸਦਾ ਲਈ ਢੇਰੀ ਕਰ ਦਿੱਤੇ। ਵੱਡੇ ਸਾਹਿਬਜ਼ਾਦੇ ਪਾਤਸ਼ਾਹ ਜੀ ਨਾਲ ਹੀ ਸਰਸਾ ਪਾਰ ਕਰ ਗਏ, ਸਾਰਾ ਵਹੀਰ ਬੁਰੀ ਤਰ੍ਹਾਂ ਖਿੰਡ ਗਿਆ। ਬਹੁਤੇ ਸਿੰਘ ਸ਼ਹੀਦੀਆਂ ਪਾ ਗਏ, ਕਈਆਂ ਨੂੰ ਪਾਣੀ ਦਾ ਤੇਜ਼ ਵੇਗ ਰੋੜ ਕੇ ਲੈ ਗਿਆ। ਕੋਈ ਪਾਰ ਹੋ ਗਿਆ, ਕੋਈ ਰੁੜ ਗਿਆ, ਕੋਈ ਸ਼ਹੀਦੀ ਪ੍ਰਾਪਤ ਕਰ ਗਿਆ। ਪਾਤਸ਼ਾਹ ਜੀ ਵੱਲੋਂ ਕਈ ਸਾਲਾਂ ਦੀ ਮਿਹਨਤ ਨਾਲ ਲਿਖੇ ਅਨੇਕਾਂ ਗ੍ਰੰਥਾਂ ਸਮੇਤ ਸਭ ਤੋਂ ਵੱਡੇ ਆਕਾਰ ਦਾ ਗ੍ਰੰਥ ਵਿਦਿਆਸਰ ਵੀ ਸਰਸਾ ਦੀ ਭੇਟ ਚੜ੍ਹ ਗਿਆ। ਐਨੇ ਸ਼ੋਰ ਵਿੱਚ ਇੱਕ-ਦੂਸਰੇ ਨੂੰ ਅਵਾਜ ਮਾਰੀ ਸੁਣਾਈ ਨਾ ਦਿੱਤੀ, ਕਈ ਸਿੱਖ ਬੀਬੀਆਂ ਤੇ ਬਿਰਧ ਸ਼ਹੀਦੀਆਂ ਪਾ ਗਏ, ਕਈ ਬੱਚੇ ਵੀ ਮਾਰੇ ਗਏ। ਸਤਿਗੁਰੂ ਜੀ ਦਾ ਪਰਿਵਾਰ ਪੂਰੀ ਤਰ੍ਹਾਂ ਵਿੱਛੜ ਗਿਆ, ਵੀਰਾਂ ਨਾਲੋਂ ਵੀਰ ਐਸੇ ਵਿੱਛੜੇ ਕਿ ਫਿਰ ਦੁਬਾਰਾ ਨਾ ਮਿਲ ਸਕੇ। ਵੱਡੇ ਸਾਹਿਬਜ਼ਾਦੇ ਕਲਗੀਧਰ ਜੀ ਨਾਲ ਸਰਸਾ ਪਾਰ ਕਰ ਰੋਪੜ ਵੱਲ ਚਲੇ ਗਏ, ਛੋਟੇ ਸਾਹਿਬਜ਼ਾਦੇ ਤੇ ਦਾਦੀ ਮਾਂ ਗੁਜਰ ਕੌਰ ਜੀ ਸਰਸਾ ਨੂੰ ਪਾਰ ਨਾ ਕਰ ਸਕੇ । ਉਨ੍ਹਾਂ ਦੇ ਨਾਲ ਇੱਕ ਸੇਵਕ ਤੇ ਦਾਸੀ ਸੀ ਜੋ ਵਿੱਛੜ ਕੇ ਕਿਧਰੇ ਹੋਰ ਪਾਸੇ ਨੂੰ ਚਲੇ ਗਏ ਅਤੇ ਮਾਤਾ ਜੀ ਤੇ ਸਾਹਿਬਜ਼ਾਦੇ ਸਰਸਾ ਕਿਨਾਰੇ ਕਿਸੇ ਔਝੜ ਰਾਹਾਂ ਵੱਲ ਹੋ ਤੁਰੇ। ਮਾਤਾ ਸੁੰਦਰ ਕੌਰ ਜੀ, ਮਾਤਾ ਸਾਹਿਬ ਕੌਰ ਜੀ, ਭਾਈ ਮਨੀ ਸਿੰਘ ਜੀ ਦੇ ਜਥੇ ਦੇ ਸਿੰਘਾਂ ਸਮੇਤ ਸਰਸਾ ਤੋਂ ਪਾਰ ਰੋਪੜ ਜਾ ਰਹੇ। ਸਰਸਾ ਦੇ ਕਿਨਾਰੇ ਬਹੁਤ ਕਹਿਰ ਵਰਤਿਆ, ਸਭ ਕੁਝ ਹੱਸਦਾ-ਵੱਸਦਾ ਉੱਜੜ ਗਿਆ। ਪੰਥ ਵਸੇ ਮੈਂ ਉੱਜੜਾਂ ਵਾਲੇ ਕਲਗੀਧਰ ਜੀ ਦੇ ਬੋਲਾਂ ਵਾਲੀ ਕਹਾਣੀ ਸੱਚ ਹੋ ਗਈ। ੭ ਪੋਹ, ੧੭੬੧ ਬਿ: (੨੧ ਦਸੰਬਰ, ੧੭੦੪ ਈ:) ਦੀ ਚੜ੍ਹਦੀ ਸਵੇਰ ਗੁਰੂ ਪਰਿਵਾਰ ਨੂੰ ਵਿਛੋੜਨ ਵਾਲੀ ਮੰਦ ਭਾਗੀ ਹੋ ਨਿੱਬੜੀ। ਪਰਿਵਾਰ ਨਾਲੋਂ ਵਿੱਛੜ ਕੇ ਮਾਤਾ ਸੁੰਦਰ ਕੌਰ ਜੀ, ਮਾਤਾ ਸਾਹਿਬ ਕੌਰ ਜੀ, ਭਾਗੋ ਤੇ ਬੀਬੋ ਦੋਵੇਂ ਟਹਿਲਣਾਂ ਭਾਈ ਮਨੀ ਸਿੰਘ, ਭਾਈ ਜਵਾਹਰ ਸਿੰਘ ਤੇ ਭਾਈ ਧੰਨਾ ਸਿੰਘ, ਇਹ ਦੋਨੋ ਦਿੱਲੀ ਦੇ ਰਹਿਣ ਵਾਲੇ, ਰੋਪੜ ਪਹੁੰਚ ਗਏ। ਏਥੇ ਭਾਈ ਜਵਾਹਰ ਸਿੰਘ ਅਰੋੜਾ ਦੇ ਰਿਸ਼ਤੇਦਾਰ ਸੀ ਜੋ ਖਾਸ ਇਤਬਾਰੀ ਸ਼ਰਧਾਲੂ ਸਿੰਘ ਸਨ। ਮਾਤਾਵਾਂ, ਸਿੰਘ ਤੇ ਦਾਸੀਆਂ ਇਨ੍ਹਾਂ ਦੇ ਘਰ ਜਾ ਪਹੁੰਚੇ। ਇਹਨਾਂ ਨੇ ਪੁੱਜ ਕੇ ਸੇਵਾ ਕੀਤੀ। ਭਾਈ ਮਨੀ ਸਿੰਘ ਜੀ ਸਮੇਤ ਸਾਰੇ ਸਿੰਘਾਂ ਨੇ ਸਾਰੀ ਰਾਤ ਜਾਗ ਕੇ ਪਹਿਰਾ ਦਿੱਤਾ, ਇੱਕ ਘੜੀ ਵੀ ਨਾ ਸੌਂ ਸਕੇ, ਸਾਰੀ ਰਾਤ ਮੌਕੇ ਦੇ ਹਾਲਾਤ ਦੀ ਟੋਹ ਲੈਂਦੇ ਰਹੇ। ਇਹ ਰਾਤ ਮਾਤਾਵਾਂ ਲਈ ਵੀ ਕੱਟਣੀ ਸੌਖੀ ਨਹੀਂ ਸੀ। ਪੁੱਤਰ, ਪਤੀ ਤੇ ਰੱਬ ਵਰਗੀ ਸੱਸ ਦਾ ਵਿਛੋੜਾ ਧੁਰ ਸੀਨੇ ਨੂੰ ਧੂਹ ਪਾਈ ਜਾਂਦਾ। ਅਨੰਦਪੁਰ ਸਾਹਿਬ ਤੋਂ ਸਰਸਾ ਤੱਕ ਦਾ ਸਫਰ ਅੱਖਾਂ ਮੂਹਰਿਓ ਪਰ੍ਹੇ ਨਾ ਜਾਂਦਾ। ਕਿਵੇਂ ਵੈਰੀ ਨੇ ਧੋਖਾ ਦਿੱਤਾ, ਕਿਵੇਂ ਸਰਸਾ 'ਚ ਅੱਖਾਂ ਨਾਲ ਰੁੜੇ ਜਾਂਦੇ ਸਿੱਖ-ਸੇਵਕ ਤੱਕੇ, ਭੁੱਖ ਤੇ ਦੁੱਖ ਦੇ ਭੰਨੇ ਸਿੰਘ ਜਾਨਾਂ ਹੂਲ ਲੜਦੇ ਅੱਖਾਂ ਮੂਹਰੇ ਵਾਰ-ਵਾਰ ਆਣ ਮਾਵਾਂ ਦੇ ਸੀਨੇ 'ਚ ਹਲਚਲ ਮਚਾ ਨੀਂਦ ਉਡਾ ਦਿੰਦੇ। ਪੁੱਤਰ ਕਿੱਥੇ ਹੋਣਗੇ, ਪਤੀ ਦੀ ਸੇਵਾ ਵਿੱਚ ਕੌਣ ਹਾਜਰ ਹੋਵੇਗਾ, ਕੀ ਬੀਤੀ ਹੋਵੇਗੀ, ਇਹਨਾਂ ਸੋਚਾਂ ਵਿੱਚ ਸਾਰੀ ਰਾਤ ਪਾਸੇ ਲੈਂਦਿਆਂ ਬਤੀਤ ਹੋ ਗਈ। ਏਕ ਹੀ ਰਾਤ ਬਸੇ ਪੁਰ ਰੋਪਰ, ਭੋਰ ਹਵੈ ਗਾਡੀ ਮੈ ਲੀਨ ਚਢਾਏ। ਦਿੱਲੀ ਕੇ ਪੰਧ ਪਰੇ ਚਲ ਕੇ, ਦਿਨ ਕੇਤਨ ਮਹਿ ਤਹਿ ਪਹੁਚੇ ਆਇ। ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ - ਭਾਈ ਸੰਤੋਖ ਸਿੰਘ - ਪੰਨਾ ੫੮੬੯ ਸਵੇਰ ਹੁੰਦਿਆਂ ਦੋਨੋਂ ਮਾਤਾਵਾਂ ਭਾਈ ਮਨੀ ਸਿੰਘ, ਭਾਈ ਜਵਾਹਰ ਸਿੰਘ, ਭਾਈ ਧੰਨਾ ਸਿੰਘ ਅਤੇ ਭਾਗੋ ਤੇ ਬੀਬੋ ਸਾਰੇ ਭੇਸ ਵਟਾ ਕੇ ਇੱਕ ਬੈਲ ਗੱਡੀ ਵਿੱਚ ਬੈਠ ਕਈ ਦਿਨਾਂ ਦਾ ਕਸ਼ਟ ਭਰਿਆ ਸਫਰ ਤਹਿ ਕਰਕੇ ਦਿੱਲੀ ਪਹੁੰਚ ਗਏ। ਏਥੇ ਭਾਈ ਜਵਾਹਰ ਸਿੰਘ ਦੇ ਘਰ ਜਾ ਵਿਰਾਜੇ । ਅਗਲਾ ਭਾਗ………