ਸਵਾ ਲਾਖ ਸੇ ਏਕ ਲੜਾਊਂ
ਭਾਗ-3 ਭਾਈ ਦਇਆ ਸਿੰਘ ਜੀ ਨੇ ਕਿਹਾ ਪਾਤਸ਼ਾਹ ਜੀ ਸਾਹਿਬਜ਼ਾਦੇ ਨੂੰ ਜੰਗ ਵਿੱਚ ਨਾ ਭੇਜੋ। ਇੱਕ ਸਾਹਮਣੇ ਸ਼ਹੀਦ ਹੋ ਗਿਆ, ਦੂਜੇ ਦੋ ਪਤਾ ਨਹੀਂ ਕਿੱਥੇ ਨੇ, ਤੇਰੇ ਕੋਲ ਤਾਂ ਬਾਜਾਂ ਵਾਲਿਆ ਏਹੋ ਕੁਝ ਏ। ਪੰਥ ਦੇ ਵਾਲੀ ਨੇ ਬਹੁਤ ਠਰੰਮੇ ਨਾਲ ਕਿਹਾ, ਭਾਈ ਦਇਆ ਸਿੰਘ ਤੁਸੀਂ ਸਾਰੇ ਮੇਰੇ ਪੁੱਤ ਹੀ ਤਾਂ ਹੋ, ਸਾਰੇ ਖਾਲਸੇ ਮੇਰੇ ਹੀ ਪੁੱਤਰ-ਧੀਆਂ ਨੇ। ਇਸ ਤਰ੍ਹਾਂ ਸਿੰਘਾਂ ਨੂੰ ਧੀਰਜ ਦੇ ਕੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੂੰ ਵੀ ਪਹਿਲੇ ਪੁੱਤਰ ਵਾਂਗ ਹੱਥੀਂ ਸ਼ਸਤਰ ਸਜਾ ਨਾਲ ਭਾਈ ਹਿੰਮਤ ਸਿੰਘ ਜੀ, ਭਾਈ ਸਾਹਿਬ ਸਿੰਘ ਜੀ (ਪੰਜ ਪਿਆਰਿਆਂ ਵਿੱਚੋਂ) ਤੇ ਤਿੰਨ ਹੋਰ ਸਿੰਘ ਨਾਲ ਤਿਆਰ ਕੀਤੇ। ਦਰਵਾਜਾ ਖੁੱਲ੍ਹਿਆ, ਮੈਦਾਨ ਫਿਰ ਭਖਿਆ, ਵੈਰੀ ਸਾਹਿਬਜ਼ਾਦੇ ਦੀ ਵੀਰਤਾ ਦੇਖ ਕੰਬ ਉੱਠਿਆ। ਦੁਸ਼ਮਣ ਹਾਏ-ਹਾਏ ਕਰ ਚੀਖ-ਪੁਕਾਰ ਕਰਨ ਲੱਗਾ। ਮੁਗਲ ਜਰਨੈਲਾਂ ਰੋਹ ਵਿੱਚ ਆਣ ਭਰਮੇ ਹੱਲੇ ਕਰ ਘੇਰਾ ਆਣ ਘੱਤਿਆ। ਕਲਗੀਧਰ ਪਾਤਸ਼ਾਹ ਜੀ ਨੇ ਤੀਰਾਂ ਦੀ ਬੁਛਾੜ ਨਾਲ ਘੇਰਾ ਕਈ ਵਾਰ ਤੋੜਿਆ। ਪਿਤਾ ਦੇ ਦੇਖਦਿਆਂ-ਦੇਖਦਿਆਂ ਦੂਜਾ ਪੁੱਤਰ ਵੀ ਅੱਖਾਂ ਸਾਹਮਣੇ ਸ਼ਹੀਦ ਹੋ ਗਿਆ। ਗੜ੍ਹੀ ਦੀ ਮਮਟੀ ਵਿੱਚੋਂ ਫਿਰ ਜੈਕਾਰਾ ਗੂੰਜਿਆ, ਫਿਰ ਸ਼ੁਕਰ ਅਤੇ ਸਬਰ ਲਈ ਮਾਲਕ ਦਾ ਧੰਨਵਾਦ ਕੀਤਾ। ਸੂਰਜ ਵੀ ਮਿਟ ਗਿਆ, ਕਲਗੀਧਰ ਦਾ ਲਾਡਲਾ ਵੀ ਅੱਖਾਂ ਤੋਂ ਪਰ੍ਹੇ ਹੋ ਗਿਆ। ਅੱਲ੍ਹਾ ਯਾਰ ਖਾਂ ਯੋਗੀ ਨੇ ਕਿਹਾ :- ਆਜ਼ਾਦ ਕਰਾਇਆ ਬਨੀ ਆਦਮ ਕੇ ਗਲੇ ਕੋ ਕਟਵਾ ਦੀਏ ਬੱਚੇ ਭੀ ਮੁਰੀਦੋਂ ਕੇ ਭਲੇ ਕੋ। ਸੂਰਜ ਮਿਟਦਿਆਂ ਹੀ ਸਰਦੀ ਦੀ ਰੁੱਤ ਹੋਣ ਕਾਰਨ ਹਨੇਰਾ ਹੋ ਗਿਆ। ਸ਼ਾਹੀ ਫੌਜਾਂ ਵੱਲੋਂ ਜੰਗ ਬੰਦ ਹੋ ਗਈ। ਮੁਗਲ ਜਰਨੈਲ ਸਵੇਰ ਨੂੰ ਹੱਲਾ ਕਰਨ ਦੀਆਂ ਸਕੀਮਾਂ ਲਾ ਅੰਦਾਜੇ ਲਉਂਦੇ ਨੇ ਕਿ ਅੰਦਰ ਕਿੰਨੇ ਕੁ ਸਿੰਘ ਬਾਕੀ ਹੋਣਗੇ। ਉਨ੍ਹਾਂ ਨੂੰ ਸਮਝ ਨਹੀਂ ਆਉਂਦੀ ਕਿ ਕੀ ਕੀਤਾ ਜਾਵੇ। ਕਦੇ ਸੋਚਦੇ ਇਹ ਗੁਰੂ ਗੋਬਿੰਦ ਸਿੰਘ ਕਿਹੜੀ ਹਸਤੀ ਏ ਜੋ ਲੱਖਾਂ ਦੀ ਗਿਣਤੀ ਮੂਹਰੇ ਵੀ ਹਾਰ ਨਹੀਂ ਮੰਨਦੇ। ਅਜੇ ਤੱਕ ਵੈਰੀ ਦੇ ਹੱਥ-ਪੱਲੇ ਕੁਝ ਨਹੀਂ ਸੀ ਪੈ ਰਿਹਾ, ਉਨ੍ਹਾਂ ਨੂੰ ਹਰ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ। ਗੜ੍ਹੀ ਦੇ ਦੁਆਲੇ ਪਹਿਰਾ ਹੋਰ ਵੀ ਸਖਤ ਕਰ ਦਿੱਤਾ । ਸਾਰੀ ਰਾਤ ਜਾਗ ਕੇ ਪਹਿਰਾ ਦੇਣਾ ਏ, ਸਿਪਾਹੀਆਂ ਨੂੰ ਹਦਾਇਤ ਕਰ ਦਿੱਤੀ। ਗੜ੍ਹੀ ਦੇ ਅੰਦਰ ਪੰਜ ਤੋਂ ਅੱਠ ਸਿੰਘ ਬਾਕੀ ਰਹਿ ਗਏ, ਰਹਿਰਾਸ ਦਾ ਪਾਠ ਹੋਇਆ। ਕਲਗੀਧਰ ਜੀ ਪੂਰੀ ਤਰ੍ਹਾਂ ਚੜ੍ਹਦੀਆਂ ਕਲਾਂ ਵਿੱਚ ਵਿਚਰ ਰਹੇ ਨੇ, ਉਹਨਾਂ ਦੇ ਚਿਹਰੇ 'ਤੇ ਗਮ ਜਾਂ ਉਦਾਸੀ ਦਾ ਕੋਈ ਚਿੰਨ੍ਹ ਨਹੀਂ ਹੈ। ਉਹ ਤਾਂ ਸਵੇਰ ਹੁੰਦਿਆਂ ਰਣ ਵਿੱਚ ਜੂਝਣਾ ਚਾਹੁੰਦੇ ਨੇ । ਸਿੰਘਾਂ ਨੇ ਕਿਹਾ ਕਿ ਨਹੀਂ ਪਾਤਸ਼ਾਹ ਜੀ ਤੁਹਾਡੇ ਸਰੀਰ ਦੀ ਅਜੇ ਬਹੁਤ ਲੋੜ ਹੈ, ਤੁਸੀਂ ਗੜ੍ਹੀ ਨੂੰ ਛੱਡ ਜਾਵੋ । ਭਾਈ ਦਇਆ ਸਿੰਘ ਜੀ ਦੀ ਅਗਵਾਈ ਵਿੱਚ ਸਿੰਘਾਂ ਦੀਆਂ ਬੇਨਤੀਆਂ ਪਾਤਸ਼ਾਹ ਜੀ ਨੂੰ ਮੰਨਣੀਆਂ ਪਈਆਂ। ਉਨ੍ਹਾਂ ਕਿਹਾ ਕਿ ਅਸੀਂ ਜਾਣ ਲੱਗੇ ਵੈਰੀ ਨੂੰ ਦੱਸ ਕੇ ਜਾਵਾਂਗੇ। ਸਾਰਿਆਂ ਨੇ ਸਲਾਹ ਪ੍ਰਵਾਨ ਕਰ ਲਈ। ਭਾਈ ਸੰਗਤ ਸਿੰਘ ਜੀ ਜਿਸਦਾ ਚਿਹਰਾ ਕਲਗੀਧਰ ਜੀ ਨਾਲ ਮਿਲਦਾ ਸੀ ਉਸਦੇ ਸੀਸ 'ਤੇ ਹੱਥੀਂ ਕਲਗੀ ਸਜਾ ਕੇ ਕਿਹਾ, ਜਿਉਂਦੇ ਜੀਅ ਵੈਰੀ ਦੇ ਹੱਥ ਨਹੀਂ ਆਉਣਾ। ਜਿਸ ਮਮਟੀ 'ਤੇ ਅਸੀਂ ਬੈਠੇ ਸੀ ਉੱਥੇ ਬੈਠ ਸਾਡਾ ਏਥੇ ਹੋਣ ਦਾ ਭੁਲੇਖਾ ਪਾਈ ਰੱਖਣਾ। ਆਪਣਾ ਸਰੀਰਕ ਬਲ ਖਾਲਸਾ ਪੰਥ ਨੂੰ ਸੌਂਪ ਗੜ੍ਹੀ ਛੱਡਣ ਦੀ ਪੂਰੀ ਤਿਆਰੀ ਕਰ ਲਈ। ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ ਤੇ ਭਾਈ ਮਾਨ ਸਿੰਘ ਜੀ ਨੂੰ ਆਪਣੇ ਨਾਲ ਚੱਲਣ ਲਈ ਤਿਆਰ ਕੀਤਾ। ਚਮਕੌਰ ਦਾ ਸਾਕਾ ੮ ਪੋਹ, ੧੭੬੧ ਬਿ: (੨੨ ਦਸੰਬਰ, ੧੭੦੪ ਈ:) ਨੂੰ ਵਾਪਰਿਆ। ਏਸੇ ਦਿਨ ਵੱਡੇ ਸਾਹਿਬਜ਼ਾਦੇ, ਚਾਲੀ ਸਿੰਘਾਂ ਸਮੇਤ ਸ਼ਹੀਦ ਹੋ ਗਏ। ਚਮਕੌਰ ਸਾਹਿਬ ਬਾਰੇ ਅੱਲ੍ਹਾ ਯਾਰ ਖਾਂ ਯੋਗੀ ਨੇ ਲਿਖਿਆ ਹੈ :- ਬੱਸ ਏਕ ਹਿੰਦ ਮੇ ਤੀਰਥ ਹੈ ਯਾਤਰਾ ਕੇ ਲੀਏ। ਕਟਾਏ ਬਾਪ ਨੇ ਬੇਟੇ ਜਹਾਂ ਖੁਦਾ ਕੇ ਲੀਏ। ਅਗਲਾ ਭਾਗ………