ਚਮਕੌਰ_ਦੀ_ਗੜ੍ਹੀ_ਦੇ_ਸ਼ਹੀਦਾਂ_ਦੇ_ਸਸਕਾਰ_ਕਿਵੇਂ_ਹੋਏ
ਭਾਗ-2 ਹਨੇਰੇ ਵਿੱਚ ਹੱਥਾਂ ਦੀ ਟੋਹ ਨਾਲ ਸਿੰਘਾਂ ਦੇ ਸਰੀਰਾਂ ਨੂੰ ਪਛਾਣ ਕੇ ਦੋਨੋ ਭਰਾ ਬਹੁਤ ਅਦਬ ਨਾਲ ਅੰਗੀਠੇ 'ਤੇ ਲਿਆ ਰੱਖਦੇ। ਏਸੇ ਤਰ੍ਹਾਂ ਲੱਭਦਿਆਂ-ਢੂੰਡਦਿਆਂ ਸਾਹਿਬਜ਼ਾਦਿਆਂ ਦੇ ਸਰੀਰ ਵੀ ਮਿਲ ਗਏ। ਇਹ ਵੱਡੀ ਪ੍ਰਸੰਨਤਾ ਦੀ ਗੱਲ ਸੀ। ਮਨ ਹੀ ਮਨ ਦੋਨਾਂ ਨੇ ਕਲਗੀਧਰ ਜੀ ਦਾ ਧੰਨਵਾਦ ਕੀਤਾ। ਕੋਈ ਸਰੀਰ ਰਹਿ ਨਾ ਜਾਵੇ, ਆਪਣੀ ਪੂਰੀ ਤਸੱਲੀ ਕਰ ਲਈ। ਜੋ ਇਹਨਾਂ ਨੇ ਬਾਹਰੋਂ ਸੁਣਿਆ ਸੀ ਕਿ ਗੁਰੂ ਜੀ ਨਾਲ ਚਾਲੀ-ਪੰਤਾਲੀ ਸਿੰਘ ਹੀ ਗੜ੍ਹੀ ਦੇ ਅੰਦਰ ਮੌਜੂਦ ਸਨ, ਉਸ ਮੁਤਾਬਿਕ ਵੀ ਇਹਨਾਂ ਨੇ ਪੂਰੀ ਤਸੱਲੀ ਕਰ ਲਈ ਸੀ। ਚਾਲੀ ਸਿੰਘਾਂ ਦੇ ਤੇ ਦੋ ਸਾਹਿਬਜ਼ਾਦਿਆਂ ਦੇ ਸਰੀਰ ਅਤੇ ਬੀਬੀ ਸ਼ਰਨ ਕੌਰ ਦਾ ਸਰੀਰ ਅੰਗੀਠੇ 'ਤੇ ਰੱਖ, ਨੇੜੇ ਦੀਆਂ ਹਵੇਲੀਆਂ ਤੋਂ ਪਾਥੀਆਂ, ਕਾਹੀ, ਸਲਵਾੜ ਤੇ ਲੱਕੜਾਂ ਲਿਆ ਅੰਗੀਠਾ ਤਿਆਰ ਕਰ ਅਰਦਾਸ ਕੀਤੀ। ਅੱਖਾਂ ਵਿੱਚੋਂ ਅੱਥਰੂ ਕੇਰਦਿਆਂ ਅਗਨੀ ਲਾ ਦਿੱਤੀ ਤੇ ਦੋਨੋ ਭਰਾ ਇੱਕ- ਦੂਸਰੇ ਦੇ ਗਲ ਲੱਗ ਕੇ ਧਾਹੀਂ ਰੋ ਪਏ। ਅੱਗ ਦੀਆਂ ਲਾਟਾਂ ਦੇਖ ਸਿਪਾਹੀ ਦੌੜੇ ਆਏ। ਇਹ ਹੋਰ ਵੀ ਚੀਖਾਂ-ਕਿਲਕਾਰੀਆਂ ਮਾਰ, ਅੱਗ ਨਾਲ ਖੇਡ, ਮਿੱਟੀ-ਘੱਟਾ ਸਿਰ 'ਤੇ ਪਾਉਣ ਲੱਗੇ। ਸਿਪਾਹੀ ਪਾਗਲ ਜਾਣ ਵਾਪਸ ਮੁੜ ਗਏ। ਉਹਨਾਂ ਦਾ ਧਿਆਨ ਅੰਗੀਠੇ ਵੱਲ ਵੀ ਨਾ ਗਿਆ। ਸਤਿਗੁਰੂ ਪਾਤਸ਼ਾਹ ਜੀ ਦੀ ਕ੍ਰਿਪਾ ਸਦਕਾ ਭਾਈ ਰਾਮਾ ਤੇ ਭਾਈ ਤਿਲੋਕਾ, ਸਿੰਘਾਂ ਤੇ ਸਾਹਿਬਜ਼ਾਦਿਆਂ ਦੇ ਸਸਕਾਰ ਕਰਨ ਵਿੱਚ ਸਫਲ ਹੋ ਗਏ। ਗੜ੍ਹੀ ਦੇ ਸ਼ਹੀਦਾਂ ਦੇ ਸਸਕਾਰ ੧੦ ਪੋਹ, ੧੭੬੧ ਬਿ: (੨੪ ਦਸੰਬਰ, ੧੭੦੪ ਈ:) ਦੀ ਰਾਤ ਨੂੰ ਕੀਤੇ ਗਏ। ਇਸ ਤੋਂ ਤੀਜੇ ਦਿਨ ਬਾਅਦ ਸ਼ਹੀਦਾਂ ਦੀਆਂ ਅਸਥੀਆਂ ਨੂੰ ਮਿੱਟੀ ਦੇ ਦੋ ਵੱਡੇ ਮਟਕਿਆਂ 'ਚ ਪਾ ਧਰਤੀ 'ਚ ਦਬਾ ਕੇ ਭਾਈ ਰਾਮਾ ਤੇ ਤਿਲੋਕਾ ਆਪਣੇ ਨਗਰ ਫੂਲ ਨੂੰ ਚਲੇ ਗਏ। ਸਤਿਗੁਰੂ ਕਲਗੀਧਰ ਜੀ ਦਾ ਦਮਦਮਾ ਸਾਹਿਬ (ਤਲਵੰਡੀ ਸਾਬੋ) ਹੋਣਾ ਸੁਣ ਕੇ ਭਾਈ ਰਾਮਾ ਤੇ ਤਿਲੋਕਾ ਗੱਡਿਆਂ 'ਤੇ ਰਸਦਾਂ ਲੱਦਕੇ ਗੁਰੂ ਚਰਨਾਂ 'ਚ ਜਾ ਹਾਜਰ ਹੋਏ। ਪਾਤਸ਼ਾਹ ਜੀ ਨੇ ਪੁੱਛਿਆ ਕਿ ਇਹ ਰਸਦ ਤੁਸੀਂ ਆਪਣੇ ਵੱਲੋਂ ਲੈ ਕੇ ਆਏ ਹੋ ਜਾਂ ਸਾਰੇ ਭਾਈਚਾਰੇ ਵੱਲੋਂ? ਇਹਨਾਂ ਅਰਜ਼ ਕੀਤਾ ਕਿ ਪਾਤਸ਼ਾਹ ਸਾਡੇ ਕੋਲ ਜੋ ਦਸਵੰਧ ਸੀ ਲੈ ਆਏ, ਬਾਕੀ ਭਾਈਚਾਰਾ ਵੀ ਰਸਦ ਇਕੱਠੀ ਕਰ ਰਿਹਾ ਸੀ। ਵਿੱਚੋਂ ਕਿਸੇ ਪ੍ਰੇਮੀ ਸਿੱਖ ਨੇ ਕਿਹਾ ਕਿ ਪਾਤਸ਼ਾਹ ਜੀ ਇਨ੍ਹਾਂ ਨੇ ਚਮਕੌਰ ਦੇ ਸ਼ਹੀਦਾਂ ਦਾ ਸਸਕਾਰ ਕੀਤਾ ਹੈ। ਗੁਰੂ ਪਾਤਸ਼ਾਹ ਜੀ ਦੇ ਪੁੱਛਣ 'ਤੇ ਇਨ੍ਹਾਂ ਦੱਸਿਆ ਕਿ ਅਸੀਂ ਪਾਗਲ ਬਣ ਕੇ ਉੱਥੇ ਕਿਵੇਂ ਪਹੁੰਚੇ, ਕਿਵੇਂ ਸਸਕਾਰ ਕੀਤੇ, ਨਾਲ ਦੱਸਿਆ ਕਿ ਮਹਾਰਾਜ ਜੀ ਸਾਥੋਂ ਪਹਿਲਾਂ ਵੀ ਇੱਕ ਸਿੱਖ ਬੀਬੀ ਨੇ ਇਹ ਸੇਵਾ ਨਿਭਾਉਂਦਿਆਂ ਆਪਣੀ ਜਾਨ ਦੇ ਦਿੱਤੀ। ਗੁਰੂ ਪਾਤਸ਼ਾਹ ਜੀ ਨੇ ਕਿਹਾ, ਉਹ ਗੁਰੂ ਪੁੱਤਰੀ ਧੰਨ ਸੀ, ਉਸਦਾ ਜੀਵਨ ਸਫਲ ਹੋ ਗਿਆ। ਇਹਨਾਂ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ ਕਿ ਪਾਤਸ਼ਾਹ ਜੀ ਜੇ ਮੁਗਲਾਂ ਨੂੰ ਪਤਾ ਲੱਗ ਜਾਂਦਾ ਕਿ ਆਪ ਜੀ ਦੇ ਸਾਹਿਬਜ਼ਾਦੇ ਵੀ ਸ਼ਹੀਦ ਹੋ ਗਏ ਹਨ ਤਾਂ ਉਹ ਉਹਨਾਂ ਦੇ ਸੀਸ ਉਤਾਰ ਕੇ ਲੈ ਜਾਂਦੇ । ਵੈਰੀ ਨੂੰ ਸਾਹਿਬਜ਼ਾਦਿਆਂ ਦੇ ਸਰੀਰ ਨਜ਼ਰ ਹੀ ਨਹੀਂ ਆਏ। ਆਪ ਜੀ ਦੀ ਕ੍ਰਿਪਾ ਸਦਕਾ ਸਾਨੂੰ ਸਾਹਿਬਜ਼ਾਦਿਆਂ ਦੇ ਸਰੀਰਾਂ ਦੇ ਦਰਸ਼ਨ ਹੋ ਗਏ। ਦ੍ਰਿਸ਼ਟਿ ਪਰੇ ਨਹਿ ਦੋਨਹੁ ਭਾਈ॥ ਜੇ ਪਾਵਤਿ ਸਿਰ ਵਢਿ ਲੇ ਜਾਈ॥ ਅਪਨੇ ਜਾਨਿ ਦਾਸ ਇਨ ਤਾਈਂ॥ ਦੋਨਹੁ ਲੋਥੈ ਦਈ ਦਿਖਾਈ॥ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ - ਭਾਈ ਸੰਤੋਖ ਸਿੰਘ - ਪੰਨਾ ੬੧੧੪ ਇਹ ਸੁਣ ਕੇ ਸਭ ਸੰਗਤ ਦੀਆਂ ਅੱਖਾਂ 'ਚੋਂ ਅੱਥਰੂ ਵਹਿ ਤੁਰੇ। ਪਾਤਸ਼ਾਹ ਜੀ ਨੇ ਸਭ ਨੂੰ ਦਿਲਾਸਾ ਦਿੱਤਾ। ਇਨ੍ਹਾਂ ਪ੍ਰੇਮੀਆਂ ਦੀ ਸੇਵਾ ਤੋਂ ਪ੍ਰਸੰਨ ਹੋ ਪਾਤਸ਼ਾਹ ਜੀ ਕਹਿਣ ਲੱਗੇ ਕਿ ਮੰਗੋ ਭਾਈ ਜੋ ਮੰਗਦੇ ਹੋ, ਗੁਰੂ ਨਾਨਕ ਦੇ ਘਰ ਕਿਸੇ ਚੀਜ ਦੀ ਕੋਈ ਘਾਟ ਨਹੀਂ ਹੈ। ਇਹਨਾਂ ਨਿਮਰਤਾ ਸਹਿਤ ਬੇਨਤੀ ਕੀਤੀ ਕਿ ਪਾਤਸ਼ਾਹ ਜੀ ਆਪ ਜੀ ਦਾ ਦਿੱਤਾ ਬਹੁਤ ਕੁਝ ਹੈ ਪਰ ਜਮੀਨ ਦੀ ਮਾਲਕੀ ਸਾਡੀ ਨਹੀਂ ਹੈ। ਪਾਤਸ਼ਾਹ ਜੀ ਕਹਿਣ ਲੱਗੇ ਕਿ ਇਲਾਕੇ ਤੁਹਾਡੇ ਹੋਣਗੇ, ਹਕੂਮਤ ਤੁਹਾਡੀ ਹੋਵੇਗੀ। ਤੁਸੀਂ ਅੰਮ੍ਰਿਤ ਛਕ ਕੇ ਸਿੰਘ ਸਜ ਜਾਵੋ, ਤੁਹਾਡੇ ਘਰ ਰਾਜ-ਭਾਗ ਆ ਜਾਵੇਗਾ। ਗੁਰੂ ਪਾਤਸ਼ਾਹ ਜੀ ਦਾ ਬਚਨ ਮੰਨ ਅੰਮ੍ਰਿਤ ਛਕ ਭਾਈ ਰਾਮ ਸਿੰਘ ਤੇ ਭਾਈ ਤਿਲੋਕ ਸਿੰਘ ਬਣ ਗਏ। ਸੱਤ ਦਿਨ ਪਾਤਸ਼ਾਹ ਜੀ ਦੀ ਸੇਵਾ ਕਰ ਆਗਿਆ ਲਈ, ਦੋਨ੍ਹਾਂ ਨੂੰ ਬਹੁਤ ਆਦਰ ਨਾਲ ਸਿਰੋਪਾਓ ਦੇ ਵਿਦਾਇਗੀ ਦਿੱਤੀ। ਇਹਨਾਂ ਦੇ ਵਾਰਿਸ ਨਾਭੇ, ਪਟਿਆਲੇ ਤੇ ਜੀਂਦ ਦੇ ਰਾਜੇ ਕਹਿਲਾਏ। ਛੇਵੇਂ, ਸੱਤਵੇਂ ਤੇ ਦਸਵੇਂ ਗੁਰੂ ਜੀ ਦੇ ਦਿੱਤੇ ਵਰ ਸਫਲ ਹੋਏ। ਇਹਨਾਂ ਭਰਾਵਾਂ ਨੇ ਅਨੰਦਪੁਰ ਸਾਹਿਬ ਦੇ ਘੇਰੇ ਸਮੇਂ ਵੀ ਕਈ ਬੰਦੇ ਆਪਣੇ ਵੱਲੋਂ ਗੁਰੂ ਜੀ ਦੀ ਸੇਵਾ ਵਿੱਚ ਭੇਜੇ ਅਤੇ ਰਸਦ ਤੇ ਹਥਿਆਰ ਵੀ ਭੇਜੇ ਸੀ। ਇਹਨਾਂ ਦੇ ਵਾਰਿਸਾਂ ਕੋਲ ਕਲਗੀਧਰ ਜੀ ਵੱਲੋਂ ਬਖਸ਼ਿਸ਼ ਕੀਤੀਆਂ ਬਹੁਤ ਵਸਤਾਂ ਹੁਣ ਵੀ ਮੌਜੂਦ ਹਨ। ਦਸਮ ਪਿਤਾ ਜੀ ਦੀ ਇਨ੍ਹਾਂ ਭਰਾਵਾਂ ਨਾਲ ਬਹੁਤ ਨੇੜਤਾ ਸੀ। ਇੱਕ ਹੁਕਮਨਾਮੇ ਵਿੱਚ ਪਾਤਸ਼ਾਹ ਜੀ ਨੇ ਇਨ੍ਹਾਂ ਨੂੰ ਤੇਰਾ ਘਰ ਮੇਰਾ ਹੈ ਕਹਿ ਕੇ ਅੰਦਰੁਨੀ ਪਿਆਰ ਦੀਆਂ ਬਖਸ਼ਿਸ਼ਾਂ ਕੀਤੀਆਂ। ਅਗਲਾ ਭਾਗ………