ਚਮਕੌਰ_ਦੀ_ਗੜ੍ਹੀ_ਦੇ_ਸ਼ਹੀਦਾਂ_ਦੇ_ਸਸਕਾਰ_ਕਿਵੇਂ_ਹੋਏ
#ਛੇਵੀਂ_ਤੇ_ਆਖਰੀ_ਰਾਤ
ਭਾਗ-1
ਵਜ਼ੀਰ ਖਾਂ ਹਰ ਸਖਤਾਈ ਕਰਕੇ ਗੁਰੂ ਗੋਬਿੰਦ ਸਿੰਘ ਜੀ ਦੇ ਸਪੁੱਤਰਾਂ ਨੂੰ ਇਸਲਾਮ ਵਿੱਚ ਲਿਆਉਣਾ ਚਾਹੁੰਦਾ ਸੀ। ਠੰਡੇ ਬੁਰਜ ਵਿੱਚ ਮਾਤਾ ਜੀ ਕੋਲ ਇਸ ਲਈ ਭੇਜ ਦਿੱਤੇ ਕਿ ਪੋਤਿਆਂ ਦੀਆਂ ਜਾਨਾਂ ਦੀ ਸਲਾਮਤੀ ਲਈ ਮੌਤ ਦਾ ਭੈ ਮੰਨਕੇ ਬਿਰਧ ਦਾਦੀ ਇਹਨਾਂ ਨੂੰ ਇਸਲਾਮ ਕਬੂਲਣ ਲਈ ਕਹੇਗੀ। ਬਰਫ ਵਰਗੀ ਠੰਡੀ ਰਾਤ ਦਾਦੀ ਪੋਤਿਆਂ ਨੇ ਕੱਟ ਲਈ, ਰਾਤ ਕਿਵੇਂ ਲੰਘੀ, ਇਸਦਾ ਅੰਦਾਜਾ ਕੀ ਲਾਈਏ। ਇਸ ਸਖਤੀ ਵਿੱਚੋਂ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਤੇ ਪੁੱਤਰ ਹੀ ਲੰਘ ਸਕਦੇ ਸੀ ਹੋਰ ਕੋਈ ਨਹੀਂ। ਅਗਲੇ ਦਿਨ ੧੨ ਪੋਹ ਨੂੰ ਨਵਾਬ ਦਾ ਹੁਕਮ ਲੈ ਕੇ ਸਿਪਾਹੀ ਲੈਣ ਆ ਗਏ। ਉਦੋਂ ਅਜੇ ਦਿਨ ਦੇ ਪਹਿਲੇ ਪਹਿਰ ਦਾ ਅੱਧ ਕੁ ਹੀ ਬੀਤਿਆ ਸੀ ਕੇ ਜਾਲਮਾਂ ਨੇ ਨਿੱਕੀਆਂ ਜਿੰਦਾਂ ਨੂੰ ਲਿਜਾਣ ਦੀ ਏਨੀ ਕਾਹਲੀ ਪਾ ਦਿੱਤੀ। ਮਾਤਾ ਜੀ ਨੇ ਅੰਮ੍ਰਿਤ ਵੇਲੇ ਜਪੁਜੀ ਸਾਹਿਬ ਦਾ ਪਾਠ ਪਿਛਲੇ ਦਿਨਾਂ (ਵਿਛੋੜੇ ਦੇ ਦਿਨਾਂ) ਦੀ ਤਰ੍ਹਾਂ ਹੀ ਦੋਵਾਂ ਨੂੰ ਗੋਦੀ ‘ਚ ਪਿਆਂ ਨੂੰ ਹੀ ਸੁਣਾ ਦਿੱਤਾ ਸੀ । ਹੁਣ ਤਾਂ ਉਹ ਅਡੋਲ ਸਮਾਧੀ ‘ਚ ਬੈਠੀ ਹੋਈ ਸੀ ਤੇ ਨਿੱਕੀਆਂ ਜਿੰਦਾਂ ਦਾਦੀ ਮਾਂ ਨਾਲ ਚੁੰਬੜ ਕੇ ਬੈਠੀਆਂ ਹੋਈਆਂ ਸਨ । ਮਾਤਾ ਜੀ ਸਿਪਾਹੀਆਂ ਦੀ ਗੱਲ ਸੁਣਕੇ ਕਹਿਣ ਲੱਗੇ ਕਿ ਉਹ ਵੀ ਇਨ੍ਹਾਂ ਦੇ ਨਾਲ ਹੀ ਕਚਿਹਰੀ ‘ਚ ਚਲਦੀ ਹੈ ਤਾਂ ਸਿਪਾਹੀਆਂ ਦੇ ਨਾਲ ਆਏ ਦਰੋਗੇ ਨੇ ਕਿਹਾ, ਤੁਸੀਂ ਨਾਲ ਨਹੀਂ ਜਾ ਸਕਦੇ, ਨਵਾਬ ਨੇ ਇਨ੍ਹਾਂ ਦੋਵਾਂ ਨੂੰ ਹੀ ਬੁਲਾਇਆ ਹੈ।
ਕੌਨ ਬੁਲਾਵਤ ਇਨ ਕੋ ਕਹਾਂ। ਮੈਂ ਭੀ ਸਾਥ ਚਲੌਂਗੀ ਵਹਾਂ। ਕਹਿਓ ਦਰੋਗੇ ਤਬਹ ਸੁਨਾਈ। ਤੇਰਾ ਜਾਨਾ ਬਨੇ ਨ ਮਾਈ। ਇਨ ਕੋ ਅਬ ਤੁਮ ਭੇਜੋ ਛੇਤੀ। ਕਰਨੀ ਦੇਰ ਨਾ ਚਾਹੀਏ ਏਤੀ।
ਸ਼ਹੀਦ ਬਿਲਾਸ – ਗਿਆਨੀ ਠਾਕਰ ਸਿੰਘ
ਮਾਤਾ ਜੀ ਨੇ ਦੋਵੇਂ ਪੋਤਿਆਂ ਦੀਆਂ ਦਸਤਾਰਾਂ ਠੀਕ ਕੀਤੀਆਂ ਤੇ ਉਨ੍ਹਾਂ ਦੇ ਮੁੱਖ ਚੁੰਮ ਕੇ ਉਨ੍ਹਾਂ ਦੇ ਨਾਲ ਹੀ ਬੁਰਜ ਦੀਆਂ ਪਾਉੜੀਆਂ ਤੱਕ ਆ ਗਈ ਤਾਂ ਦਰੋਗੇ ਨੇ ਫਿਰ ਉਨ੍ਹਾਂ ਨੂੰ ਰੋਕ ਦਿੱਤਾ ਕਿ ਤੁਸੀਂ ਅੱਗੇ ਨਾਲ ਨਹੀਂ ਜਾ ਸਕਦੇ। ਅਕਾਲ ਪੁਰਖ ਦੇ ਭਾਣੇ ਨੂੰ ਮੰਨਦਿਆਂ ਹੋਇਆਂ ਦਾਦੀ ਨੇ ਪੋਤਿਆਂ ਨੂੰ ਗਲਵਕੜੀ ‘ਚ ਲੈ ਕੇ ਫਿਰ ਯਾਦ ਕਰਾਇਆ ਕਿ ਆਪਣੇ ਬਾਬਾ ਜੀ ਤੇ ਪਿਤਾ ਜੀ ਦੀ ਸ਼ਾਨ ਨੂੰ ਕਾਇਮ ਰੱਖਣਾ, ਕਦੇ ਵੀ ਧਰਮ ਤੋਂ ਨਹੀਂ ਹਾਰਨਾ। ਸਿਪਾਹੀ ਨਿੱਕੀਆਂ ਜਿੰਦਾਂ ਨੂੰ ਆਪਣੇ ਨਾਲ ਲੈ ਤੁਰੇ, ਜੁਲਮ ਅੱਗੇ ਕੀ ਜੋਰ ਸੀ । ਦਾਦੀ ਬੁਰਜ ਵਿੱਚੋਂ ਦੂਰ ਤੱਕ ਦੇਖਦੀ ਰਹੀ।
ਕਚਿਹਰੀ ਦਾ ਵੱਡਾ ਦਰਵਾਜਾ ਬੰਦ ਸੀ, ਸਾਹਿਬਜ਼ਾਦਿਆਂ ਨੂੰ ਛੋਟੀ ਖਿੜਕੀ ਵਿੱਚੋਂ ਲੰਘਣ ਲਈ ਕਿਹਾ। ਇਹ ਨੀਤੀ ਦਾ ਇੱਕ ਪੈਂਤੜਾ ਸੀ ਕਿ ਜਦੋਂ ਸਿਰ ਨਿਵਾ ਕੇ ਲੰਘਣਗੇ ਤਾਂ ਕਚਿਹਰੀ ਵਿੱਚ ਬੈਠੇ ਸਾਰੇ ਅਮੀਰ-ਵਜੀਰ ਕਹਿ ਦੇਣਗੇ ਕਿ ਬੱਚਿਆਂ ਨੇ ਨਵਾਬ ਅੱਗੇ ਸਿਰ ਝੁਕਾ ਦਿੱਤਾ ਹੈ। ਆਪਣੇ ਪਿਤਾ ਜੀ ਦੀ ਸੋਚ ‘ਤੇ ਪਹਿਰਾ ਦੇਣ ਵਾਲੇ ਮਹਾਨ ਪੁੱਤਰਾਂ ਨੇ ਪਹਿਲਾਂ ਆਪਣੇ ਪੈਰ ਅੱਗੇ ਲੰਘਾਏ ਤੇ ਪਿੱਛੋਂ ਸਿਰ ਲੰਘਾ ਅੰਦਰ ਚਲੇ ਗਏ। ਬੱਚਿਆਂ ਦੀ ਸੋਚ ਦੇਖ ਸਾਰੇ ਹੱਕੇ-ਬੱਕੇ ਰਹਿ ਗਏ। ਸਿਰ ਝੁਕਾਉਣ ਵਾਲੀ ਨੀਤੀ ਵੀ ਫੇਲ੍ਹ ਹੋ ਗਈ। ਕਚਿਹਰੀ ਵਿੱਚ ਵੜਦਿਆਂ ਹੀ ਦੋਵਾਂ ਨੇ ਭਰਵੀਂ ਅਵਾਜ ਵਿੱਚ ਕਿਹਾ, “ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ”। ਇਸਦੀ ਗੂੰਜ ਅੱਗੇ ਨਾਲੋਂ ਵੀ ਜਿਆਦਾ ਸੁਣਾਈ ਦਿੱਤੀ, ਇਸ ਵਿੱਚ ਦਾਦੀ ਮਾਂ ਦੀ ਦਿੱਤੀ ਰਾਤ ਦੀ ਸਿੱਖਿਆ ਦਾ ਸੁਮੇਲ ਸੀ। ਵਜ਼ੀਰ ਖਾਂ ਬਲਦੀ ਭੱਠੀ ਵਾਂਗ ਭੁੱਜਣ ਲੱਗਾ। ਉਸਨੇ ਬਹੁਤ ਕ੍ਰੋਧ ਵਿੱਚ ਕਿਹਾ, ਤੁਹਾਡੇ ਇਹਨਾਂ ਲੱਛਣਾਂ ਕਰਕੇ ਤੁਸੀਂ ਬੁਰੀ ਮੌਤ ਮਾਰੇ ਜਾਓਗੇ, ਤਸੀਹੇ ਏਨੇ ਸਖਤ ਹੋਣਗੇ ਤੁਸੀਂ ਕੁਰਲਾ ਉਠੋਗੇ, ਤੁਹਾਡੀ ਕੁਰਲਾਹਟ ਵੀ ਕੋਈ ਨਹੀਂ ਸੁਣੇਗਾ। ਇਸਲਾਮ ਕਬੂਲ ਕਰਨ ਵਿੱਚ ਹੀ ਤੁਹਾਡਾ ਭਲਾ ਹੈ, ਧਨ, ਦੌਲਤ ਤੇ ਜਗੀਰਾਂ ਹਾਸਲ ਕਰ ਰਾਜ-ਭਾਗ ਭੋਗੋਗੇ। ਸਾਹਿਬਜ਼ਾਦਿਆਂ ਕਿਹਾ, ਰਾਜ-ਭਾਗ ਚਾਰ ਦਿਨ ਦੀ ਖੇਡ ਹੈ, ਮਰ ਤਾਂ ਫਿਰ ਵੀ ਜਾਣਾ ਹੈ। ਆਪਣੇ ਧਰਮ ਨੂੰ ਛੱਡ ਕੇ ਜਿਊਣਾ ਸਾਡੇ ਲਈ ਪਾਪ ਹੈ। ਵਜ਼ੀਰ ਖਾਂ ਕੁਝ ਬੋਲਦਾ ਉਸ ਤੋਂ ਪਹਿਲਾਂ ਹੀ ਸੁੱਚਾ ਨੰਦ ਕੋਲ ਆ ਕਹਿਣ ਲੱਗਾ, ਬੱਚਿਓ ਤੁਸੀਂ ਨਵਾਬ ਸਾਬ ਦਾ ਕਹਿਣਾ ਮੰਨ ਲਵੋ, ਐਵੇਂ ਆਪਣੀ ਜਿੰਦ ਨਾ ਗਵਾਓ, ਤੁਹਾਡੇ ਕੋਲ ਬਹੁਤ ਧਨ-ਪਦਾਰਥ ਹੋਵੇਗਾ। ਲੋਕ ਸਲਾਮਾਂ ਕਰਨਗੇ, ਤੁਹਾਡਾ ਹੁਕਮ ਮੰਨਣਗੇ, ਹਰ ਸੁੱਖ-ਆਰਾਮ ਪ੍ਰਾਪਤ ਕਰਨ ਲਈ ਨਵਾਬ ਸਾਬ ਦਾ ਕਿਹਾ ਮੰਨ ਇਸਲਾਮ ਕਬੂਲ ਕਰ ਲਵੋ। ਇਹ ਸੁਣ ਦੋਨਾਂ ਨੇ ਠੋਕ ਕੇ ਉੱਤਰ ਦਿੱਤਾ, ਲੋਭ-ਲਾਲਚ ਦੇ ਛਲਾਵਿਆਂ ਵਿੱਚ ਆ ਕੇ ਜਾਂ ਮੌਤ ਦਾ ਡਰ ਮੰਨ ਕੇ ਅਸੀਂ ਕਦੇ ਈਂਨ ਨਹੀਂ ਮੰਨਾਂਗੇ । ਸਾਡੇ ਬਾਬਾ ਜੀ ਨੇ ਸਿਰ ਦੇ ਕੇ ਧਰਮ ਨੂੰ ਰੱਖਿਆ ਸੀ, ਸਾਡੇ ਪਿਤਾ ਜੀ ਨੇ ਕਿਹਾ ਹੈ, ਜੁਲਮ ਅੱਗੇ ਨਿਵ ਜਾਣਾ ਕਾਇਰਤਾ ਹੈ। ਬੁਜਦਿਲ ਬਣ ਕੇ ਜਿਊਣ ਨਾਲੋਂ ਮਰ ਜਾਣਾ ਬਿਹਤਰ ਸਮਝਾਂਗੇ। ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਤੇ ਦਾਦੀ ਮਾਂ ਗੁਜਰੀ ਜੀ ਦੇ ਪੋਤਰੇ ਹਾਂ, ਆਪਣੇ ਪਿਤਾ ਜੀ ਦੀ ਸ਼ਾਨ ਨੂੰ ਸਦਾ ਕਾਇਮ ਰੱਖਾਂਗੇ।
ਦੋਹਰਾ
ਗੋਬਿੰਦ ਸਿੰਘ ਕੇ ਪੂਤ ਹਮ, ਦਾਦੀ ਗੁਜਰੀ ਪਾਹਿ॥ ਫਤਹਿ ਸਿੰਘ ਜ਼ੋਰਾਵਰ ਸਿੰਘ, ਨਾਮ ਹਮਾਰੇ ਆਹਿ॥
ਕ੍ਰਿਤ – ਭਾਈ ਦੁੱਨਾ ਸਿੰਘ ਹੰਡੂਰੀਆ
ਅਗਲਾ ਭਾਗ………