History of the days after Guru Gobind Singh Ji left Anandpur Sahib – 23-1-26

ਚਮਕੌਰ_ਦੀ_ਗੜ੍ਹੀ_ਦੇ_ਸ਼ਹੀਦਾਂ_ਦੇ_ਸਸਕਾਰ_ਕਿਵੇਂ_ਹੋਏ

#ਛੇਵੀਂ_ਤੇ_ਆਖਰੀ_ਰਾਤ
ਭਾਗ-3
ਸਾਰੀ ਕਚਿਹਰੀ ਵਿੱਚ ਸੁੱਚਾ ਨੰਦ ਵਰਗੇ ਅਨੇਕਾਂ ਚਾਪਲੂਸ, ਤਲੇ ਚੱਟਣ ਵਾਲਿਆਂ ਦੀ ਘਾਟ ਨਹੀਂ ਸੀ। ਸਾਰਿਆਂ ਅਮੀਰਾਂ-ਵਜੀਰਾਂ ਨੇ ਕਿਹਾ, ਨਵਾਬ ਸਾਹਿਬ ਇਨ੍ਹਾਂ ਬੱਚਿਆਂ ਨੂੰ ਥੋੜ੍ਹਾ ਸਮਾਂ ਸੋਚਣ ਦਾ ਦਿੱਤਾ ਜਾਵੇ। ਜੇਕਰ ਇਹ ਇਸਲਾਮ ਵਿੱਚ ਆ ਜਾਣ ਤਾਂ ਠੀਕ ਏ, ਨਹੀਂ ਤਾਂ ਫਤਵੇ ਅਨੁਸਾਰ ਮਾਰ ਦਿੱਤੇ ਜਾਣ। ਇਹਨਾਂ ਦਾ ਜਿਉਂਦੇ ਰਹਿਣਾ ਇਸਲਾਮ ਧਰਮ ਲਈ ਖਤਰਾ ਹੈ। ਨਵਾਬ ਨੇ ਠੰਡੇ ਬੁਰਜ ਵਿੱਚ ਭੇਜਣ ਦਾ ਹੁਕਮ ਦਿੱਤਾ । ਜਾਣ ਲੱਗੇ ਸਾਹਿਬਜ਼ਾਦਿਆਂ ਨੂੰ ਫਿਰ ਕਿਹਾ, ਅਜੇ ਵੀ ਸਮਾਂ ਹੈ, ਕੱਲ੍ਹ ਸਵੇਰ ਤੱਕ ਇਸਲਾਮ ਕਬੂਲ ਕਰ ਲਵੋ ਨਹੀਂ ਤਾਂ ਬੁਰੀ ਮੌਤ ਮਾਰੇ ਜਾਓਗੇ। ਹੋਰ ਵੀ ਪਤਾ ਨਹੀਂ ਕਿੰਨਿਆਂ ਕੁ ਨੇ ਕੂੜ ਦੀਆਂ ਪੱਟੀਆਂ ਪੜ੍ਹਾਈਆਂ। ਦੋਨਾਂ ਦੇ ਚਿਹਰੇ ਨੀਹਾਂ ਵਿੱਚ ਚਿਣੇ ਜਾਣ ਦਾ ਫਤਵਾ ਸੁਣ ਕੇ ਰੱਤੀ ਭਰ ਨਾ ਕੁਮਲਾਏ, ਸ਼ਾਂਤ ਤੇ ਅਡੋਲ ਚਿੱਤ ਸਭ ਕੁਝ ਸੁਣਦੇ ਰਹੇ। ਅਮੀਰਾਂ-ਵਜੀਰਾਂ ਦੇ ਬੋਲ, ਮਾਰ ਦਿੱਤੇ ਜਾਓਗੇ, ਬੁਰੀ ਮੌਤ ਮਾਰਨਗੇ, ਨੀਹਾਂ ਵਿੱਚ ਜਿਉਂਦੇ ਚਿਣ ਦਿੱਤੇ ਜਾਓਗੇ, ਕਸ਼ਟਾਂ ਭਰੀ ਮੌਤ ਆਵੇਗੀ, ਸਭ ਕੁਝ ਸੁਣ ਕੇ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਨ ਸਪੁੱਤਰ ਪੂਰੀ ਤਰ੍ਹਾਂ ਅਡੋਲਤਾ ਵਿੱਚ ਰਹੇ। ਸਿਪਾਹੀ ਕਚਿਹਰੀ ਵਿੱਚੋਂ ਠੰਡੇ ਬੁਰਜ ਵੱਲ ਲੈ ਤੁਰੇ। ਲੋਕਾਂ ਦੀ ਭੀੜ ਉਹਨਾਂ ਦੇ ਹਸੂੰ-ਹਸੂੰ ਕਰਦੇ ਚਿਹਰੇ ਦੇਖ ਹੈਰਾਨ ਹੁੰਦੀ ਕਿ ਦੋਨਾਂ ਦੇ ਚਿਹਰਿਆਂ ‘ਤੇ ਮੌਤ ਦੇ ਡਰ ਦਾ ਕੋਈ ਨਾਮੋ-ਨਿਸ਼ਾਨ ਨਹੀਂ ਹੈ।

ਸਿਪਾਹੀ ਠੰਡੇ ਬੁਰਜ ਵਿੱਚ ਛੱਡ ਆਏ, ਦੇਰ ਦੀ ਉਡੀਕਦੀ ਦਾਦੀ ਮਾਂ, ਦੋਨਾਂ ਨੂੰ ਕਲ੍ਹਾਵੇ ਵਿੱਚ ਲੈ ਕੇ ਪਿਆਰ ਦੇ ਵੇਗ ਵਿੱਚ ਵਹਿ ਤੁਰੀ। ਕਦੇ ਸਿਰ ਪਲੋਸਦੀ, ਨਿੱਕੇ- ਨਿੱਕੇ ਹੱਥ ਆਪਣੇ ਹੱਥਾਂ ਵਿੱਚ ਲੈਂਦੀ, ਕਦੇ ਮੁੱਖ ਚੁੰਮਦੀ, ਵਾਰ-ਵਾਰ ਆਪਣੇ ਸੀਨੇ ਨਾਲ ਲਾ ਗੋਦੀ ਵਿੱਚ ਘੁੱਟ ਲੈਂਦੀ। ਸਾਰੇ ਦਿਨ ਵਿੱਚ ਹੋਈ ਸਾਰੀ ਵਾਰਤਾ ਦਾਦੀ ਮਾਂ ਨੇ ਪੁੱਛੀ। ਦੋਨਾਂ ਵੀਰਾਂ ਨੇ ਹੋਈ ਬੀਤੀ ਪੂਰੇ ਹੌਂਸਲੇ ਨਾਲ ਸੁਣਾਈ, ਉਹਨਾਂ ਦਾਦੀ ਮਾਂ ਨੂੰ ਇਹ ਵੀ ਦੱਸਿਆ ਕਿ ਸਾਨੂੰ ਨੀਹਾਂ ਵਿੱਚ ਜਿਉਂਦੇ ਚਿਣ ਕੇ ਮਾਰਨ ਦਾ ਫਤਵਾ ਸੁਣਾਇਆ ਹੈ। ਕੱਲ੍ਹ ਸਵੇਰ ਤੱਕ ਦਾ ਸਮਾਂ ਇਸਲਾਮ ਕਬੂਲਣ ਲਈ ਦੇ ਕੇ ਸਾਨੂੰ ਤੁਹਾਡੇ ਕੋਲ ਵਾਪਸ ਭੇਜ ਦਿੱਤਾ ਹੈ। ਇਹ ਸੁਣ ਦਾਦੀ ਮਾਂ ਦੀਆਂ ਆਂਦਰਾਂ ਨੂੰ ਧੂਹ ਪੈ ਗਈ। ਆਪਣੇ ਢਿੱਡ ਨਾਲ ਕਿੰਨੀ ਦੇਰ ਲਾ ਖਾਮੋਸ਼ ਬੈਠੀ ਨੇ ਹਿਰਦੇ ਦੀ ਪੀੜ ਨੂੰ ਅੰਦਰ ਹੀ ਅੰਦਰ ਜ਼ਰ ਲਿਆ। ਧਰਮ ਰੱਖਿਅਕ ਮਾਤਾ ਗੁਜਰ ਕੌਰ ਜੀ ਜਿਸਨੇ ਖਿੜੇ ਮੱਥੇ ਆਪਣੇ ਪਤੀ ਨੂੰ ਦਿੱਲੀ ਸੀਸ ਦੇਣ ਸਮੇਂ ਸਿਦਕ ਤੇ ਸਿਰੜ ਦੀਆਂ ਰਾਹਾਂ ਦੇਖੀਆਂ ਸੀ, ਆਪਣੇ ਪੋਤਿਆਂ ਨੂੰ ਪੂਰੀ ਦਲੇਰੀ ਦੇ ਕੇ ਉਹਨਾਂ ਰਾਹਾਂ ‘ਤੇ ਤੁਰਨ ਲਈ ਕਿਹਾ। ਧਰਮ ਨਾਲੋਂ ਜਾਨ ਨੂੰ ਪਿਆਰੀ ਨਹੀਂ ਸਮਝਣਾ, ਗੁਰੂ ਨਾਨਕ ਦੇਵ ਜੀ ਦਾ ਘਰ ਧਰਮ ਲਈ ਸਿਰ ਵਾਰਦਾ ਆਇਆ ਹੈ, ਸਿੱਖੀ ਸਿਦਕ ਨਿਭ ਜਾਣਾ ਹੀ ਜੀਵਨ ਦੀ ਵੱਡੀ ਪ੍ਰਾਪਤੀ ਹੈ। ਦਾਦੀ ਮਾਂ ਸਮੇਂ ਦੇ ਗੇੜ ਨੂੰ ਸਮਝ ਕੁਰਬਾਨੀ ਵੱਲ ਮੂੰਹ ਕਰ ਚੁੱਕੀ ਸੀ। ਉਹ ਆਪਣੇ ਪੋਤਿਆਂ ਨੂੰ ਧਰਮ ਵਿੱਚ ਅਟੱਲ ਰਹਿਣ ਲਈ ਪੱਕਿਆਂ ਕਰਦੀ ਜੀਵਨ ਯੁਕਤੀ ਦੱਸਦੀ ਰਹੀ। ਆਪਾ ਵਾਰਨਾ ਉਸਨੂੰ ਵਿਰਾਸਤ ਵਿੱਚ ਗੁਰੂ ਨਾਨਕ ਦੇਵ ਜੀ ਦੇ ਘਰੋਂ ਮਿਲਿਆ ਸੀ। ਦੋਵਾਂ ਨੂੰ ਬੁੱਕਲ ਵਿੱਚ ਲੈ ਕੇ ਮਾਤਾ ਜੀ ਨੇ ਰਹਿਰਾਸ ਸਾਹਿਬ ਤੇ ਕੀਰਤਨ ਸੋਹਿਲਾ ਦਾ ਪਾਠ ਕੀਤਾ ਤੇ ਸਾਰੀ ਰਾਤ ਪੋਤਿਆਂ ਨੂੰ ਗੋਦੀ ਵਿੱਚ ਲੈ ਕੇ ਅਕਾਲ ਪੁਰਖ ਅੱਗੇ ਅਰਦਾਸਾਂ ਕਰਦੀ ਰਹੀ ਕਿ ਇਹਨਾਂ ਮਾਸੂਮ ਜਿੰਦੜੀਆਂ ਦੀ ਗੁਰੂ ਨਾਨਕ ਦੇਵ ਜੀ ਦੇ ਘਰ ਨਾਲ ਨਿਭ ਜਾਵੇ ।

ਇਹ ਮਨਹੂਸ ਰਾਤ ਬਰਫ ਵਰਗੀ ਸੀਤ ਲਹਿਰ ਤੇ ਮੌਤ ਦੇ ਪਰਛਾਵੇਂ ਹੇਠ ਦਾਦੀ ਮਾਂ ਤੇ ਪੋਤਿਆਂ ਨੇ ਬਿਨਾਂ ਅੰਨ, ਬਸਤਰ, ਮਾਨਸਿਕ ਤੇ ਸਰੀਰਕ ਤਸੀਹੇ ਝੱਲਦਿਆਂ ੧੨ ਪੋਹ, ੧੭੬੧ ਬਿ: (੨੬ ਦਸੰਬਰ, ੧੭੦੪ ਈ:) ਨੂੰ ਠੰਡੇ ਬੁਰਜ, ਸਰਹਿੰਦ ਵਿੱਚ ਕੱਟੀ। ਗੁਰੂ ਪਰਿਵਾਰ ਨਾਲੋਂ ਵਿੱਛੜ ਕੇ ਉਹਨਾਂ ਦੇ ਜੀਵਨ ਦੀ ਇਹ ਆਖਰੀ ਰਾਤ ਹੋ ਨਿੱਬੜੀ।

ਸੂਚਨਾ

ਦੁਸ਼ਟ ਸੁੱਚਾ ਨੰਦ ਦਾ ਗੁਰੂ ਘਰ ਨਾਲ ਈਰਖਾ ਕਰਨ ਦਾ ਇਹ ਕਾਰਨ ਇਤਿਹਾਸਾਂ ਵਿੱਚ ਲਿਖਿਆ ਮਿਲਦਾ ਹੈ ਕਿ ਉਹ ਆਪਣੀ ਲੜਕੀ ਦਾ ਰਿਸ਼ਤਾ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਨਾਲ ਕਰਨਾ ਚਾਹੁੰਦਾ ਸੀ । ਪਰ ਗੁਰੂ ਜੀ ਨੇ ਇਹ ਰਿਸ਼ਤਾ ਮਨਜ਼ੂਰ ਨਹੀਂ ਸੀ ਕੀਤਾ। ਭਾਈ ਦੁੱਨਾ ਸਿੰਘ ਹੰਡੂਰੀਆ ਲਿਖਦੇ ਹਨ ਦੋਹਰਾ

ਜਬ ਟਿੱਕਾ ਤੁਮ ਗ੍ਰਿਹ ਗਯੋ, ਤੁਮਹਿ ਸੋ ਮੋੜਿ ਦਯੋ ॥ ਧਾਨ ਮਲੇਛਹਿ ਖਾਤਹੋਂ, ਹਮ ਕੋ ਏਹੁ ਕਹਯੋ ॥

ਚੌਪਈ

ਤਬ ਤੁਮ ਟਿੱਕਾ ਦਿਓ ਹਟਾਈ। ਅਬ ਮਲੇਛ ਗ੍ਰਿਹ ਕਿਉਂ ਤੂੰ ਆਈ? ਝੂਠੇ ਕੇ ਮਨ ਖੁਨਸ ਜਬ ਕੀ, ਤੁਰਕਨ ਪਾਸ ਪੁਕਾਰਿਓ ਤਬਹੀ॥

ਰਿਸ਼ਤਾ ਕਰਨ ਦੀ ਗਵਾਹੀ ਭਾਈ ਰਤਨ ਸਿੰਘ ਜੀ ਭੰਗੂ ਵੀ ਭਰਦੇ ਹਨ –

ਔਰ ਖੱਤ੍ਰੀ ਹੁਤੋ ਸੁਚਾ ਨੰਦ ਨਾਮੁ, ਕਿਤ ਘੱਲਯੋ ਥੋ ਕਰਣ ਸਾਕ ਗੁਰਧਾਮ। ਗੁਰੂ ਨ ਮੰਨਯੋ ਉਸ ਰਾਖਯੋ ਯਾਦ, ਇਮ ਕਰ ਸਮਝਯੋ ਉਨ ਵਹਿ ਬਾਦ॥

ਪਾਪੀ ਸੁੱਚਾ ਨੰਦ ਦਾ ਈਰਖਾ ਕਰਨ ਦਾ ਸਭ ਤੋਂ ਵੱਡਾ ਕਾਰਨ ਅਸਲ ਵਿੱਚ ਇਹ ਸੀ ਕਿ ਉਹ ਪੱਥਰ ਦਿਲ, ਕਮੀਨਾ, ਮੱਕਾਰ ਤੇ ਵਜ਼ੀਰ ਖਾਂ ਦਾ ਸਭ ਤੋਂ ਵੱਡਾ ਤਲੇ ਚੱਟ ਚਾਪਲੂਸ ਸੀ। ਉਹ ਸਦਾ ਹੀ ਨਵਾਬ ਦਾ ਜੀ-ਹਜੂਰੀਆ ਬਣਕੇ ਉਸ ਤੋਂ ਕੁਝ ਹਾਸਲ ਕਰਨ ਦੇ ਦਾਅ ‘ਤੇ ਲੱਗਾ ਰਹਿੰਦਾ। ਉਸਦੇ ਦਿਲ ਵਿੱਚ ਦਇਆ ਨਾਂ ਦੀ ਕੋਈ ਚੀਜ ਨਹੀਂ ਸੀ। ਨਵਾਬ ਦੇ ਤਲੇ ਚੱਟਦਿਆਂ ਉਸਦੀ ਆਤਮਾ ਵਿੱਚੋਂ ਇਨਸਾਨੀਅਤ ਪੂਰੀ ਤਰ੍ਹਾਂ ਖਤਮ ਹੋ ਚੁੱਕੀ ਸੀ । ਏਸੇ ਕਾਰਨ ਹੀ ਉਸ ਗਏ-ਗੁਜਰੇ ਪਾਪੀ ਦੇ ਮਨ ਅੰਦਰ ਸਦਾ ਭੈੜੇ ਕਰਮ ਦੀ ਸੋਚ ਬਣੀ ਰਹਿੰਦੀ ਸੀ।

ਅਗਲਾ ਭਾਗ………

You may also like these