History of the days after Guru Gobind Singh Ji left Anandpur Sahib – 30-1-26

ਦੀਵਾਨ_ਟੋਡਰ_ਮੱਲ_ਜੀ

ਭਾਗ-3
ਉਪਰੋਕਤ ਲਿਖਤ ਅਨੁਸਾਰ ਸੁੱਚਾ ਨੰਦ ਨੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਦੀਆਂ ਮ੍ਰਿਤਕ ਦੇਹਾਂ ਨਵਾਬ ਕੋਲੋਂ ਟੋਡਰ ਮੱਲ ਨੂੰ ਦਿਵਾ ਦਿੱਤੀਆਂ ਤੇ ਉਨ੍ਹਾਂ ਨੇ ਚੰਦਨ ਦੀ ਚਿਖਾ ਤਿਆਰ ਕਰਕੇ ਉਨ੍ਹਾਂ ਦਾ ਸਸਕਾਰ ਕਰ ਦਿੱਤਾ। ਸਿੱਖ ਇਤਿਹਾਸ ਦੇ ਹੋਰ ਸ੍ਰੋਤਾਂ ਤੇ ਪੱਕੀਆਂ ਰਵਾਇਤਾਂ ਅਨੁਸਾਰ ਅਤੇ ਸਾਡੀ ਖੋਜ ਮੁਤਾਬਿਕ ਅੱਗੇ ਜੋ ਕੁਝ ਹੋਇਆ ਉਸਦਾ ਵਿਸਥਾਰ ਸਹਿਤ ਜਿਕਰ ਕਰਦੇ ਹਾਂ। ਸੁੱਚਾ ਨੰਦ ਨੂੰ ਮਾਤਾ ਜੀ ਤੇ ਸਾਹਿਬਜ਼ਾਦਿਆਂ ਦੇ ਸਸਕਾਰ ਕਰਨ ਨਾਲ ਕੋਈ ਹਮਦਰਦੀ ਨਹੀਂ ਸੀ, ਉਹ ਟੋਡਰ ਮੱਲ, ਨਾਗਰ ਮੱਲ ਤੇ ਪਠਾਣ ਨਾਲ ਨਵਾਬ ਕੋਲ ਜਾਣ ਲਈ ਇਸ ਕਰਕੇ ਚੱਲ ਪਿਆ ਕਿ ਇਹ ਤਮਾਸ਼ਾ ਦੇਖਦੇ ਹਾਂ ਕਿ ਗੁਰੂ ਦੀ ਮਾਂ ਤੇ ਪੁੱਤਰਾਂ ਨਾਲ ਹਮਦਰਦੀ ਰੱਖਣ ਵਾਲਿਆਂ ਨਾਲ ਨਵਾਬ ਸਾਬ ਕੀ ਵਰਤਾਓ ਕਰਦੇ ਹਨ। ਇਹ ਚਾਰੇ ਜਾਣੇ ਨਵਾਬ ਵਜ਼ੀਰ ਖਾਨ ਕੋਲ ਚਲੇ ਗਏ ਤੇ ਉੱਥੇ ਜਾ ਕੇ ਸੁੱਚਾ ਨੰਦ ਨੇ ਕਪਟੀ ਲਹਿਜੇ ‘ਚ ਕਿਹਾ ਕਿ ਨਵਾਬ ਸਾਬ, ਦੀਵਾਨ ਟੋਡਰ ਮੱਲ ਗੁਰੂ ਦੀ ਮਾਂ ਤੇ ਪੁੱਤਰਾਂ ਦਾ ਸਸਕਾਰ ਕਰਨ ਲਈ ਉਨਾਂ ਦੀਆਂ ਮ੍ਰਿਤਕ ਦੇਹਾਂ ਮੰਗਦਾ ਹੈ, ਆਪ ਜੀ ਦਾ ਕੀ ਹੁਕਮ ਹੈ। ਅੱਗੋਂ ਨਵਾਬ ਨੇ ਕਿਹਾ ਕਿ ਸਰਹਿੰਦ ਦੀ ਸਾਰੀ ਮਾਲਕੀ ਤਾਂ ਸਾਡੀ ਹੈ, ਇਹ ਸਸਕਾਰ ਕਿਹੜੀ ਜਮੀਨ ‘ਚ ਕਰੇਗਾ? ਜੇਕਰ ਇਹ ਕਰਨਾ ਚਾਹੁੰਦਾ ਹੈ ਤਾਂ ਜਿੰਨੀ ਜਮੀਨ ਇਸਨੂੰ ਸਸਕਾਰ ਕਰਨ ਲਈ ਚਾਹੀਦੀ ਹੈ, ਉਸ ਉੱਤੇ ਸੋਨੇ ਦੀਆਂ ਮੋਹਰਾਂ ਵਿਛਾ ਕੇ ਉਸ ਦਾ ਮੁੱਲ ਤਾਰ ਦੇਵੇ। ਵਿਛਾਈਆਂ ਹੋਈਆਂ ਮੋਹਰਾਂ ਸਾਨੂੰ ਦੇ ਦੇਵੇ ਅਤੇ ਜਮੀਨ ਦਾ ਇੰਤਜਾਮ ਇਹ ਆਪ ਕਰ ਲਵੇ ਤੇ ਜਮੀਨ ਵੀ ਸ਼ਹਿਰ ਤੋਂ ਬਾਹਰ ਹੋਣੀ ਚਾਹੀਦੀ ਹੈ। ਐਨੀ ਵੱਡੀ ਸ਼ਰਤ ਸੁਣਕੇ ਭਾਈ ਟੋਡਰ ਮੱਲ ਜੀ ਨੇ ਕੋਈ ਢਿੱਲ ਨਾ ਦਿਖਾਈ ਤੇ ਉਸ ਨੇ ਤੁਰੰਤ ਹੀ ਹਾਂ ਕਰ ਦਿੱਤੀ। ਸਸਕਾਰ ਕਰਨ ਦੀ ਇਜਾਜਤ ਮਿਲਣ ਤੋਂ ਬਾਅਦ ਉਸਨੇ ਸਾਰਿਆਂ ਦਾ ਧੰਨਵਾਦ ਕੀਤਾ ਤੇ ਮਨ ਹੀ ਮਨ ਗੁਰੂ ਪਾਤਸ਼ਾਹ ਜੀ ਦਾ ਸ਼ੁਕਰ ਗੁਜਾਰ ਵੀ ਹੋਇਆ। ਦੀਵਾਨ ਟੋਡਰ ਮੱਲ ਜੀ ਬਹੁਤ ਤੇਜੀ ਨਾਲ ਆਪਣੇ ਭਰਾ ਨਾਲ ਹਵੇਲੀ ਵਿੱਚ ਜਾ ਪਹੁੰਚਿਆ। ਨਵਾਬ ਦੀ ਸ਼ਰਤ ਪੂਰੀ ਕਰਨ ਦੀ ਦੁਹਾਈ ਸਾਰੀ ਹਵੇਲੀ ‘ਚ ਪੈ ਗਈ ਤੇ ਸਾਰਾ ਹੀ ਪਰਿਵਾਰ ਅੱਖਾਂ ਵਿੱਚੋਂ ਅੱਥਰੂ ਕੇਰਦਾ ਹੋਇਆ ਮੋਹਰਾਂ ਇਕੱਠੀਆਂ ਕਰਨ ਦੇ ਆਹਰ ਵਿੱਚ ਜੁਟ ਗਿਆ। ਜਿੰਨੀਆਂ ਵੀ ਮੋਹਰਾਂ ਉਸ ਵੇਲੇ ਘਰ ਵਿੱਚ ਸੀ, ਉਨ੍ਹਾਂ ਨੂੰ ਭਾਈ ਟੋਡਰ ਮੱਲ ਜੀ ਨੇ ਇੱਕ ਥੈਲੀ ਵਿੱਚ ਪਾ ਲਿਆ। ਸੋਨਾ, ਚਾਂਦੀ, ਹੀਰੇ, ਮੋਤੀ ਜੋ ਵੀ ਜਵਾਹਰ ਘਰ ਵਿੱਚ ਹੈ ਸੀ, ਉਨ੍ਹਾਂ ਨੂੰ ਜੌਹਰੀਆਂ ਕੋਲ ਵੇਚ ਕੇ ਉਸ ਬਦਲੇ ਮੋਹਰਾਂ ਲੈ ਲਈਆਂ। ਘਰ ਵਿੱਚ ਕੋਈ ਵੀ ਕੀਮਤੀ ਚੀਜ ਨਹੀਂ ਸੀ ਬਚੀ, ਔਰਤਾਂ, ਨੂੰਹਾਂ, ਧੀਆਂ ਦੇ ਗਹਿਣੇ ਵੀ ਦਾਦੀ ਮਾਂ ਤੇ ਨਿੱਕੀਆਂ ਜਿੰਦਾਂ ਦੇ ਚਰਨਾਂ ਦੀ ਪ੍ਰੀਤ ‘ਚ ਨਿਸ਼ਾਵਰ ਹੋ ਗਏ। ਐਨੀ ਵੱਡੀ ਸ਼ਰਤ ਨੂੰ ਇੰਨੇ ਥੋੜ੍ਹੇ ਸਮੇਂ ‘ਚ ਪੂਰਾ ਕਰਨਾ ਕਿਸੇ ਵੀ ਮਾਇਆਧਾਰੀ ਅਮੀਰ ਦੇ ਵਸ ਦੀ ਗੱਲ ਨਹੀਂ ਸੀ। ਇਹ ਸੇਵਾ ਭਾਈ ਟੋਡਰ ਮੱਲ ਜੀ ਵਰਗੀ ਮਹਾਨ ਰੂਹ ਹੀ ਨਿਭਾ ਸਕਦੀ ਸੀ ਜੋ ਮਾਇਆ ਕਰਕੇ ਵੀ ਧਨਵਾਨ ਸੀ ਤੇ ਗੁਰੂ ਪ੍ਰੀਤ ‘ਚ ਤਨ, ਮਨ, ਧਨ ਵਾਰਨ ਵਾਲੇ ਪੂਰਨ ਗੁਰਸਿੱਖ ਵੀ ਸਨ।

ਮੋਹਰਾਂ ਦਾ ਇੰਤਜਾਮ ਹੋਣ ਤੋਂ ਬਾਅਦ ਭਾਈ ਟੋਡਰ ਮੱਲ ਜੀ ਜਮੀਨ ਲੈਣ ਲਈ ਕਈ ਜਗੀਰਦਾਰਾਂ ਤੇ ਜਿਮੀਦਾਰਾਂ ਨੂੰ ਮਿਲੇ ਪਰ ਕਿਸੇ ਨੇ ਵੀ ਉਨ੍ਹਾਂ ਨੂੰ ਜਮੀਨ ਦੇਣ ਦੀ ਹਾਮੀ ਨਾ ਭਰੀ। ਉਹ ਡਰਦੇ ਸੀ ਕਿ ਅਜਿਹਾ ਕਰਨ ਨਾਲ ਨਵਾਬ ਦੀ ਕਰੋਪੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਸਮਿਆਂ ‘ਚ ਆਮ ਲੋਕ ਜਮੀਨਾਂ ਦੇ ਮਾਲਕ ਨਹੀਂ ਸੀ ਹੁੰਦੇ। ਸਰਕਾਰ ਦੇ ਅਧੀਨ ਜਗੀਰਦਾਰ ਤੇ ਜਿਮੀਦਾਰ ਹੁੰਦੇ ਸੀ ਤੇ ਇਹ ਹੀ ਜਮੀਨਾਂ ਦੇ ਮਾਲਕ ਵੀ ਸੀ। (ਜਗੀਰਦਾਰਾਂ ਦਾ ਰੁਤਬਾ ਵੱਡਾ ਤੇ ਜਿਮੀਦਾਰਾਂ ਦਾ ਰੁਤਬਾ ਛੋਟਾ ਹੁੰਦਾ ਸੀ ।) ਇਨ੍ਹਾਂ ਦੇ ਅਧੀਨ ਇਨ੍ਹਾਂ ਦੀਆਂ ਜਮੀਨਾਂ ਵਾਹੁਣ ਵਾਲੇ ਮੁਜਾਰੇ (ਕਿਸਾਨ, ਕਾਸ਼ਤਕਾਰ) ਖੇਤੀ ਕਰਦੇ ਸੀ ਤੇ ਉਨ੍ਹਾਂ ਨੂੰ ਜਗੀਰਦਾਰ ਤੇ ਜਿਮੀਦਾਰ ਫਸਲ ਦੀ ਉਪਜ ਦੇ ਹਿਸਾਬ ਨਾਲ ਹਿੱਸਾ ਦਿੰਦੇ ਸੀ।

ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਆਪਣੇ ਸਿੱਖ ਰਾਜ ਸਮੇਂ ਜਗੀਰਦਾਰੀ ਤੇ ਜਿਮੀਦਾਰੀ ਪ੍ਰਥਾ ਨੂੰ ਖਤਮ ਕਰਕੇ ਹਲ ਵਾਹੁਣ ਵਾਲੇ ਮੁਜਾਰਿਆਂ ਨੂੰ ਜਮੀਨਾਂ ਦੇ ਖੁਦ ਮਾਲਕ ਬਣਾ ਦਿੱਤਾ। ਭਾਈ ਟੋਡਰ ਮੱਲ ਜੀ ਨੇ ਬਹੁਤ ਹੀ ਨੱਠ-ਭੱਜ ਕਰਕੇ ਸਰਹਿੰਦ ਤੋਂ ਬਾਹਰ ਪੂਰਬ-ਦੱਖਣ ਦਿਸ਼ਾ ਨੂੰ ਅੱਧ ਕੋਹ ਦੀ ਵਾਟ ‘ਤੇ ਚੌਧਰੀ ਅੱਤੇ ਨੂੰ ਕਿਸੇ ਤਰੀਕੇ ਨਾਲ ਆਪਣੀ ਜਮੀਨ ਦੇਣ ਲਈ ਸਹਿਮਤ ਕਰ ਲਿਆ। ਚੌਧਰੀ ਅੱਤਾ ਆਪਣੇ ਆਰ-ਪਰਿਵਾਰ ਸਮੇਤ ਏਥੇ ਰਹਿ ਰਿਹਾ ਸੀ ਤੇ ਇਸ ਨੇ ਆਪਣੇ ਰਹਿਣ ਵਾਲੇ ਸਥਾਨ ਨੂੰ ਆਪ ਹੀ ਵਸਾਇਆ ਸੀ ਜੋ ਏਸੇ ਦੇ ਨਾਮ ਕਰਕੇ ਪਿੰਡ ਅੱਤੇਵਾਲੀ ਕਰਕੇ ਜਾਣਿਆ ਗਿਆ। ਇਸਦੇ ਆਸ-ਪਾਸ ਦੀ ਸਾਰੀ ਜਮੀਨ ਦਾ ਮਾਲਕ ਇਹ ਆਪ ਹੀ ਸੀ। ਜਮੀਨ ਦਾ ਇੰਤਜਾਮ ਹੋ ਗਿਆ ਤਾਂ ਭਾਈ ਟੋਡਰ ਮੱਲ ਜੀ ਨੇ ਨਵਾਬ ਨੂੰ ਕਿਸੇ ਰਾਹੀਂ ਸੁਨੇਹਾ ਭੇਜਿਆ ਕਿ ਆਣ ਕੇ ਮੋਹਰਾਂ ਦੀ ਗਿਣਤੀ ਕਰ ਲੈਣ। ਨਵਾਬ ਪਹਿਲਾਂ ਹੀ ਆਪਣੇ ਸੂਹੀਆਂ ਰਾਹੀਂ ਦੀਵਾਨ ਟੋਡਰ ਮੱਲ ਦੀ ਸਾਰੀ ਖਬਰ ਰੱਖ ਰਿਹਾ ਸੀ ਕਿ ਉਹ ਕਿਹਦੇ-ਕਿਹਦੇ ਕੋਲ ਜਾਂਦਾ ਹੈ ਤੇ ਕੀ ਕਰ ਰਿਹਾ ਹੈ। ਸੁਨੇਹਾ ਮਿਲਦਿਆਂ ਹੀ ਨਵਾਬ ਵਜ਼ੀਰ ਖਾਨ, ਸੁੱਚਾ ਨੰਦ ਤੇ ਹੋਰ ਅਹਿਲਕਾਰਾਂ ਅਤੇ ਸਿਪਾਹੀਆਂ ਦੀ ਗਾਰਦ ਲੈ ਕੇ ਰੱਥ, ਬੱਘੀਆਂ, ਘੋੜਿਆਂ ‘ਤੇ ਸਵਾਰ ਹੋ ਕੇ ਦੀਵਾਨ ਟੋਡਰ ਮੱਲ ਕੋਲ ਆਣ ਪਹੁੰਚਿਆ। ਭਾਈ ਟੋਡਰ ਮੱਲ ਜੀ ਆਪਣੇ ਭਰਾ ਅਤੇ ਕੁਝ ਸਾਥੀਆਂ ਨਾਲ ਹੱਥਾਂ ਵਿੱਚ ਮੋਹਰਾਂ ਦੀਆਂ ਥੈਲੀਆਂ ਫੜ ਕੇ ਖਾਮੋਸ਼ ਬਿਰਤੀ ‘ਚ ਉਸ ਥਾਂ ਖੜੇ ਹੋਏ ਸੀ ਜਿਸਨੂੰ ਉਨ੍ਹਾਂ ਨੇ ਮੋਹਰਾਂ ਵਿਛਾ ਕੇ ਖਰੀਦਣਾ ਸੀ। ਨਵਾਬ ਵਜ਼ੀਰ ਖਾਨ ਆਸਣ ਲਗਾ ਕੇ ਬੈਠ ਗਿਆ, ਅਹਿਲਕਾਰ ਤੇ ਸਿਪਾਹੀਆਂ ਦੀ ਗਾਰਦ ਇਸਦੇ ਪਿੱਛੇ ਤਮਾਸ਼ਗੀਰ ਬਣਕੇ ਖੜੋ ਗਈ। ਭਾਈ ਟੋਡਰ ਮੱਲ ਜੀ ਨੂੰ ਜਿੰਨੀ ਜਮੀਨ ਚਾਹੀਦੀ ਸੀ ਉਸ ਉੱਤੇ ਉਸ ਨੇ ਚਾਰੇ ਪਾਸੇ ਪਹਿਲਾਂ ਹੀ ਨਿਸ਼ਾਨੀ ਲਗਾਈ ਹੋਈ ਸੀ ਤੇ ਇਸਦੇ ਵਿੱਚ ਮੋਹਰਾਂ ਵਿਛਾਈਆਂ ਜਾਣੀਆਂ ਸਨ। ਭਾਈ ਟੋਡਰ ਮੱਲ ਜੀ ਤੇ ਉਨ੍ਹਾਂ ਦੇ ਸਾਥੀਆਂ ਨੇ ਇੱਕ-ਇੱਕ ਕਰਕੇ ਖੜੇਦਾਰ ਮੋਹਰਾਂ ਵਿਛਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਨਵਾਬ ਟਿਕਟਿਕੀ ਲਾ ਕੇ ਮੋਹਰਾਂ ਵੱਲ ਦੇਖਦਾ ਰਿਹਾ। ਢੇਰ ਸਾਰੀਆਂ ਮੋਹਰਾਂ ਨਾਲ ਧਰਤੀ ਨੂੰ ਢਕ ਦਿੱਤਾ ਗਿਆ ਤੇ ਨਵਾਬ ਦੀ ਤਸੱਲੀ ਹੋਣ ‘ਤੇ ਇਹ ਕੰਮ ਸਮਾਪਤ ਕੀਤਾ ਗਿਆ। ਮੋਹਰਾਂ ਨੂੰ ਥੈਲੀਆਂ ਵਿੱਚ ਪੁਆ ਕੇ ਨਵਾਬ ਵਜ਼ੀਰ ਖਾਨ ਆਪਣੇ ਲਾਮ-ਲਸ਼ਕਰ ਨੂੰ ਲੈ ਕੇ ਸਰਹਿੰਦ ਨੂੰ ਮੁੜ ਵਾਪਸ ਚਲਾ ਗਿਆ।
ਅਗਲਾ ਭਾਗ………

You may also like these