History of the days after Guru Gobind Singh Ji left Anandpur Sahib – 1-2-26

ਦੀਵਾਨ_ਟੋਡਰ_ਮੱਲ_ਜੀ

ਭਾਗ-5
ਦਾਦੀ ਮਾਂ ਤੇ ਨਿੱਕੀਆਂ ਜਿੰਦਾਂ ਦਾ ਸਸਕਾਰ ਕਰਨ ਤੋਂ ਤੀਜੇ ਦਿਨ ਬਾਅਦ ੧੫ ਪੋਹ ਦੀ ਸਵੇਰ ਨੂੰ ਭਾਈ ਟੋਡਰ ਮੱਲ ਜੀ, ਭਾਈ ਨਾਗਰ ਮੱਲ ਜੀ, ਭਾਈ ਮੋਤੀ ਰਾਮ ਮਹਿਰਾ ਜੀ ਤੇ ਭਾਈ ਜੋਧ ਸਿੰਘ ਜੀ ਅੰਗੀਠਾ ਸੰਭਾਲਣ ਲਈ ਸਸਕਾਰ ਕਰਨ ਵਾਲੀ ਥਾਂ ‘ਤੇ ਪਹੁੰਚੇ। ਇਹ ਲੋੜੀਂਦਾ ਸਾਰਾ ਸਮਾਨ ਨਾਲ ਲੈ ਕੇ ਆਏ ਸੀ ਜੋ ਉਸ ਵੇਲੇ ਇਨ੍ਹਾਂ ਨੂੰ ਚਾਹੀਦਾ ਸੀ। ਸਰਦੀ ਦੀ ਰੁੱਤ ਹੋਣ ਕਰਕੇ ਅੰਗੀਠੇ ਦੀ ਅਗਨੀ ਪੂਰੀ ਤਰ੍ਹਾਂ ਸ਼ਾਂਤ ਹੋ ਚੁੱਕੀ ਸੀ। ਇਨ੍ਹਾਂ ਚਾਰਾਂ ਨੇ ਬਹੁਤ ਹੀ ਅਦਬ ਨਾਲ ਅੰਗੀਠੇ ਨੂੰ ਨਮਸਕਾਰ ਕਰਕੇ ਸਾਰੀਆਂ ਅਸਥੀਆਂ ਨੂੰ ਬਿਭੂਤੀ ਸਮੇਤ ਇਕੱਠੀ ਕਰਕੇ ਇੱਕ ਵੱਡੀ ਗਾਗਰ ਵਿੱਚ ਪਾ ਲਿਆ। ਅਸਥੀਆਂ ਦੇ ਆਲੇ-ਦੁਆਲੇ ਦੀ ਬਚੀ ਹੋਈ ਬਿਭੂਤੀ ਨੂੰ ਵੱਖਰੇ ਤੌਰ ‘ਤੇ ਇੱਕ ਹੋਰ ਛੋਟੀ ਗਾਗਰ ਵਿੱਚ ਪਾ ਕੇ ਸੰਭਾਲ ਲਿਆ। ਇਹ ਦੋਵੇਂ ਗਾਗਰਾਂ ਪਿੱਤਲ ਜਾਂ ਤਾਂਬੇ ਦੀਆਂ ਸਨ। ਅਸਥੀਆਂ ਵਾਲੀ ਵੱਡੀ ਗਾਗਰ ਨੂੰ ਕੀਮਤੀ ਦੁਸ਼ਾਲੇ ਵਿੱਚ ਲਪੇਟ ਕੇ ਸਸਕਾਰ ਕਰਨ ਵਾਲੇ ਸਥਾਨ ‘ਤੇ ਹੀ ਟੋਹਾ ਪੁੱਟ ਕੇ ਉਸ ਵਿੱਚ ਅਦਬ ਨਾਲ ਰੱਖ ਦਿੱਤਾ। ਬਿਭੂਤੀ ਵਾਲੀ ਛੋਟੀ ਗਾਗਰ ਨੂੰ ਭਾਈ ਜੋਧ ਸਿੰਘ ਨੇ ਆਪਣੇ ਨਾਲ ਲਿਜਾਣ ਲਈ ਭਾਈ ਟੋਡਰ ਮੱਲ ਜੀ ਕੋਲੋਂ ਇਜਾਜਤ ਲੈ ਲਈ (ਭਾਈ ਜੋਧ ਸਿੰਘ ਜੀ ਦਾ ਜਿਕਰ ਅੱਗੇ ਆਵੇਗਾ) । ਅਸਥੀਆਂ ਵਾਲੀ ਵੱਡੀ ਗਾਗਰ ਨੂੰ ਪੁੱਟੇ ਹੋਏ ਟੋਹੇ ਵਿੱਚ ਧਰਤੀ ‘ਚ ਦਬਾ ਕੇ ਉਸ ਉੱਤੇ ਮਿੱਟੀ ਦਾ ਕੱਚਾ ਥੜਾ ਸਾਹਿਬ ਬਣਾ ਦਿੱਤਾ। ਫਿਰ ਇਹ ਚਾਰੇ ਜਾਣੇ ਥੜਾ ਸਾਹਿਬ ਨੂੰ ਬਹੁਤ ਹੀ ਪਿਆਰ- ਸਤਿਕਾਰ ਨਾਲ ਮੱਥਾ ਟੇਕ ਕੇ ਵਾਪਸ ਚਲੇ ਗਏ। ਸਰਹਿੰਦ ‘ਚ ਦਾਦੀ ਮਾਂ ਤੇ ਨਿੱਕੀਆਂ ਜਿੰਦਾਂ ਦੇ ਅਸਥਾਨਾਂ ਦੇ ਬਣਨ ਦੀ ਆਰੰਭਤਾ ਏਸੇ ਕੱਚੇ ਥੜਾ ਸਾਹਿਬ ਤੋਂ ਹੋਈ ਸੀ। ਫਿਰ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਇੱਥੇ ਪੱਕਾ ਥੜਾ ਸਾਹਿਬ ਬਣਾ ਦਿੱਤਾ ਤੇ ਮਹਾਰਾਜਾ ਨਰਿੰਦਰ ਸਿੰਘ ਪਟਿਆਲਾ ਨੇ ਥੜਾ ਸਾਹਿਬ ਨੂੰ ਵਿਚਕਾਰ ਰੱਖ ਕੇ ਇਸ ਉੱਤੇ ਇੱਕ ਮੰਜਿਲੀ ਇਮਾਰਤ ਦੀ ਉਸਾਰੀ ਕਰਵਾ ਦਿੱਤੀ। ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਸਮੇਂ ਹੀ ਇਸ ਅਸਥਾਨ ਨੂੰ ਜੋਤੀ ਸਰੂਪ ਕਿਹਾ ਜਾਣ ਲੱਗ ਪਿਆ ਸੀ।

ਸ਼ਹੀਦੀ ਸਾਕੇ ਤੋਂ ਬਾਅਦ ਭਾਈ ਟੋਡਰ ਮੱਲ ਜੀ ਬਹੁਤ ਹੀ ਉਦਾਸ ਰਹਿਣ ਲੱਗ ਪਏ । ਉਹ ਉਦੋਂ ਹੋਰ ਵੀ ਉਪਰਾਮ ਹੋ ਗਏ ਜਦੋਂ ਭਾਈ ਮੋਤੀ ਰਾਮ ਜੀ ਮਹਿਰਾ ਨੂੰ ਪਰਿਵਾਰ ਸਮੇਤ ਕੋਹਲੂ ਵਿੱਚ ਪੀੜ ਦਿੱਤਾ ਗਿਆ। ਸਾਰਾ-ਸਾਰਾ ਦਿਨ ਉਹ ਜੋਤੀ ਸਰੂਪ ਸਾਹਿਬ ਦੇ ਥੜਾ ਸਾਹਿਬ ਕੋਲ ਬੈਠ ਕੇ ਸਿਮਰਨ ਕਰਦੇ ਰਹਿੰਦੇ। ਗੁਰੂ ਮਾਰੀ ਸਰਹਿੰਦ ‘ਚ ਉਨ੍ਹਾਂ ਨੂੰ ਦਿਨ ਕੱਟਣੇ ਔਖੇ ਲੱਗਦੇ ਤੇ ਉਹ ਏਥੋਂ ਕਿਤੇ ਦੂਰ ਚਲੇ ਜਾਣਾ ਚਾਹੁੰਦੇ ਸੀ। ਸਾਰਾ ਕੁਝ ਤਾਂ ਉਹ ਪਹਿਲਾਂ ਹੀ ਵੇਚ-ਵੱਟ ਕੇ ਮੋਹਰਾਂ ਖਰੀਦਣ ‘ਤੇ ਲਾ ਚੁੱਕੇ ਸੀ। ਜੋ ਕੁਝ ਹਵੇਲੀ ਸਮੇਤ ਬਾਕੀ ਬਚਿਆ ਸੀ ਉਹ ਵੀ ਇੱਕ ਦਿਨ ਵੇਚ ਕੇ, ਉਹ ਆਪਣੇ ਪਰਿਵਾਰ ਸਮੇਤ ਜਾਂ ਤਾਂ ਆਪਣੇ ਜੱਦੀ ਪਿੰਡ ਕਾਕੜਾ ਜਾ ਵਸੇ ਜਾਂ ਕਿਧਰੇ ਹੋਰ ਥਾਂ ਜਾ ਕੇ ਰਹਿਣ ਲੱਗ ਪਏ। ਦਾਦੀ ਮਾਂ ਤੇ ਨਿੱਕੀਆਂ ਜਿੰਦਾਂ ਦੀ ਪ੍ਰੀਤ ਦੇ ਵਿਯੋਗ ਵਿੱਚ ਭਾਈ ਟੋਡਰ ਮੱਲ ਜੀ ਬਹੁਤੇ ਸਾਲ ਜੀਅ ਨਾ ਸਕੇ, ਉਹ ੧੭੧੦ ਈ: ਤੋਂ ਪਹਿਲਾਂ ਹੀ ਸੱਚਖੰਡ ਜਾ ਵਿਰਾਜੇ। ਉਨ੍ਹਾਂ ਦੇ ਚਲਾਣੇ ਦਾ ਇਤਿਹਾਸਕ ਅੰਦਾਜਾ ਇਸ ਤਰ੍ਹਾਂ ਲੱਗਦਾ ਹੈ ਕਿ ਜੇਕਰ ਉਹ ੧੭੧੦ ਈ: ਤੱਕ ਜੀਵਤ ਹੁੰਦੇ ਤਾਂ ਉਸ ਸਮੇਂ ਸਰਹਿੰਦ ਫਤਹਿ ਕਰਨ ਤੋਂ ਬਾਅਦ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਉਨ੍ਹਾਂ ਨੂੰ ਬਹੁਤ ਹੀ ਮਾਣ-ਸਨਮਾਨ ਦੇ ਕੇ ਨਿਵਾਜਣਾ ਸੀ। ਭਾਈ ਟੋਡਰ ਮੱਲ ਜੀ ਭਾਵੇਂ ਕਿਤੇ ਵੀ ਰਹਿੰਦੇ ਹੁੰਦੇ ਤਾਂ ਬਾਬਾ ਬੰਦਾ ਸਿੰਘ ਜੀ ਨੂੰ ਉਨ੍ਹਾਂ ਬਾਰੇ ਜਰੂਰ ਪਤਾ ਲੱਗ ਜਾਣਾ ਸੀ। ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਉਹ ਮਈ ੧੭੧੦ ਈ: ਤੱਕ ਜੀਵਤ ਨਹੀਂ ਸਨ। ਭਾਈ ਟੋਡਰ ਮੱਲ ਜੀ ਨਾਮ-ਸਿਮਰਨ ਕਰਨ ਵਾਲੇ ਕੇਸਾਧਾਰੀ ਸਿੱਖ ਸਨ, ਉਨ੍ਹਾਂ ਨੇ ਗੁਰੂ ਤੇਗ ਬਹਾਦਰ ਜੀ ਕੋਲੋਂ ਸਿੱਖੀ ਦੀ ਦਾਤ ਪ੍ਰਾਪਤ ਕੀਤੀ ਸੀ। ਸਿੱਖ ਇਤਿਹਾਸ ਦੇ ਪੁਰਾਤਨ ਇਤਿਹਾਸਕਾਰ ਉਨ੍ਹਾਂ ਦੇ ਸਿੱਖ ਹੋਣ ਦੀ ਗਵਾਹੀ ਭਰਦੇ ਹਨ –

੧. ਇਕ ਸਿਖ ਟੋਡਰ ਮਲ ਬਹੁ ਧਨੀ। ਸਾਹਿਬਜ਼ਾਦੇ ਪਕਰਨਿ ਸੁਨੀ। – ਸੂਰਜ ਪ੍ਰਕਾਸ਼, ਭਾਈ ਸੰਤੋਖ ਸਿੰਘ।

੨. ਟੋਡਰ ਮਲ ਕਪੂਰ ਸਿੱਖ ਖਤ੍ਰੀ। ਤਿਨ ਤਬ ਸੁਨੀ ਕਥਾ ਗੁਰ ਅਤ੍ਰੀ। – ਸ੍ਰੀ ਗੁਰ-ਪਦ ਪ੍ਰੇਮ ਪ੍ਰਕਾਸ਼, ਬਾਬਾ ਸੁਮੇਰ ਸਿੰਘ। ੩. ਸਿਖ ਗੁਰੂ ਕਾ ਏਹੁ ਵਿਚਾਰਾ। ਜਾਤ ਖੱਤਰੀ ਧਨੀ ਅਪਾਰਾ। ਸ਼ਹੀਦ ਬਿਲਾਸ, ਗਿਆਨੀ ਠਾਕਰ ਸਿੰਘ।

੪. ਟੋਡਰ ਮਲ ਨਾਮੇ ਇਕ ਗੁਰੂ ਕਾ ਸਿੱਖ ਕੁਝ ਦੂਰ ਰਹਿੰਦਾ ਸੀ, ਜਦ ਉਸ ਸੁਣਿਆ ਕਿ ਸਾਹਿਬਜ਼ਾਦੇ ਫੜੇ ਗਏ ਹਨ, ਤਦ ਤੱਠਾ ਕਿ ਮੈਂ ਜਾਕੇ ਸਾਰਾ ਸਰਬੰਸ ਖਰਚ ਕਰਦਿਆਂ, ਪਰ ਬੱਚਿਆਂ ਨੂੰ ਬਚਾ ਲਵਾਂ। ਸ੍ਰੀ ਕਲਗੀਧਰ ਚਮਤਕਾਰ, ਭਾਈ ਵੀਰ ਸਿੰਘ।

੫. ਟੋਡਰ ਮੱਲ ਨਾਂ ਦੇ ਇੱਕ ਅਮੀਰ ਸਿੱਖ ਨੂੰ ਜਿਉਂ ਹੀ ਇਨ੍ਹਾਂ ਸਾਹਿਬਜ਼ਾਦਿਆਂ ਦੇ ਬੰਦੀ ਬਣਾਏ ਜਾਣ ਦੀ ਖਬਰ ਮਿਲੀ ਉਹ ਉਸ ਸਮੇਂ ਨਵਾਬ ਪਾਸ ਚੱਲ ਪਿਆ ਤਾਂ ਜੋ ਉਹ ਪੈਸਾ ਤਾਰ ਕੇ ਉਨ੍ਹਾਂ ਦੀ ਰਿਹਾਈ ਕਰਵਾ ਸਕੇ। ਪ੍ਰੰਤੂ ਉਹ ਸਮੇਂ ਤੋਂ ਖੁੰਝ ਗਿਆ। ਸਾਹਿਬਜ਼ਾਦੇ ਪਹਿਲਾਂ ਹੀ ਸ਼ਹਾਦਤ ਪ੍ਰਾਪਤ ਕਰ ਚੁੱਕੇ ਸਨ। ਸਿੱਖ ਇਤਿਹਾਸ, ਮੈਕਸ ਆਰਥਰ ਮੈਕਾਲਿਫ।
ਅਗਲਾ ਭਾਗ………
┈ ┈┉❀🍃🌺🍃❀┉┈ ┈
ਹੋਈ ਭੁੱਲ ਚੁੱਕ ਦੀ ਖਿਮਾ🙏🏼 ਗੱਜ ਵੱਜ ਕੇ ਫ਼ਤਿਹ ਬੁਲਾਓ। ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ॥
ਭੜੋਲੇ ਭਰੇ ਰਹਿਣ, ਚੱੜਦੀ ਕਲ੍ਹਾ ਬਣੀ ਰਹੇ🙏🏼
ਹਰਦੀਪ ਸਿੰਘ ਨਾਗਰਾ

You may also like these