ਰਾਣੀ_ਜ਼ੈਨਾ_ਦੀ_ਸ਼ਹੀਦੀ
ਅਨੰਦਪੁਰ ਸਾਹਿਬ ਦੀਆਂ ਰੌਣਕਾਂ ਸਮੇਂ ਦਸ਼ਮੇਸ਼ ਪਿਤਾ ਜੀ ਦੇ ਦੀਦਾਰ ਕਰਨ ਆਈ ਰਾਜਪੂਤਾਂ ਦੀ ਜਾਈ ਇੱਕ ਬੀਬੀ ਨੇ ਆਪਣੇ ਪਤੀ ਸਮੇਤ ਸਿੱਖੀ ਧਾਰਨ ਕਰ ਲਈ। ਉਹ ਤੇ ਉਸਦਾ ਪਤੀ ਅਨੰਦਪੁਰ ਸਾਹਿਬ ਹੀ ਰਹਿਣ ਲੱਗੇ।
ਪਤੀ ਸਿੰਘਾਂ ਦੇ ਜਥੇ ਨਾਲ ਸੇਵਾ ਕਰਦਾ ਤੇ ਇਹ ਬੀਬੀ ਦਸ਼ਮੇਸ਼ ਜੀ ਦੇ ਸਾਹਿਬਜ਼ਾਦਿਆਂ ਦੀ ਖਿਡਾਵੀ ਬਣ ਕੇ ਸੇਵਾ ਨਿਭਾਉਂਦੀ। ਇਸ ਬੀਬੀ ਦੀ ਜਾਣ- ਪਛਾਣ ਵਾਲੀਆਂ ਔਰਤਾਂ ਅਨੰਦਪੁਰ ਸਾਹਿਬ ਆਉਣ ‘ਤੇ ਇਸ ਨੂੰ ਮਿਲ ਕੇ ਜਾਇਆ ਕਰਦੀਆਂ। ਇੱਕ ਵਾਰੀ ਇਸ ਦੀ ਸਹੇਲੀ ਸੁਹਾਗੋ ਆਪਣੀ ਧੀ ਭਾਗੋ ਨੂੰ ਨਾਲ ਲੈ ਕੇ ਅਨੰਦਪੁਰ ਸਾਹਿਬ ਆਈ ਤਾਂ ਉਹ ਗੁਰੂ ਪਰਿਵਾਰ ਦੇ ਦਰਸ਼ਨ ਕਰਕੇ ਕਈ ਦਿਨ ਇਹਦੇ ਕੋਲ ਠਹਿਰ ਕੇ ਬਿਲਾਸਪੁਰ ਰਾਜ ਮਹਿਲਾਂ ‘ਚ ਮੁੜ ਗਈ। ਇਹ ਦੋਵੇਂ ਮਾਂ-ਧੀ ਰਾਜ ਮਹਿਲ ‘ਚ ਦਾਸੀਆਂ ਵਜੋਂ ਨੌਕਰੀ ਕਰਦੀਆਂ ਸਨ। ਸਾਹਿਬਜ਼ਾਦਿਆਂ ਦੀਆਂ ਕੋਮਲ ਸੋਹਣੀਆਂ ਸੂਰਤਾਂ ਭਾਗੋ ਦੇ ਹਿਰਦੇ ਅੰਦਰ ਘਰ ਕਰ ਗਈਆਂ। ਅਨੰਦਪੁਰ ਸਾਹਿਬ ਦੇ ਅਨੰਦਤ ਨਜ਼ਾਰੇ ਉਸ ਦੇ ਦਿਲ-ਦਿਮਾਗ ‘ਤੇ ਉੱਕਰੇ ਗਏ ਜੋ ਉਸ ਨੇ ਪਹਿਲੀ ਤੇ ਆਖਰੀ ਵਾਰ ਦੇਖੇ ਸਨ। ਅੱਲੜ ਉਮਰ ਦੀ ਦਹਿਲੀਜ ਟੱਪ ਕੇ ਜਵਾਨ ਹੋਈ ਭਾਗੋ ਅੰਤਾਂ ਦੀ ਸੁੰਦਰਤਾ ਦੀ ਮਾਲਕ ਬਣ ਗਈ। ਮਾਪਿਆਂ ਨੇ ਚੰਗਾ ਵਰ ਟੋਲ੍ਹ ਕੇ ਸਰਹਿੰਦ ‘ਚ ਵਿਆਹ ਦਿੱਤੀ। ਡੋਲਾ ਅਜੇ ਸਰਹਿੰਦ ‘ਚ ਨਹੀਂ ਸੀ ਪਹੁੰਚਾ ਕਿ ਰਸਤੇ ਵਿੱਚੋਂ ਧੱਕੇ ਨਾਲ ਹੀ ਭਾਗੋ ਨੂੰ ਵਜ਼ੀਰ ਖਾਨ ਦੇ ਮਹਿਲੀਂ ਪਹੁੰਚਾ ਦਿੱਤਾ ਗਿਆ। ਵਜ਼ੀਰ ਖਾਨ ਇਸ ਦੀ ਸੁੰਦਰਤਾ ਦੀਆਂ ਸਿਫਤਾਂ ਪਹਿਲਾਂ ਹੀ ਸੁਣ ਚੁੱਕਾ ਸੀ। ਕਈ ਦਿਨ ਰੋ-ਕੁਰਲਾ, ਹਾਰ-ਹੰਭ ਕੇ ਭਾਗੋ ਨੇ ਹਾਲਾਤਾਂ ਨਾਲ ਸਮਝੌਤਾ ਕਰ ਨਵਾਬ ਨਾਲ ਨਿਕਾਹ ਕਰਵਾ ਲਿਆ। ਇਸਲਾਮ ਕਬੂਲ ਕਰਨ ‘ਤੇ ਇਸ ਦਾ ਨਾਂ ਜ਼ੈਨਬੁਨਿਸਾ ਰੱਖਿਆ ਗਿਆ ਤੇ ਵਜ਼ੀਰ ਖਾਨ ਇਸ ਨੂੰ ਜ਼ੈਨਾ ਕਹਿ ਕੇ ਹੀ ਬੁਲਾਉਂਦਾ। ਸਮਾਂ ਅੱਗੇ ਦੀ ਅੱਗੇ ਲੰਘਦਾ ਗਿਆ। ਭਾਗੋ ਦੇ ਹਿਰਦੇ ਅੰਦਰ ਅਨੰਦਪੁਰ ਸਾਹਿਬ ਦੀਆਂ ਰੌਣਕਾਂ ਉਵੇਂ ਹੀ ਵਸੀਆਂ ਰਹੀਆਂ ਜਿਵੇਂ ਉਸ ਨੇ ਕਦੇ ਦੇਖੀਆਂ ਸਨ। ਅਨੰਦਪੁਰ ਸਾਹਿਬ ਨੂੰ ਪਏ ਘੇਰੇ ਅਤੇ ਯੁੱਧਾਂ ਦਾ ਵੇਰਵਾ ਜ਼ੈਨਾ ਨੂੰ ਮਿਲਦਾ ਰਹਿੰਦਾ, ਉਹ ਆਪਣੇ ਵਸੀਲਿਆਂ ਰਾਹੀਂ ਉੱਥੋਂ ਦਾ ਅਤਾ-ਪਤਾ ਪੁੱਛਦੀ ਰਹਿੰਦੀ। ਜਦੋਂ ਦਾਦੀ ਮਾਂ ਤੇ ਨਿੱਕੀਆਂ ਜਿੰਦਾਂ ਨੂੰ ਗ੍ਰਿਫਤਾਰ ਕਰਕੇ ਠੰਡੇ ਬੁਰਜ ‘ਚ ਕੈਦ ਕੀਤਾ ਗਿਆ ਤਾਂ ਇਸ ਅਭਾਗੀ ਖਬਰ ਨੇ ਜ਼ੈਨਾ ਦਾ ਮਨ ਦੁੱਖ ਨਾਲ ਪੀੜ ਸੁੱਟਿਆ। ਠੰਡੇ ਬੁਰਜ ਦੀ ਖਬਰ ਉਸ ਤੱਕ ਪੁੱਜਦੀ ਰਹਿੰਦੀ, ਉਹ ਵਜ਼ੀਰ ਖਾਨ ਦੇ ਤਰਲੇ ਮਾਰਦੀ ਕਿ ਉਹ ਗੁਰੂ ਜੀ ਦੀ ਮਾਂ ਅਤੇ ਸਾਹਿਬਜ਼ਾਦਿਆਂ ਨੂੰ ਛੱਡ ਦੇਵੇ ਪਰ ਪਾਪੀ ਮਨ ‘ਤੇ ਤਰਲਿਆਂ ਦਾ ਕੋਈ ਅਸਰ ਨਾ ਹੋਇਆ। ਜਿਸ ਦਿਨ ਨਿੱਕੀਆਂ ਜਿੰਦਾਂ ਨੂੰ ਨੀਹਾਂ ‘ਚ ਚਿਣ ਕੇ ਮਾਰਨ ਦਾ ਹੁਕਮ ਦੇ ਕੇ ਨਵਾਬ ਮਹਿਲੀਂ ਆਇਆ ਤਾਂ ਰਾਣੀ ਜ਼ੈਨਾ ਨੇ ਰੋ-ਰੋ ਕੇ ਹਾਲੋ-ਬੇਹਾਲ ਹੁੰਦਿਆਂ ਹੋਇਆਂ ਸਿਰੇ ਦੇ ਵਾਸਤੇ ਪਾਉਂਦਿਆਂ ਕਿਹਾ ਕਿ ਰਾਜਿਆ! ਇਨ੍ਹਾਂ ਮਾਸੂਮ ਜਿੰਦੜੀਆਂ ਨੂੰ ਮਾਰ ਨਾ। ਗੁਰੂ ਦੇ ਪੁੱਤਰਾਂ ਤੇ ਬੁੱਢੜੀ ਮਾਂ ਨੂੰ ਛੱਡ ਦੇ। ਵੇ ਰਾਜਿਆ! ਇਹ ਲੋਹੜਾ ਨਾ ਮਾਰ, ਮੈਥੋਂ ਇਹ ਪਾਪ ਜਰ ਨਹੀਂ ਹੋਣਾ। ਮਾਸੂਮਾਂ ਨੂੰ ਛੁਡਾਉਣ ਲਈ ਰਾਣੀ ਜ਼ੈਨਾ ਨੇ ਵਜ਼ੀਰ ਖਾਨ ਦੇ ਹੱਦੋਂ ਪਰ੍ਹੇ ਤਰਲੇ ਮਾਰੇ ਪਰ ਉਹ ਪੱਥਰ ਦਿਲ ਹੈਵਾਨ ਨੂੰ ਮੋਮ ਨਾ ਕਰ ਸਕੀ।
ਅਨੰਦਪੁਰ ਸਾਹਿਬ ‘ਚ ਕੁਝ ਦਿਨ ਰਹਿਣ ਸਮੇਂ ਸਾਹਿਬਜ਼ਾਦਿਆਂ ਨੂੰ ਹੱਥੀਂ ਖਿਡਾਉਣ ਵਾਲੀ ਜ਼ੈਨਾ ਅੱਜ ਉਨ੍ਹਾਂ ਲਈ ਕੁਝ ਵੀ ਨਾ ਕਰ ਸਕਣ ਦੀ ਸੂਰਤ ‘ਚ ਬੇਵਸ ਹੋ ਕੇ ਧਾਹਾਂ ਮਾਰ ਕੇ ਰੋਣ ਲੱਗ ਪਈ। ਉੱਧਰ ਨਿੱਕੀਆਂ ਜਿੰਦਾਂ ਤੇ ਦਾਦੀ ਮਾਂ ਦੀ ਸ਼ਹਾਦਤ ਹੋ ਗਈ, ਏਧਰ ਰਾਣੀ ਜ਼ੈਨਾ ਨੇ ਆਪਣੇ ਸੀਨੇ ‘ਚ ਕਟਾਰੀ ਮਾਰ ਕੇ ਆਪਣਾ ਅੰਤ ਕਰ ਲਿਆ। ਉਹ ਉੱਥੇ ਹੀ ਜਾ ਅੱਪੜੀ ਜਿੱਥੇ ਦਾਦੀ ਮਾਂ ਤੇ ਨਿੱਕੀਆਂ ਜਿੰਦਾਂ ਗਈਆਂ ਸਨ।
ਨੋਟ – ਜ਼ੈਨਾ ਦਾ ਵਿਰਲਾਪ ਦੇ ਸਿਰਲੇਖ ਹੇਠ ਭਾਈ ਵੀਰ ਸਿੰਘ ਜੀ ਨੇ ਅਪ੍ਰੈਲ, ੧੯੦੨ ਈ: ਨੂੰ ਪਹਿਲੀ ਵਾਰ ਖਾਲਸਾ ਸਮਾਚਾਰ ਅਖਬਾਰ ‘ਚ ਇਸ ਨੂੰ ਪ੍ਰਕਾਸ਼ਿਆ। ਇਸਨੂੰ ਬਾਅਦ ਵਿੱਚ ਸ੍ਰੀ ਕਲਗੀਧਰ ਚਮਤਕਾਰ ‘ਚ ਅੰਕਿਤ ਕੀਤਾ ਗਿਆ।