History of the days after Guru Gobind Singh Ji left Anandpur Sahib – 7-2-26

ਵਾਰ_ਦੀਏ_ਸੁਤ_ਚਾਰ
ਭਾਗ 1


ਸਾਹਿਬਜ਼ਾਦਿਆਂ ਤੇ ਮਾਤਾ ਜੀ ਦੀ ਸ਼ਹੀਦੀ ਦੀ ਕਨਸੋਅ ਤਾਂ ਦਸਮ ਪਿਤਾ ਜੀ ਨੂੰ ਮਾਛੀਵਾੜੇ ਤੇ ਆਲਮਗੀਰ ਦੇ ਵਿਚਾਲੇ ਹੀ ਮਿਲ ਗਈ ਸੀ। ਪਰ ਇਸ ਸ਼ਹੀਦੀ ਸਾਕੇ ਦੀ ਪੂਰੀ ਜਾਣਕਾਰੀ ਪਿੰਡ ਜੱਟਪੁਰਾ (ਲੰਮਾ-ਜੱਟਪੁਰਾ ਦੋ ਪਿੰਡ ਹਨ) ਵਿੱਚ ਪਾਤਸ਼ਾਹ ਜੀ ਦੇ ਹੁਕਮ ਨਾਲ ਰਾਇ ਕੱਲ੍ਹਾ ਦਾ ਭੇਜਿਆ ਆਦਮੀ ਨੂਰਾ ਮਾਹੀ ਭਾਈ ਟੋਡਰ ਮੱਲ ਜੀ ਕੋਲੋਂ ਲੈ ਕੇ ਆਇਆ। ਉਸਨੇ ਸਾਰਾ ਸਾਕਾ ਦਰਦ ਭਰੀ ਅਵਾਜ ਵਿੱਚ ਹਟਕੋਰੇ ਲੈਂਦਿਆਂ ਸੁਣਾਇਆ ਤੇ ਦਸਮ ਪਿਤਾ ਜੀ ਨੇ ਗੰਭੀਰਤਾ ਤੇ ਪੂਰੀ ਅਡੋਲਤਾ ਵਿਚ ਕਾਹੀ ਦੇ ਬੂਟੇ ਦੀਆਂ ਜੜ੍ਹਾਂ ‘ਚ ਤੀਰ ਮਾਰਦਿਆਂ ਸੁਣਿਆ। ਸਾਰੀ ਵਾਰਤਾ ਸੁਣਾ ਨੂਰੇ ਮਾਹੀ ਦੀਆਂ ਧਾਹਾਂ ਨਿਕਲ ਗਈਆਂ। ਰਾਇ ਕੱਲ੍ਹਾ ਅਤੇ ਸਾਰੀ ਸੰਗਤ ਇਸ ਦਰਦ ਨੂੰ ਸਹਾਰ ਨਾ ਸਕੇ, ਸਭ ਦੀਆਂ ਅੱਖਾਂ ਅੱਥਰੂਆਂ ਨਾਲ ਭਿੱਜ ਗਈਆਂ। ਕਲਗੀਧਰ ਜੀ ਕੁਝ ਦੇਰ ਚੁੱਪ ਰਹਿਣ ਮਗਰੋਂ ਕਾਹੀ ਦੇ ਬੂਟੇ ਨੂੰ ਪੁੱਟ ਕੇ ਹੱਥ ਵਿੱਚ ਫੜਕੇ ਕਹਿਣ ਲੱਗੇ, ਹੁਣ ਜਾਲਮ ਸਰਕਾਰ ਦੀ ਜੜ੍ਹ ਪੁੱਟੀ ਗਈ ਹੈ। ਸ਼ਹੀਦਾਂ ਦਾ ਖੂਨ ਜੁਲਮੀ ਰਾਜ ਦੀਆਂ ਜੜ੍ਹਾਂ ਹਿਲਾ ਦੇਵੇਗਾ।

ਤੁਰਕਨ ਕੀ ਜੜ ਕਾਟਿ, ਗਏ ਸੁ ਸਾਚੇ ਖੰਡ ਮੈਂ॥ ਜਸ ਕੇ ਭਰੇ ਸੁ ਮਾਟ, ਧਰਮ ਰਾਖਿ ਧਰ ਤੇ ਗਏ॥ ਕ੍ਰਿਤ – ਭਾਈ ਦੁੱਨਾ ਸਿੰਘ ਹੰਡੂਰੀਆ

ਮੇਰੇ ਪੁੱਤਰ ਮਰੇ ਨਹੀਂ, ਉਹ ਧਰਮ ਤੋਂ ਜਾਨ ਵਾਰ ਕੇ ਗਏ ਨੇ, ਉਹਨਾਂ ਦੀ ਸ਼ਹੀਦੀ ਰੰਗ ਲਿਆਵੇਗੀ। ਫਿਰ ਪਾਤਸ਼ਾਹ ਜੀ ਨੇ ਗੁਜਰੀ ਉਜਰੀ ਕਿਹਾ ਤੇ ਆਪਣੀ ਮਾਤਾ ਜੀ ਦੀ ਕੁਰਬਾਨੀ ਨੂੰ ਧੰਨ ਧੰਨ ਕਹਿ ਕੇ ਸਤਿਕਾਰਿਆ।

ਗੁਰੂ ਗੋਬਿੰਦ ਸਿੰਘ ਜੀ ਸੁਨਯੋ, ਗਏ ਸੁ ਸਾਚੇ ਖੰਡ ਮੈਂ। ਗੁਜਰੀ ਉਜਰੀ ਤਬ ਕਹਯੋ, ਫੁਨ ਕਹਯੋ ਧੰਨ ਧੰਨ ਮਾਤ॥

ਕ੍ਰਿਤ – ਭਾਈ ਦੁੱਨਾ ਸਿੰਘ ਹੰਡੂਰੀਆ

ਗੁਜਰੀ ਉਜਰੀ ਤੋਂ ਭਾਵ ਜਿਸ ਦਾ ਸਭ ਕੁਝ ਉੱਜੜ ਜਾਵੇ, ਔਲਾਦ ਦੇ ਖਤਮ ਹੋ ਜਾਣ ਦਾ ਸੂਚਕ ਹੈ। ਪਾਤਸ਼ਾਹ ਜੀ ਨੇ ਕਿਹਾ ਮਲੇਰੀਆਂ ਦੀ ਜੜ੍ਹ ਰਹੇਗੀ, ਮਲੇਛਾਂ ਦੀ ਖਤਮ ਹੋ ਜਾਵੇਗੀ। ਮਲੇਰ ਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖਾਂ ਨੇ ਮਾਸੂਮਾਂ ਨੂੰ ਮਾਰਨ ‘ਤੇ ਹਾਅ ਦਾ ਨਾਅਰਾ ਮਾਰਿਆ ਸੀ । ਸਿੱਖ ਜਗਤ ਉਹਨਾਂ ਨੂੰ ਬਹੁਤ ਸਤਿਕਾਰ ਦੀ ਨਿਗ੍ਹਾ ਨਾਲ ਦੇਖਦਾ ਹੈ ਤਾਂ ਹੀ ਹੁਣ ਤੱਕ ਮਲੇਰ ਕੋਟਲਾ ਜਿਉਂ ਦਾ ਤਿਉਂ ਵਸਿਆ ਰਿਹਾ। ਕਲਗੀਧਰ ਪਾਤਸ਼ਾਹ ਜੀ ਨੇ ਸਰਹਿੰਦ ਸ਼ਹਿਰ ਬਾਰੇ ਕਿਹਾ-

ਦੋਹਰਾ

ਗੁਰੂ ਗੋਬਿੰਦ ਸਿੰਘ ਬੋਲ ਕੈ, ਐਸੋ ਕਹਯੋ ਸੁਨਾਇ॥ ਜੇ ਕੋ ਸਿਖ ਮੇਰਾ ਹੋਇ, ਸੀਰੰਦ ਕੀ ਈਂਟ ਨਦੀ ਮਹਿ ਪਾਇ॥

ਕ੍ਰਿਤ – ਭਾਈ ਦੁੱਨਾ ਸਿੰਘ ਹੰਡੂਰੀਆ

ਪਾਤਸ਼ਾਹ ਜੀ ਦਾ ਭਾਵ ਸੀ ਕਿ ਜਿਸ ਸ਼ਹਿਰ ਵਿੱਚ ਏਨਾ ਵੱਡਾ ਪਾਪ ਹੋਇਆ ਹੋਵੇ, ਉਸਨੂੰ ਰੋਕਣ ਲਈ ਕੋਈ ਵੀ ਨਾ ਬੋਲਿਆ, ਉਸ ਪਾਪੀ ਸ਼ਹਿਰ ਦੀ ਮੇਰੇ ਸਿੱਖ ਇੱਟ ਨਾਲ ਇੱਟ ਖੜਕਾ ਦੇਣਗੇ। ਇਸ ਦੀਆਂ ਇੱਟਾਂ ਨਦੀ ਵਿੱਚ ਪਾ ਦੇਣਗੇ, ਸਰਹਿੰਦ ਉੱਜੜ ਜਾਵੇਗੀ। ਉਸ ਦਿਨ ਤੋਂ ਸਿੱਖ ਇਸਨੂੰ ਗੁਰੂ ਮਾਰੀ ਸਰਹਿੰਦ ਕਹਿਣ ਲੱਗ ਪਏ। ਕੋਲ ਬੈਠੇ ਰਾਇ ਕੱਲ੍ਹਾ ਨੇ ਕਿਹਾ ਪਾਤਸ਼ਾਹ ਜੀ ਮੈਨੂੰ ਰੱਖ ਲਵੋ, ਮੈਂ ਵੀ ਮੁਗਲ ਸਰਕਾਰ ਵਿਚ ਸ਼ਾਮਿਲ ਹਾਂ, ਮੈਨੂੰ ਉਹਨਾਂ ਪਾਪੀਆਂ ਵਿੱਚ ਨਾ ਰਲਾਵੋ। ਪਾਤਸ਼ਾਹ ਜੀ ਨੇ ਇਸ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਇਕ ਸ੍ਰੀ ਸਾਹਿਬ ਅਤੇ ਗੰਗਾ ਸਾਗਰ ਦੀ ਬਖਸ਼ਿਸ਼ ਕੀਤੀ ਤੇ ਕਿਹਾ ਜਦੋਂ ਤੱਕ ਤੁਸੀਂ ਇਸ ਦਾ ਸਤਿਕਾਰ ਕਰੋਗੇ ਤੁਹਾਡਾ ਖਾਨਦਾਨ ਬਹੁਤ ਵਧੇ ਫੁੱਲੇਗਾ। ਸਤਿਗੁਰੂ ਜੀ ਨੇ ਸਭ ਸੰਗਤ ਨੂੰ ਧਰਵਾਸ ਦੇ ਕੇ ਸੋਗ ਰਹਿਤ ਕੀਤਾ ਤੇ ਅਕਾਲ ਪੁਰਖ ਦਾ ਭਾਣਾ ਮੰਨਣ ਲਈ ਕਿਹਾ। ਲੰਮਾ ਤੇ ਜੱਟਪੁਰਾ ਦੋ ਪਿੰਡ ਨੇੜੇ-ਨੇੜੇ ਹੋਣ ਕਰਕੇ ਬੋਲਣ ਵਿੱਚ ਇਕੱਠੇ ਲੰਮਾ ਜੱਟਪੁਰਾ ਕਿਹਾ ਜਾਂਦਾ ਹੈ। ਇਹ ਅਸਥਾਨ ਗੁਰੂ ਗੋਬਿੰਦ ਸਿੰਘ ਜੀ ਮਾਰਗ ਉੱਪਰ ਆਉਂਦਾ ਹੈ ਤੇ ਗੁਰਦੁਆਰਾ ਮੇਹਦੀਆਣਾ ਸਾਹਿਬ ਦੇ ਨਜ਼ਦੀਕ ਹੈ।

ਏਥੋਂ ਪਾਤਸ਼ਾਹ ਜੀ ਜੁਲਮ ਦੀ ਜੜ੍ਹ ਪੁੱਟ ਕੇ ਚਲਦੇ-ਚਲਦੇ ਤਲਵੰਡੀ ਸਾਬੋ (ਦਮਦਮਾ ਸਾਹਿਬ) ਜਾ ਵਿਰਾਜੇ । ਇਹ ਭਾਈ ਡੱਲੇ ਚੌਧਰੀ ਦਾ ਇਲਾਕਾ ਸੀ, ਉਸ ਨੇ ਬਹੁਤ ਸੇਵਾ ਕੀਤੀ। ਪਾਤਸ਼ਾਹ ਜੀ ਬਹੁਤ ਸਮਾਂ ਡੱਲੇ ਚੌਧਰੀ ਪਾਸ ਰਹੇ। ਇੱਕ ਦਿਨ ਭਾਈ ਡੱਲੇ ਦੀ ਪਤਨੀ ਬੀਬੀ ਕਪੂਰੋ ਨੇ ਸਤਿਗੁਰੂ ਜੀ ਅੱਗੇ ਬੇਨਤੀ ਕੀਤੀ ਜੋ ਗੁਰੂ ਕੀਆਂ ਸਾਖੀਆਂ ਵਿੱਚ ਇਸ ਤਰ੍ਹਾਂ ਅੰਕਿਤ ਹੈ:-

ਅਗਲਾ ਭਾਗ…….

You may also like these