History of the days after Guru Gobind Singh Ji left Anandpur Sahib – 9-2-26

ਪਾਪੀਆਂ ਦੀ ਮੌਤ
ਭਾਗ 1

ਗੰਗੂ ਪਾਪੀ ਨੇ ਧ੍ਰੋਹ ਕਮਾਇਆ, ਨਿੱਕੇ ਮਾਸੂਮ ਤੇ ਬਿਰਧ ਮਾਤਾ ਜੀ ਨੂੰ ਫੜਾ ਕੇ ਸ਼ਹੀਦ ਕਰਵਾ ਦਿੱਤਾ। ਜਿਸ ਮਾਇਆ ਲਈ ਇਸਨੇ ਇਹ ਮਾੜਾ ਕਰਮ ਕੀਤਾ ਸੀ, ਉਹ ਮਾਇਆ ਹੀ ਇਸਦੀ ਮੌਤ ਦਾ ਕਾਰਨ ਬਣੀ। ਜਦੋਂ ਹਾਕਮਾਂ ਨੂੰ ਪਤਾ ਲੱਗਾ ਕਿ ਗੰਗੂ ਬ੍ਰਾਹਮਣ ਕੋਲ ਬਹੁਤ ਸਾਰਾ ਧਨ ਗੁਰੂ ਜੀ ਦੀ ਮਾਤਾ ਜੀ ਦਾ ਲੁਕਾਇਆ ਹੋਇਆ ਹੈ ਤਾਂ ਇਸ ਦੀ ਪੁੱਛ ਪੜਤਾਲ ਜੋਣ ਲੱਗੀ। ਜਿਸ ਸੁੱਕੇ ਅ ਵਿੱਚ ਧਨ ਦੱਬਿਆ ਸੀ, ਉਸ ਵਿੱਚ ਪਾਣੀ ਆ ਗਿਆ ਤੇ ਧਨ ਦੀ ਖੁਰਜੀ ਨਾ ਮਿਲੀ।

ਦੋਹਰਾ
ਦਬ ਆਏ ਸੂਕੀ ਨਦੀ,
ਨੀਰ ਵਹਯੋ ਆਇ ਜਿਸ ਕੀ ਵਸਤੁ ਸੁ ਤਿਨ ਲਈ,
ਮਸੰਦ ਮੂਇ ਪਛਤਾਇ

ਸੋਰਨਾ
ਢੂੰਡ ਰਹੇ ਵਾਂ ਠੋਰ, ਖੁਰਜੀ ਕਹੂੰ ਨ ਪਾਈਐ ਕਾਰਣ ਭਯੋ ਸੁ ਔਰ, ਤਿਸੀ ਥਾਂਇ ਗਾਯਬ ਭਈ। ਕ੍ਰਿਤ – ਭਾਈ ਦੁੱਨਾ ਸਿੰਘ ਹੰਡੂਰੀਆ

ਖੁਰਜੀ ਨੂੰ ਬਹੁਤ ਢੂੰਡਦਿਆਂ-ਭਾਲਦਿਆਂ ਗੰਗੂ ਪਾਪੀ ਕਦੇ ਕੋਈ ਥਾਂ, ਕਦੇ ਕੋਈ ਥਾਂ ਸਿਪਾਹੀਆਂ ਨੂੰ ਦਿਖਾਉਂਦਾ ਰਿਹਾ ਪਰ ਧਨ ਨਾ ਮਿਲਿਆ। ਸਾਰਾ ਦਿਨ ਗੰਗੂ ਦੇ ਦੱਸਣ ਮੁਤਾਬਕ ਸਿਪਾਹੀ ਟੋਲਦੇ ਰਹੇ, ਸ਼ਾਮ ਤੱਕ ਕੁਝ ਵੀ ਹੱਥ ਪੱਲੇ ਨਾ ਪਿਆ। ਪਾਪ ਦੇ ਭਾਰ ਨਾਲ ਉਹ ਪਾਗਲ ਹੋ ਚੁੱਕਾ ਸੀ ਉਸ ਨੂੰ ਕੁਝ ਵੀ ਪਤਾ ਨਹੀ ਸੀ ਲਗਦਾ। ਸਿਪਾਹੀਆਂ ਨੇ ਜਾਣਿਆ ਇਹ ਜਾਣ ਬੁੱਝ ਕੇ ਸਾਨੂੰ ਨਹੀਂ ਦੱਸ ਰਿਹਾ, ਐਵੇਂ ਏਧਰ-ਓਧਰ ਲਈ ਫਿਰਦਾ ਹੈ। ਉਹ ਗੰਗੂ ਪਾਪੀ ਨੂੰ ਬੰਨ੍ਹ ਕੇ ਹਵਾਲਾਤ ਵਿੱਚ ਲੈ ਗਏ ਤੇ ਕੁਟਾਪਾ ਚਾੜਕੇ ਧਨ ਦੀ ਖੁਰਜੀ ਬਾਰੇ ਪੁੱਛਦੇ ਰਹੇ। ਇਸ ਪਾਪੀ ਦਾ ਅੰਤ ਕੁੱਟ ਖਾਂਦਿਆਂ ਹਾਕਮਾਂ ਦੇ ਹੱਥੋਂ ਹੋ ਗਿਆ। ਨੀਚ ਨਰਕਾਂ ਦੇ ਰਸਤੇ ਜਾ ਪਿਆ।

ਗਹ ਲਯੋ ਤਾਸ ਬਾਧੇ ਮੰਗਾਇ। ਲੈ ਮਾਰਿ ਕੂਟ ਦੀਨੋ ਖਪਾਇ।
ਗੁਰਬਿਲਾਸ ਪਾ:ਦਸਵੀਂ – ਭਾਈ ਸੁੱਖਾ ਸਿੰਘ – ਪੰਨਾ ੩੩੪ (ਭਾਸ਼ਾ ਵਿਭਾਗ)

ਬੰਦਾ ਸਿੰਘ ਬਹਾਦਰ ਜੀ ਨੇ ਗੰਗੂ ਪਾਪੀ ਦੇ ਪਿੰਡ ਖੇੜੀ ਨੂੰ ਢਹਿ ਢੇਰੀ ਕਰ ਦਿੱਤਾ, ਇਹਦੇ ਸਾਰੇ ਪਰਿਵਾਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਤਿਹਾਸਾਂ ਵਿੱਚ ਇਸ ਦਾ ਨਾਂ ਬੁਰਾ ਪਿੰਡ, ਖੇੜੀ ਤੇ ਉਖੇੜੀ ਵੀ ਲਿਖਿਆ ਹੈ, ਹੁਣ ਇਸ ਦਾ ਨਾਂ ਸਹੇੜੀ ਹੈ। ਖਾਲਸੇ ਦਾ ਜਦੋਂ ੧੭੬੪ ਈ: ਵਿੱਚ ਜ਼ੋਰ ਵਧਿਆ ਤਾਂ ਉਹਨਾਂ ਨੇ ਮੋਰਿੰਡੇ ਦੇ ਰੰਘੜ ਜਾਨੀ ਖਾਂ ਤੇ ਮਾਨੀ ਖਾਂ ਨੂੰ ਸਮੇਤ ਨੂੰ ਸਮੇਤ ਪਰਿਵਾਰਾਂ ਦੇ ਸਿਰ ‘ਚ ਲੁਹਾਰ ਵਾਲੇ ਬਦਾਨ (ਘਣਾ) ਨਾਲ ਮਾਰ ਬੁਰੀ ਮੌਤੇ ਮਾਰਿਆ ਤੇ ਮੋਰਿੰਡਾ ਦੀ ਚੰਗੀ ਸੁਧਾਈ ਕੀਤੀ। ਇਸ ਤਰ੍ਹਾਂ ਖਾਲਸੇ ਨੇ ਸਾਹਿਬਜ਼ਾਦਿਆਂ ਤੇ ਮਾਤਾ ਜੀ ਦਾ ਬਦਲਾ ਜ਼ਾਲਮਾਂ ਨੂੰ ਸੋਧ ਕੇ ਲਿਆ ਤੇ ਆਪਣਾ ਸੀਨਾ ਠੰਡਾ ਕੀਤਾ।

੨੨ ਮਈ, ੧੭੧੦ ਈ: ਨੂੰ ਬੰਦਾ ਸਿੰਘ ਬਹਾਦਰ ਜੀ ਨੇ ਸ਼ਹਿਰ ਸਰਹਿੰਦ ਤੇ ਜਿੱਤ ਹਾਸਲ ਕਰ, ਪਾਪੀ ਵਜ਼ੀਰ ਖਾਂ ਨੂੰ ਸਹਿਕਦੇ ਨੂੰ ਜਿਉਂਦਾ ਫੜ ਲਿਆ, ਪਾਪੀ ਸੁੱਚਾ ਨੰਦ ਪਰਿਵਾਰ ਸਮੇਤ ਹੱਥ ਆ ਗਿਆ। ਪਾਪੀ ਵਜ਼ੀਰ ਖਾਂ ਨੂੰ ਵਹਿੜਕਿਆਂ (ਬਲਦਾਂ) ਦੇ ਮਰਗ ਬੰਨ੍ਹ ਕੇ ਸਾਰੇ ਸ਼ਹਿਰ ਵਿੱਚ ਘਸੀਟਿਆ ਫੇਰ ਅੱਗ ਵਿੱਚ ਸੁੱਟ ਦਿੱਤਾ। ਅੱਧ ਸੜੇ ਪਾਪੀ ਦੀ ਲਾਸ਼ ਦਰੱਖਤ ਨਾਲ ਪੁੱਠੀ ਲਟਕਾ ਦਿੱਤੀ ਤਾਂ ਕਿ ਇਸ ਦੁਸ਼ਟ ਦਾ ਹਸ਼ਰ ਸਾਰੇ ਜਾਣ ਲੈਣ।

ਤਰ੍ਹਾਂ ਬਜੀਰਾ ਸਸਕਿਤ ਪਯਾ, ਕਿਲਾ ਗਡ ਕੋਊ ਅਗੈ ਗਯਾ। ਬੰਦੇ ਵਹੜਨ ਸਾਥ ਘਿਸੜਾਯਾ ਫੇਰ ਅਗਨ ਮੈਂ ਉਸੇ ਸੜਾਯਾ॥
ਦੋਹਰਾ
ਇਤੀ ਬਜ਼ੀਰਾ ਮਾਰਿਓ ਜੇਠ ਸੁਦੀ ਕੇ ਮਾਹਿ।
ਸੱਤ੍ਹਾ ਸੈ ਸਤਾਸਠੇ ਚਪੜ ਚਿੜੀ ਕੇ ਪਾਹਿ॥

ਸ੍ਰੀ ਗੁਰ ਪੰਥ ਪ੍ਰਕਾਸ਼ – ਭਾਈ ਰਤਨ ਸਿੰਘ ਭੰਗੂ – ੧੪੭ (ਸ਼੍ਰੋ: ਗੁ: ਪ੍ਰ: ਕ: ਸ੍ਰੀ ਅੰਮ੍ਰਿਤਸਰ)

ਇਸ ਪਾਪੀ ਵਜ਼ੀਰ ਖਾਂ ਦੇ ਹੁਕਮ ਨਾਲ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਿਆ ਸੀ। ਬੰਦਾ ਸਿੰਘ ਬਹਾਦਰ ਜੀ ਨੇ ਇਸ ਦੁਸ਼ਟ ਦਾ ਬੁਰੀ ਮੌਤ ਮਾਰ ਕੇ ਅੰਤ ਕੀਤਾ। ਫੇਰ ਸੁੱਚਾ ਨੰਦ ਦੇ ਸਾਹਮਣੇ ਉਸਦੇ ਸਾਰੇ ਪਰਿਵਾਰ ਨੂੰ ਇੱਕ-ਇੱਕ ਕਰ ਕੇ ਮਾਰਿਆ ਤਾਂ ਕਿ ਉਸਨੂੰ ਵੀ ਪਤਾ ਲੱਗ ਸਕੇ ਕਿ ਆਪਣਿਆਂ ਦਾ ਦਰਦ ਕੀ ਹੁੰਦਾ ਹੈ। ਇਸ ਕਪਟੀ ਦੇ ਨੱਕ ਵਿੱਚ ਲੋਹੇ ਦੀ ਮੁੰਦਰੀ ਪਾ ਉਸ ਵਿੱਚ ਦੀ ਰੱਸੀ ਲੰਘਾ ਕੇ ਨਕੇਲ ਪਾ ਲਈ ਅਤੇ ਇਸ ਨੂੰ ਬਜ਼ਾਰਾਂ ਵਿੱਚ ਘੁਮਾਇਆ ਗਿਆ। ਲੋਕ ਇਸ ਦੇ ਸਿਰ ਵਿੱਚ ਛਿੱਤਰ ਮਾਰਦੇ ਇਸ ਪਾਪੀ ਨੂੰ ਭੁੱਖਾ ਤਿਹਾਇਆ ਰੱਖ ਤਸੀਹੇ ਦੇ ਕੁੱਤੇ ਦੀ ਮੌਤ ਮਾਰ ਖਾਲਸੇ ਨੇ ਨਿੱਕੀਆਂ ਜਿੰਦਾਂ ਦਾ ਬਦਲਾ ਲਿਆ। ਬੰਦਾ ਸਿੰਘ ਬਹਾਦਰ ਜੀ टे ਹੁਕਮ ਨਾਲ ਸਰਹਿੰਦ ਦੀ ਤਿੰਨ ਦਿਨ ਲੁੱਟ ਮਾਰ ਹੁੰਦੀ ਰਹੀ। ਘਰ-ਘਰ ਚੀਖ- ਚਿਹਾੜਾ, ਵੈਣ-ਕੀਰਨੇ ਪੈਂਦੇ ਰਹੇ, ਸਰਹਿੰਦ ਸ਼ਹਿਰ ਭੱਠੀ ਦੀ ਅੱਗ ਵਾਂਗ ਤਪਦਾ ਰਿਹਾ। ਗੁਰੂ ਮਾਰੀ ਸਰਹਿੰਦ ਦੀ ਇੱਟ ਨਾਲ ਖੜਕ ਗਈ। ਬੰਦਾ ਸਿੰਘ ਬਹਾਦਰ ਜੀ ਨੇ ਸਿੰਘਾਂ ਨੂੰ ਰੋਕ ਲਿਆ। ਸਰਹਿੰਦ ਨੂੰ ਉਜਾੜਨ ਦਾ ਸੰਕਲਪ ਖਾਲਸੇ ਦੇ ਮਨ ਵਿੱਚ ਹੀ ਰਹਿ ਗਿਆ।
ਸਮਾਂ ਬਿਖੜੇ ਰਾਹ ਸਿੰਘਾਂ ਨੂੰ ਲੰਘਾਉਂਦਾ ਰਿਹਾ। ਸਿੰਘਾਂ ਦੀਆਂ ਸ਼ਹੀਦੀਆਂ ਹੁੰਦੀਆਂ ਰਹੀਆਂ, ਮੁਗਲ ਹਕੂਮਤ ਫ਼ੁਰਮਾਨ ਜਾਰੀ ਕਰਦੀ ਰਹੀ। ਖਾਲਸੇ ਦਾ ਸਰਹਿੰਦ ਨੂੰ ਉਜਾੜਨ ਦਾ ਨਿਸ਼ਚੈ ਖਤਮ ਨਾ ਹੋਇਆ। ਖਾਲਸੇ ਨੇ ਜ਼ੋਰ ਫੜਿਆ ਸਿੱਖ ਮਿਸਲਾਂ ਸਮੇਂ ਜੈਨ ਖਾਂ ਨੂੰ ਮਾਰ ਕੇ ਸਰਹਿੰਦ ਤੇ ਕਬਜ਼ਾ ਕਰ ਲਿਆ ਤੇ ਸਰਹਿੰਦ ਸ਼ਹਿਰ ਨੂੰ ਬੁਰੀ ਤਰ੍ਹਾਂ ਢਾਹਿਆ ਤੇ ਤਬਾਹ ਕੀਤਾ। ਪਿੰਡਾਂ ਵਿੱਚੋਂ ਖੋਤੇ ਮੰਗਵਾ ਹਲ ਚਲਾਏ, ਦੇਰ ਤੋਂ ਸਰਹਿੰਦ ਨੂੰ ਉਜਾੜਨ ਦੀ ਮਨ ਦੀ ਆਸ ਪੂਰੀ ਕੀਤੀ। ਗੁਰੂ ਮਾਰੀ ਸਰਹਿੰਦ ਦੀਆਂ ਪੰਜ ਇਟਾਂ ਨਦੀ ਜਾਂ ਦਰਿਆ ਵਿੱਚ ਹਰ ਸਿੰਘ ਰੋੜ੍ਹ ਦੇਵੇ ਮਿਸਲਾਂ ਦੇ ਸਰਦਾਰਾਂ ਹੁਕਮ ਦਿੱਤਾ। ਬਹੁਤ ਦੇਰ ਤੱਕ ਏਸੇ ਤਰ੍ਹਾਂ ਹੀ ਚਲਦਾ ਰਿਹਾ। ਜਦੋਂ ਵੀ ਕਿਸੇ ਸਿੱਖ ਨੇ ਸਰਹਿੰਦ ਜਾਣਾ ਤਾਂ ਪੰਜ ਇੱਟਾਂ ਜ਼ਰੂਰ ਤੋੜ ਕੇ ਆਉਣੀਆਂ। ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਸ਼ਹੀਦ ਕਰਨਾ ਸਰਹਿੰਦ ਨੂੰ ਬਹੁਤ ਮਹਿੰਗਾ ਪਿਆ, ਉਹ ਉਸਦੀ ਤਬਾਹੀ ਦਾ ਕਾਰਨ ਬਣਿਆ।

You may also like these