History of the days after Guru Gobind Singh Ji left Anandpur Sahib – 11-2-26

ਗੁਰੂ ਮਾਰੀ ਸਰਹਿੰਦ

ਦਾਦੀ ਮਾਂ ਅਤੇ ਨਿੱਕੀਆਂ ਜਿੰਦਾਂ ਉੱਤੇ ਪਾਪੀ ਵਜ਼ੀਰ ਖਾਨ ਤੇ ਸੁੱਚਾ ਨੰਦ ਵੱਲੋਂ ਕਮਾਏ ਕਹਿਰ ਤੋਂ ਬਾਅਦ ਸਿੱਖ ਕੌਮ ਨੂੰ ਇਨ੍ਹਾਂ ਨਾਵਾਂ ਨਾਲ ਹੀ ਘਿਰਣਾ ਹੋ ਗਈ। ਪੁਰਾਤਨ ਸਮੇਂ ਵਿੱਚ ਸਿੱਖ ਪਰਿਵਾਰਾਂ ‘ਚ ਵਜ਼ੀਰ ਖਾਨ ਨੂੰ ਵਜ਼ੀਦਾ ਤੇ ਸੁੱਚਾ ਨੰਦ ਨੂੰ ਝੂਠਾ ਨੰਦ ਕਿਹਾ ਜਾਂਦਾ। ਜਦੋਂ ਦਸ਼ਮੇਸ਼ ਪਿਤਾ ਜੀ ਨੇ ਕਾਹੀ ਦਾ ਬੂਟਾ ਪੁੱਟ ਕੇ ਜ਼ੁਲਮ ਦੀ ਜੜ੍ਹ ਪੁੱਟਣ ਅਤੇ ਸਰਹਿੰਦ ਦੀ ਤਬਾਹੀ ਹੋਣ ਦੇ ਬਚਨ ਕੀਤੇ ਤਾਂ ਸਿੱਖ ਕੌਮ ਨੇ ਓਸੇ ਦਿਨ ਤੋਂ ਸਰਹਿੰਦ ਦੀਆਂ ਜੜ੍ਹਾਂ ਪੁੱਟਣ ਦੀ ਠਾਣ ਲਈ। ਗੁਰੂ ਬਚਨਾਂ ਤੋਂ ਬਾਅਦ ਸਰਹਿੰਦ ਸ਼ਹਿਰ ਦਾ ਨਾਂ ਸਿੱਖ ਕੌਮ ਦੇ ਮੂੰਹੋਂ ਲੱਥ ਗਿਆ, ਉਹ ਇਸਨੂੰ ਗੁਰੂ ਮਾਰੀ ਕਹਿ ਕੇ ਸੱਦਣ ਲੱਗੇ। ਗੁਰੂ ਦਸ਼ਮੇਸ਼ ਜੀ ਦੇ ਕੀਤੇ ਬਚਨਾਂ ਨੂੰ ਲਿਖਤੀ ਰੂਪ ਦਿੰਦਿਆਂ ਸਾਡੇ ਪੁਰਾਤਨ ਇਤਿਹਾਸਕਾਰਾਂ ਨੇ ਜੋ ਗੁਰੂ ਮਾਰੀ ਸਰਹਿੰਦ ਬਾਰੇ ਲਿਖਿਆ ਹੈ, ਉਸ ਦਾ ਸੰਖੇਪ ਵੇਰਵਾ ਇਸ ਤਰ੍ਹਾਂ ਹੈ

੧) ਕਥਾ ਗੁਰੂ ਜੀ ਕੇ ਸੁਤਨ ਕੀ

ਦੋਹਰਾ – ਗੋਬਿੰਦ ਸਿੰਘ ਬੋਲਕੇ, ਐਸੇ ਕਹਯੋ ਸੁਨਾਇ
ਜੇ ਕੋ ਸਿਖ ਮੇਰਾ ਹੋਇ, ਸੀਰੰਦ ਕੀ ਈਂਟ ਨਦੀ ਮਹਿ ਪਾਇ॥
ਇੰਟ ਨਦੀ ਸੀਰੰਦ ਕੀ, ਜੋ ਨਰ ਦੇਵਹਿ ਡਾਰ
ਤਿਸ ਸਿਖ ਪੁੰਨ ਬਹੁਤਾ ਲਹਿਯੋ, ਅਸੁ ਗਜ ਗਊ ਅਪਾਰ॥

੨) ਗੁਰੂ ਕੀਆਂ ਸਾਖੀਆਂ
ਸਤਿਗੁਰੂ ਨੂਰੇ ਮਾਹੀ ਸੇ ਯੇਹ ਸਾਰੀ ਬਾਰਤਾ ਸੁਨ ਧੀਰੇ ਧੀਰੇ ਕਰਦ ਕੀ ਨੋਕ ਸੇ ਕਾਹੀ ਕਾ ਬੂਟਾ ਉਖਾੜਨੇ ਲਾਗੇ। ਰਾਇ ਕੱਲ੍ਹੇ ਨੇ ਹਾਥ ਬਾਂਧ ਪੂਛਾ, ਜਗਤ ਕੇ ਸਾਈਆਂ ! ਇਹ ਕਿਆ ਕਰ ਰਹੇ ਹੋ? ਆਗੇ ਸੇ ਗੁਰੂ ਜੀ ਨੇ ਕਹਾ, ਅਸਾਂ ਤੁਰਕ ਰਾਜ ਕੀਆਂ ਨੀਹਾਂ ਉਖੇੜ ਰਹੇ ਹਾਂ। ਰਾਇ ਜੀ! ਇਹ ਤੁਰਕ ਰਾਜ ਹੁਣ ਸਦਾ ਕਾਇਮ ਨਹੀਂ ਰਹੇਗਾ। ਸਮਾਂ ਪਾਇਕੇ ਇਹ ਰਾਜ ਖਤਮ ਹੋਇ ਜਾਏਗਾ, ਇਸ ਰਾਜ ਮੈਂ ਨਿਆਇ ਨਹੀਂ, ਅਨਿਆਇ ਹੋਇ ਰਹਾ ਹੈ।

੩) ਸਿੰਘ ਸਾਗਰ – ਭਾਈ ਵੀਰ ਸਿੰਘ ਬਲ

ਸ੍ਰੀ ਗੁਰੂ ਗੁਬਿੰਦ ਸਿੰਘ ਸਾਹਿਬ ਬਾਚ ਸ੍ਰੀ ਗੁਰੂ ਗੁਬਿੰਦ ਸਿੰਘ ਸਾਹਿਬ ਏਹੁ ਉਚਾਰਿਯਾ। ਸੁਣ ਹੋ ਸੇਵਕ ਸਿੱਖ ਸਮਸਤ ਹਮਾਰਿਯਾ। ਈਟ ਅਨੰਤ ਉਖਾੜ ਕਿਲੋ ਤੇ ਲਿਯਾਵਣੀ। ਹੋ ਸਿਰੰਦ ਜਰੂਰ ਸੱਤਦਰ੍ਵ ਪਾਣੀ॥ ਏਕ ਈਟ ਤੇ ਲਾਖੁ ਅਗੈ ਬਢ ਜਾਇਗੀ। ਸੁਰ ਪਰ ਮਾਹਿ ਹਵੇਲੀ ਤਾਂ ਕੀ ਪਾਇਗੀ ਸ੍ਰੀ ਗੁਰ ਕਾ ਇਹ ਵਾਕ ਸੱਤ ਕਰ ਮਾਨਣਾ

੪) ਗੁਰ ਪ੍ਰਤਾਪ ਸੂਰਜ ਗ੍ਰੰਥ – ਭਾਈ ਸੰਤੋਖ ਸਿੰਘ

ਪੁਰ ਸਿਬੂੰਦ ਮਹਿ ਪਾਪ ਘਨੇਰਾ।
ਉਜਰ ਜਾਹਿ ਲਹਿ ਕਸ਼ਟ ਬਡੇਰਾ॥
ਸਿੱਖ ਹਮਾਰੇ ਮਾਰਿ ਉਜਾਰਹਿ।
ਛੀਨਿ ਰਾਜ ਧਨ ਵਹਿਰ ਨਿਕਾਰਹਿਂ॥

੫) ਸ੍ਰੀ ਗੁਰ ਤੀਰਥ ਸੰਗ੍ਰਹਿ – ਪੰਡਿਤ ਤਾਰਾਹਰਿ ਨਰੋਤਮ

…..ਗੁਰੂ ਜੀ ਨੇ ਸੁਣ ਕੇ ਸ੍ਰਪ ਦੀਆ “ਸਬ ਤੁਰਕੋਂ ਕੀ ਜੜ੍ਹ ਉਖੜੇਗੀ।
ਮਲੇਰੀਓ ਕੀ ਜੜ ਹਰੀ ਰਹੇਗੀ।,

ਗੁਰੂ ਜੀ ਕੇ ਸਮੇਂ ਹੀ ਬੰਦੇ ਕੇ ਹਾਥ ਸੇ ਯੇਹ ਸ਼ਹਿਰ (ਸਰਹਿੰਦ) ਐਸਾ ਉਜੜਾ ਜੋ ਪ੍ਰਲੈ ਪ੍ਰਯੰਤ ਵੈਸਾ ਨਹੀਂ ਬਣੇਗਾ। ਅਰ ਅੰਗਰੇਜ਼ਾਂ ਨੇ ਗੁਰੂ ਜੀ ਕਾ ਹੁਕਮ ਐਸਾ ਪੂਰਾ ਕੀਆ। ਸਤਲੁਜ ਛੋਡ ਮੁਲਤਾਨ ਤਕ ਰੇਲ ਮੇਂ ਇਸ ਕੀ ਈਂਟ ਪਹੁੰਚਾਈ।

੬) ਸ੍ਰੀ ਗੁਰ-ਪਦ ਪ੍ਰੇਮ ਪ੍ਰਕਾਸ਼ – ਬਾਬਾ ਸੁਮੇਰ ਸਿੰਘ

..ਏਕ ਮਲੇਰਿਨ ਕੀ ਜਰ ਰਹੈ॥ ਅਪਰ ਸਰਬ ਕੀ ਜਰ ਦਹੈ॥ ਬਡੋਂ ਪਾਪ ਸਰਹਿੰਦਨ ਕੀਨਾਂ॥ ਪਲਟਾ ਲੇਹਿ ਸਿਖ ਮਮ ਛੀਨਾ॥ ਮਾਰਿਉ ਜਾਰ ਫਿਰਹਿ ਹਨ ਸਾਰੇ॥ ਫਿਟ ਮੂਹੀ ਇਹ ਨਾਮ ਉਚਾਰੇ॥ ਯਾਕੀ ਈਟ ਸਤਦ੍ਰਵ ਪਾਵੈ॥ ਮੁਹ ਮਾਗਯੋ ਬਰ ਸੋ ਨਰ ਪਾਵੈ॥

੭) ਤਵਾਰੀਖ ਗੁਰੂ ਖਾਲਸਾ – ਗਿਆਨੀ ਗਿਆਨ ਸਿੰਘ ….

ਸਾਰੀ ਬਾਤ ਸੁਣ ਕੇ ਗੁਰੂ ਜੀ ਨੇ ਬਚਨ ਕੀਤਾ ਮਲੇਰੀਆਂ ਨੇ ਹਾਹ ਦਾ ਨਾਰਾ ਮਾਰ ਕੇ ਆਪਣੀ ਜੜ ਰੱਖ ਲਈ, ਹੋਰ ਕਿਸੇ ਨਗਾਰ ਬੰਦ ਮੁਸਲਮਾਨ ਦੀ ਜੜ ਨਾ ਰਹੇਗੀ। ਆਹ ਤੁਰਕਾਂ ਦੀ ਜੜ ਪੁੱਟੀ ਗਈ ਹੈ। ਜੜ ਪੁੱਟੀ ਕਹਿ ਕੇ ਫੁਰਮਾਯਾ ਕਿ ਇਹ ਸ਼ੈਹਰ (ਸਰਹਿੰਦ) ਕਦੇ ਸੁਖੀ ਨਾ ਵੱਸੇਗਾ। ਜਿੱਥੇ ਐਡਾ ਵੱਡਾ ਭਾਰੀ ਪਾਪ ਹੋਇਆ ਹੈ, ਮੇਰੇ ਸਿੰਘ ਲੁਟ ਪੁਟ ਕੇ ਉਜਾੜ ਛੱਡਣਗੇ, ਏਸ ਦੀ ਇਟ ਏਥੋਂ ਲੈ ਜਾ ਕੇ ਹਰ ਇਕ ਸਿਖ ਸਤਲੁਜ ਵਿੱਚ ਸਿੱਟੇਗਾ।

੮) ਮਹਾਨ ਕੋਸ਼ – ਭਾਈ ਕਾਨ੍ਹ ਸਿੰਘ ਨਾਭਾ

ਗੁਰੁਮਾਰੀ – ਖਾਲਸੇ ਨੇ ਇਹ ਨਾਉਂ ਸਰਹਿੰਦ ਦਾ ਉਸ ਵੇਲੇ ਰੱਖਿਆ ਜਦ ਦੋ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਉਸ ਥਾਂ ਸ਼ਹੀਦ ਹੋਏ।

ਪੂਰੀ ਦੁਨੀਆ ‘ਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਵੱਡਾ ਹੋਰ ਕੋਈ ਦੁਖਾਂਤ ਨਹੀਂ ਵਾਪਰਿਆ, ਜਿਸ ਵਿੱਚ ਏਨੀ ਛੋਟੀ ਉਮਰ ‘ਚ ਵੱਡੀ ਦਲੇਰੀ ਨਾਲ ਸ਼ਹਾਦਤ ਦਿੱਤੀ ਹੋਵੇ। ਸ਼ਹੀਦਾਂ ਦੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਕਹੇ ਬਚਨਾਂ ਦੀ ਸਰਹਿੰਦ ਨੂੰ ਮਾਰ ਪੈ ਗਈ ਤੇ ਉਹ ਗੁਰੂ ਮਾਰੀ ਹੋ ਗਈ ਅਤੇ ਖਾਲਸਾ ਪੰਥ ਦੇ ਹੱਥੋਂ ੧੭੬੪ ਈ: ਨੂੰ ਤਬਾਹ ਹੋ ਗਈ। ਸਿੱਖ-ਸਰਦਾਰਾਂ ਨੇ ਇਸਨੂੰ ਆਪੋ-ਆਪਣਾ ਹਿੱਸਾ ਮੰਨ ਕੇ ਢਾਹਿਆ। ਅਮੀਰਜ਼ਾਦਿਆਂ, ਕੱਟੜ ਮੌਲਾਣਿਆਂ ਅਤੇ ਗੁਰੂ ਦੋਖੀਆਂ ਦੇ ਮਹਿਲ, ਅਟਾਰੀਆਂ ਤੇ ਹਵੇਲੀਆਂ ਨੂੰ ਹਾਥੀਆਂ ਨਾਲ ਬੰਨ੍ਹ ਕੇ ਮਿੱਟੀ ‘ਚ ਮਿਲਾ ਦਿੱਤਾ। ਸਰਦਾਰਾਂ ਨੇ ਰਾਤ ਨੂੰ ਗੁਰੂ ਮਾਰੀ ‘ਚ ਸੌਣਾ ਵੀ ਪਾਪ ਸਮਝਿਆ, ਉਨ੍ਹਾਂ ਨੇ ਆਪੋ-ਆਪਣੇ ਤੰਬੂ ਸਰਹਿੰਦ ਤੋਂ ਦੂਰ ਜਾ ਗੱਡੇ। ਸਿੱਖਾਂ ਦੇ ਮਨਾਂ ਅੰਦਰ ਇਹ ਗੱਲ ਘਰ ਕਰ ਗਈ ਸੀ ਕਿ ਗੁਰੂ ਦਸ਼ਮੇਸ਼ ਜੀ ਨੇ ਕਿਹਾ ਹੈ ਕਿ ਸਰਹਿੰਦ ਦੀਆਂ ਇੱਟਾਂ ਸਤਲੁਜ ਦਰਿਆ ਅੰਦਰ ਜਾ ਸੁੱਟਣੀਆਂ। ਪੁਰਾਤਨ ਸਮੇਂ ਦੇ ਸਿੱਖ ਜਦੋਂ ਵੀ ਸਰਹਿੰਦ ਸ਼ਹੀਦੀ ਅਸਥਾਨ ਦੇ ਦੀਦਾਰ ਕਰਨ ਜਾਂਦੇ ਤਾਂ ਉਹ ਪੰਜ ਇੱਟਾਂ ਤੋੜ ਕੇ ਆਉਂਦੇ। ਦੂਰੋਂ ਗਏ ਸਿੱਖ ਕੁੱਝ ਇੱਟਾਂ ਨਾਲ ਲਿਆ ਕੇ ਕਿਸੇ ਮਾੜੇ ਥਾਂ ਜਾਂ ਦਰਿਆ ਵਿੱਚ ਸੁੱਟ ਦਿੰਦੇ। ੧੮੬੭ ਈ: (੧੯੨੪ ਬਿ:) ਨੂੰ ਪਟਿਆਲਾ ਰਿਆਸਤ ਦੇ ਰਾਜਾ ਮਹਿੰਦਰ ਸਿੰਘ ਨੇ ਸਰਹਿੰਦ ਦੇ ਖੰਡਰਾਂ ਦੇ ਮਲਬੇ ਨੂੰ ਨਾਰਥ ਵੈਸਟਰਨ ਰੇਲਵੇ ਕੰਪਨੀ ਨੂੰ ਵੇਚ ਦਿੱਤਾ। ਇਸ ਅੰਗਰੇਜ਼ੀ ਕੰਪਨੀ ਨੇ ਰੇਲਵੇ ਲਾਈਨ ਵਿਛਾਉਣ ਲਾਈ ਇਨ੍ਹਾਂ ਇੱਟਾਂ ਦੇ ਮਲਬੇ ਨੂੰ ਲਾਈਨਾਂ ਦੇ ਥੱਲੇ ਮੀਲਾਂ ਤੱਕ ਜਾ ਵਿਛਾਇਆ। ਇਸ ਬਾਰੇ ਗਿਆਨੀ ਗਿਆਨ ਸਿੰਘ ਪੰਥ ਪ੍ਰਕਾਸ਼ ਵਿੱਚ ਇਹ ਸਤਰਾਂ ਲਿਖਦੇ ਹਨ

ਜੜ੍ਹ ਸਰੰਦ ਕੀ ਪੁਟੀ ਜੈਹੈ। ਈਟ ਜਾਇ ਸਤਲੁਜ ਮੈ ਪੈਹੈ। ਯਹ ਗੁਰ ਬਚਨ ਸਾਚ ਸਭ ਭਯੋ। ਔਰ ਪ੍ਰਸੰਗ ਸੁਨੋ ਇਕ ਨਯੋ। ਸਾਲ ਉਨੀਸੈ ਚੌਬੀ ਮਾਹੀ। ਚਲੀ ਰੇਲ ਗਾਡੀ ਜਬ ਯਾਹੀ। ਸ੍ਰੀ ਮਹੇਂਦਰ ਮ੍ਰਿਗੇਸ ਪਟਲੇਸੈ। ਪਟਵਾਈ ਸਰਹੰਦ ਵਿਸੈਸੈ। ਅਗ੍ਰੇਜਨ ਕੋ ਠੇਕੇ ਦਈ। ਈਟੈ ਪਾਰ ਸਤਲੁਜੈ ਗਈ।
ਯਾ ਬਿਧਿ ਕ੍ਯੋਂ ਕ੍ਯੋਂ ਕਰੁ ਗੁਰੁ ਬੈਨਾ। ਭਏ ਸੱਤ ਹਮ ਨਿਰਖੇ ਨੈਨਾ। ਬਚਨ ਗੁਰੂ ਕੇ ਪੰਥ ਕਮਾਏ। ਜੜ੍ਹ ਸਰੰਦ ਕੀ ਦਈ ਗਵਾਏ।

ਅਗਲਾ ਭਾਗ…….

You may also like these