ਖੋਜ ਤੋਂ ਬਾਅਦ ਬਣੀਆਂ ਯਾਦਗਾਰਾਂ
ਭਾਗ 1
ਇਸ ਪੁਸਤਕ ਪੋਹ ਦੀਆਂ ਰਾਤਾਂ ਵਿੱਚ ਅੰਕਿਤ ਕੀਤੀ ਹੋਈ ਖੋਜ ਤੋਂ ਬਾਅਦ ਬਣੀਆਂ ਇਤਿਹਾਸਕ ਯਾਦਗਾਰਾਂ ਦਾ ਵੇਰਵਾ ਇਸ ਪ੍ਰਕਾਰ ਹੈ –
ਛੰਨ ਬਾਬਾ ਕੁੰਮਾ ਮਾਸ਼ਕੀ ਜੀ
ਇਹ ਉਹ ਥਾਂ ਹੈ, ਜਿੱਥੇ ਬੇੜੀ ਚਲਾਉਣ ਵਾਲਾ ਮਲਾਹ ਬਾਬਾ ਕੁੰਮਾ, ਸਤਲੁਜ ਦਰਿਆ ਦੇ ਪੱਤਣ ਕਿਨਾਰੇ, ਕੱਖਾਂ ਕਾਨਿਆਂ ਦੀ ਬਣੀ ਹੋਈ ਝੌਪੜੀ ‘ਚ ਆਪਣਾ ਸਿਰ ਢਕਣ (ਨਿਵਾਸ) ਕਰਦਾ ਸੀ। ਸਮੇਂ ਦੇ ਥਪੇੜਿਆਂ ਨੇ ਇਸਨੂੰ ਕੀਮਾ, ਕੁੰਮਾ ਮਾਸ਼ਕੀ ਤੇ ਕਰੀਮ ਬਖਸ਼ ਬਣਾ ਦਿੱਤਾ। ਬਾਬਾ ਬੰਦਾ ਸਿੰਘ ਜੀ ਬਹਾਦਰ ਜਦੋਂ ਪੰਜਾਬ ‘ਚ ਦੁਸ਼ਟਾਂ ਨੂੰ ਸੋਧਦਾ ਹੋਇਆ ਰੋਪੜ ਦੇ ਇਲਾਕੇ ‘ਚ ਆਇਆ ਤਾਂ ਉਸਨੂੰ ਇਸ ਗਰੀਬ ਮਲਾਹ ਦੀ ਸੇਵਾ ਬਾਰੇ ਪਤਾ ਲੱਗਾ। ਅੱਤ ਔਖੇ, ਕਠਨ ਤੇ ਬਿਖੜੇ ਸਮੇਂ ਇਸਨੇ ਦਾਦੀ ਮਾਂ ਤੇ ਮਾਸੂਮ ਜਿੰਦੜੀਆਂ ਨੂੰ ਆਪਣੀ ਝੌਂਪੜੀ ‘ਚ ਵਿਸ਼ਰਾਮ ਕਰਾ ਬਹੁਤ ਵੱਡੀ ਘਾਲਣਾ ਘਾਲੀ ਸੀ। ਇਸਦੀ ਸੇਵਾ ਘਾਲਣਾ ਤੋਂ ਪ੍ਰਸੰਨ ਹੋ ਬੰਦਾ ਸਿੰਘ ਜੀ ਨੇ ਆਪਣੇ ਦਰਬਾਰ ਬੁਲਾ ਬਹੁਤ ਅਦਬ ਸਤਿਕਾਰ ਦੇ ਕੇ ਨਿਵਾਜ਼ਿਆ। ਧਨ ਪਦਾਰਥ, ਬਸਤਰ ਤੇ ਬਹੁਤ ਸਾਰੀਆਂ ਸੋਨੇ ਦੀਆਂ ਮੋਹਰਾਂ ਦੇ ਕੇ ਇਸਦਾ ਸਨਮਾਨ ਕੀਤਾ ਤੇ ਅੰਮ੍ਰਿਤ ਛਕਾ ਕੇ ਇਸਦਾ ਨਾਂ ਕਰਮ ਸਿੰਘ ਰੱਖ ਦਿੱਤਾ।
ਇਸ ਬਾਰੇ ਕਵੀ ਭਾਈ ਕਿਸ਼ਨ ਸਿੰਘ ਜੀ ਨੇ ਇਹ ਸਤਰਾਂ ਲਿਖੀਆਂ ਹਨ-
ਬੰਦਿਹ ਸੁਨਹੀ ਕਰਮੂ ਕੀ ਗਾਥਾ। ਤਿਨਹਿ ਕਮਾਈ ਸੇਵ ਅਕਾਥਾ॥ ਅਪਨੇ ਨਿਕਟਿ ਤਿਹ ਲੀਯੋ ਬੁਲਾਇ। ਆਦਰ ਦੀਨੋ ਬਹੁਤ ਅਧਿਕਾਇ॥ ਸਭ ਮੋਹਰੇ ਅਰ ਬਸਤਰ ਅਪਾਰਾ। ਬੰਦਹਿ ਭੇਟੇ ਕਰ ਬਹੁ ਸਤਿਕਾਰਾ॥ ਕਰਮੂ ਝੀਵਰ ਭਯਾ ਪ੍ਰਸੰਨ। ਮੁਖਹੁ ਅਲਾਵੈ ਸਤਿਗੁਰ ਧੰਨ ਧੰਨ॥ ਤਿਨਹਿ ਪੁਨਹਿ ਸਿੰਘ ਸਾਜਨ ਕੀਨਾ। ਕਰਮਾ ਭਯੋ ਕਰਮ ਸਿੰਘ ਪ੍ਰਬੀਨਾ॥
ਇਸ ਗਰੀਬ ਮਲਾਹ ਬਾਰੇ ਇਤਿਹਾਸਕ ਜਾਣਕਾਰੀ ਇਨ੍ਹਾਂ ਪੁਰਾਤਨ ਲਿਖਤਾਂ ਵਿੱਚ ਦਰਜ ਹੈ-
ਕਥਾ ਗੁਰੂ ਜੀ ਕੇ ਸੁਤਨ ਕੀ – ਕ੍ਰਿਤ ਭਾਈ ਦੁੱਨਾ ਸਿੰਘ ਹੰਡੂਰੀਆ – ੧੭੯੦ ਈ:
ਗੁਰੂ ਕੀਆਂ ਸਾਖੀਆਂ – ਕ੍ਰਿਤ ਭਾਈ ਸਰੂਪ ਸਿੰਘ ਕੋਸ਼ਿਸ਼ – ੧੭੬੪ ਈ:
ਸ਼ਹੀਦਨਾਮਾ – ਕਵੀ ਭਾਈ ਕਿਸ਼ਨ ਸਿੰਘ – ਸੰਮਤ ੧੮੧੨
ਗੁਰੂ _ ਪਾਤਸ਼ਾਹ ਜੀ ਵੱਲੋਂ ਮੇਰੇ (ਲੇਖਕ) ਤੋਂ ਕਰਵਾਈ ਖੋਜ ਸਦਕਾ ਛੇਤੀ ਹੀ ਸਿੱਖ-ਸੰਗਤਾਂ ਨੇ ਇਸ ਥਾਂ ‘ਤੇ ਗੁਰਦੁਆਰਾ ਸਾਹਿਬ ਉਸਾਰ ਸੌ ਫੁੱਟ ਨਿਸ਼ਾਨ ਸਾਹਿਬ ਝੁਲਾ ਦਿੱਤਾ ਹੈ। ੧੨ ਜੁਲਾਈ, ੨੦੦੭ ਈ: ਦਿਨ ਵੀਰਵਾਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲੀ ਵਾਰ ਪ੍ਰਕਾਸ਼ ਕਰਨ ਸਮੇਂ ਇਹ ਹੁਕਮਨਾਮਾ ਸਾਹਿਬ ਆਇਆ –
ਧਨਾਸਰੀ ਮਹਲਾ ੫॥
ਅਉਖੀ ਘੜੀ ਨ ਦੇਖਣ ਦੇਈ ਅਪਨਾ ਬਿਰਦੁ ਸਮਾਲੇ॥ ਹਾਥ ਦੇਇ ਰਾਖੈ ਅਪਨੇ ਕਉ ਸਾਸਿ ਸਾਸਿ ਪ੍ਰਤਿਪਾਲੇ॥੧॥
ਅੰਗ ੬੮੨
੧੬ ਜੁਲਾਈ, ੨੦੦੭ ਈ: ਦਿਨ ਸੋਮਵਾਰ ਨੂੰ ਸਾਵਣ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਪਹਿਲੀ ਵਾਰ ਮਨਾਉਣਾ ਆਰੰਭ ਕੀਤਾ ਤਾਂ ਇਹ ਹੁਕਮਨਾਮਾ ਸਾਹਿਬ ਆਇਆ
ਸਲੋਕੁ ਮਃ ੩॥
ਹਸਤੀ ਸਿਰਿ ਜਿਉ ਅੰਕਸੁ ਹੈ ਅਹਰਣਿ ਜਿਉ ਸਿਰੁ ਦੇਇ॥
ਮਨੁ ਤਨੁ ਆਗੈ ਰਾਖਿ ਕੈ ਊਭੀ ਸੇਵ ਕਰੇਇ॥
ਅਗਲਾ ਭਾਗ…….