History of the days after Guru Gobind Singh Ji left Anandpur Sahib – 18-2-26

ਫਤਹਿਗੜ੍ਹ ਸਾਹਿਬ ਦੇ ਇਤਿਹਾਸਕ ਅਸਥਾਨ
ਭਾਗ 1

੧) ਗੁਰਦੁਆਰਾ ਰੱਬ ਸਾਹਿਬ

ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਮੋਰਿੰਡਾ ਤੋਂ ਲਿਆ ਕੇ ਏਥੇ ਪਿੱਪਲ ਦੇ ਦਰੱਖਤ ਥੱਲੇ ਰੱਥ ਖੜਾ ਕੀਤਾ ਸੀ ਤਾਂ ਕਿ ਵਜ਼ੀਰ ਖਾਂ ਨੂੰ ਇਤਲਾਹ ਕੀਤੀ ਜਾਵੇ। ਨਵਾਬ ਵਜ਼ੀਰ ਖਾਂ ਨੇ ਹੁਕਮ ਦੇ ਕੇ ਮਾਤਾ ਜੀ ਨੂੰ ਠੰਡੇ ਬੁਰਜ ਵਿੱਚ ਤੇ ਸਾਹਿਬਜ਼ਾਦਿਆਂ ਨੂੰ ਕਚਿਹਰੀ ਵਿੱਚ ਪੇਸ਼ ਕਰਨ ਦਾ ਹੁਕਮ ਦਿੱਤਾ। ਏਥੇ ਥੜ੍ਹੇ ਦੇ ਰੂਪ ਵਿੱਚ ਨਿੱਕੀਆਂ ਇੱਟਾਂ ਦਾ ਪੁਰਾਤਨ ਅਸਥਾਨ ਬਣਿਆ ਹੋਇਆ ਹੈ। ਹੁਣ ਪਿੱਪਲ ਦਾ ਦਰਖੱਤ ਮੌਜੂਦ ਨਹੀਂ ਹੈ।

੨) ਗੁਰਦੁਆਰਾ ਠੰਡਾ ਬੁਰਜ ਸਾਹਿਬ

ਨਿੱਕੀਆਂ ਜਿੰਦਾਂ ਤੇ ਦਾਦੀ ਮਾਂ ਨੇ ਕਹਿਰ ਦੀ ਸਰਦੀ ਵਿੱਚ ਬਿਨਾ ਖਾਣ ਪੀਣ ਤੇ ਬਿਨਾਂ ਕੱਪੜੇ ਦੇ ਠੰਡੇ ਬੁਰਜ ਦੀ ਕੈਦ ਵਿੱਚ ਸਖ਼ਤ ਤਸੀਹੇ ਝਲਦਿਆਂ ਪੋਹ ਦੀਆਂ ਠੰਡੀਆਂ ਰਾਤਾਂ ਬਤੀਤ ਕੀਤੀਆਂ। ਮਾਤਾ ਗੁਜਰ ਕੌਰ ਜੀ ਪੋਤਿਆਂ ਦਾ ਨੀਹਾਂ ਵਿੱਚ ਚਿਣ ਸ਼ਹੀਦ ਕਰਨਾ ਸੁਣਕੇ ਏਥੇ ਹੀ ਸਮਾਧੀ ਲੀਨ ਹੋ ਸ਼ਹੀਦਾਂ ਦੀ ਕਤਾਰ ਦੇ ਮੋਢੀ ਬਣੇ। ਵਜ਼ੀਰ ਖਾਨ ਦੇ ਸਮੇਂ ਇਸਨੂੰ ਰਾਬ ਬੁਰਦੇ ਬੁਰਜ ਕਹਿੰਦੇ ਸੀ ਜੋ ਕਿ ਕਾਰ-ਸੇਵਾ ਦੇ ਨਾਂ ‘ਤੇ ਇਸ ਦੀ ਪੁਰਾਤਨ ਇਮਾਰਤ ਢਾਹ ਕੇ ਅਸੀਂ ਆਪਣਾ ਇਤਿਹਾਸ ਆਪਣੇ ਹੱਥੀਂ ਹੀ ਢਾਹ ਦਿੱਤਾ।

੩) ਗੁਰਦੁਆਰਾ ਫਤਹਿਗੜ੍ਹ ਸਾਹਿਬ

ਸਾਹਿਬਜ਼ਾਦਾ ਜੋਰਾਵਰ ਸਿੰਘ ਜੀ, ਸਾਹਿਬਜ਼ਾਦਾ ਫਤਹਿ ਸਿੰਘ ਜੀ ਦੀ ਸ਼ਹੀਦੀ ਨੂੰ ਦਰਸਾਉਂਦਾ ਇਹ ਅਸਥਾਨ ਬਣਿਆ ਹੋਇਆ ਹੈ। ਇਸ ਦੇ ਥੱਲੇ ਭੋਰੇ ਵਾਲੀ ਥਾਂ ਤੇ ਸਾਹਿਬਜ਼ਾਦੇ ਸ਼ਹੀਦ ਕੀਤੇ ਗਏ।

੪) ਗੁਰਦੁਆਰਾ ਭੋਰਾ ਸਾਹਿਬ

ਫਤਹਿਗੜ੍ਹ ਸਾਹਿਬ ਦੇ ਹੇਠਲੇ ਤਹਿਖਾਨੇ ‘ਚ ਭੋਰਾ ਬਣਿਆ ਹੋਇਆ ਹੈ।ਇਸ ਅਸਥਾਨ ਤੇ ਨਿੱਕੀਆਂ ਜਿੰਦਾਂ ਨੂੰ ਪਾਪੀ ਵਜ਼ੀਰ ਖਾਂ ਦੇ ਹੁਕਮ ਨਾਲ ਨੀਹਾਂ ਵਿੱਚ ਚਿਣ ਸ਼ਹੀਦ ਕੀਤਾ ਗਿਆ। (੧) ਕਿਰਪਾਨ ਦਾ ਮੁੱਠਾ (੨) ਕਟਾਰ (ਛੋਟੀ ਕਿਰਪਾਨ) ਦਾ ਮੁੱਠਾ ਇਹ ਸਾਹਿਬਜ਼ਾਦਿਆਂ ਦੇ ਇਤਿਹਾਸਕ ਸ਼ਸਤਰ ਇਸ ਅਸਥਾਨ ਤੇ ਮੌਜੂਦ ਹਨ।

੫) ਗੁਰਦੁਆਰਾ ਬਿਬਾਨਗੜ੍ਹ ਸਾਹਿਬ

ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਉਪਰੰਤ ਕਿਲ੍ਹੇ ਦੇ ਨਾਲ ਲੱਗਦੀ ਕੰਧ ਦੇ ਬਾਹਰ ਉਨ੍ਹਾਂ ਦੇ ਸਰੀਰ ਏਥੇ ਸੁੱਟ ਦਿੱਤੇ ਸੀ। ਮਾਤਾ ਜੀ ਤੇ ਸਾਹਿਬਜ਼ਾਦਿਆਂ ਦੇ ਇਸ ਦੇ ਨਾਲ ਲੱਗਦੀ ਉਸ ਸਮੇਂ ਦੀ ਹੰਸਲਾ ਨਦੀ ਤੇ ਇਸ਼ਨਾਨ ਕਰਵਾ ਸਸਕਾਰ ਕਰਨ ਲਈ ਬਿਬਾਨ ਸਜਾਇਆ ਗਿਆ। ਇਹ ਸਾਰੀ ਸੇਵਾ ਦੀਵਾਨ ਟੋਡਰ ਮੱਲ ਜੀ ਨੇ ਕੀਤੀ। ਉਹ ਗੁਰੂ ਘਰ ਦਾ ਪੱਕਾ ਸ਼ਰਧਾਲੂ ਸਿੱਖ ਸੀ।

੬) ਗੁਰਦੁਆਰਾ ਜੋਤੀ ਸਰੂਪ ਸਾਹਿਬ

ਇਸ ਪਵਿੱਤਰ ਅਸਥਾਨ ‘ਤੇ ਮਾਤਾ ਜੀ ਤੇ ਨਿੱਕੀਆਂ ਜਿੰਦਾਂ ਦੇ ਸਸਕਾਰ ਇੱਕ ਥਾਂ ਇੱਕਠੇ ਕੀਤੇ ਗਏ। ਇਸ ਥਾਂ ਨੂੰ ਦੀਵਾਨ ਟੋਡਰ ਮੱਲ ਜੀ ਨੇ ਵਜ਼ੀਰ ਖਾਨ ਤੋਂ ਸੋਨੇ ਦੀਆਂ ਮੋਹਰਾਂ ਵਿਛਾ ਕੇ ਖਰੀਦਿਆ। ਦੁਨੀਆਂ ‘ਚ ਅੱਜ ਤੱਕ ਇਸ ਤੋਂ ਵੱਧ ਕੀਮਤ ਕਿਸੇ ਨਹੀਂ ਚੁਕਾਈ। ਦੀਵਾਨ ਟੋਡਰ ਮੱਲ ਜੀ ਦਾ ਸਿੱਖ ਜਗਤ ਵਿੱਚ ਬਹੁਤ ਸਤਿਕਾਰ ਹੈ। ਇਸ ਅਸਥਾਨ ਦੇ ਬਿਲਕੁਲ ਨਾਲ ਸੱਜੇ ਹੱਥ ਇੱਕ ਥੜਾ ਬਣਿਆ ਹੋਇਆ ਦਾਦੀ ਮਾਂ ਦੀ ਯਾਦ ਨੂੰ ਦਰਸਾਉਂਦਾ ਹੈ ਕਿ ਦਾਦੀ, ਪੋਤਿਆਂ ਦੀ ਰਾਖੀ ਲਈ ਹੁਣ ਵੀ ਬੈਠੀ ਹੈ। ਤਿੰਨਾਂ ਜੀਆਂ ਦੇ ਸਸਕਾਰ ਇੱਕੋ ਥਾਂ ਹੋਏ। ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ।

ਅਗਲਾ ਭਾਗ…….

You may also like these