ਪੰਜ ਕਕਾਰਾਂ ਦਾ ਮਹੱਤਵ
ਗੁਰੂ ਅਰਜਨ ਦੇਵ ਜੀ ਮਹਾਰਾਜ ਫੁਰਮਾਣ ਕਰਦੇ ਹਨ-
ਕਈ ਕੋਟਿ ਸਸੀਅਰ ਸੂਰ ਨਖਤ੍ਰ॥
(ਸੁਖਮਨੀ ਸਾਹਿਬ) ਗੁਰੂ ਗੋਬਿੰਦ ਸਿੰਘ ਜੀ ਦਾ ਮਹਾਰਾਜ ਫੁਰਮਾਣ ਹੈ ਕਿ ਪ੍ਰਮਾਤਮਾ ਦੀ ਦੇਹੀ ਵਿਚ ਅਨੰਤ ਸੂਰਜ ਹਨ, ਅਨੰਤ ਚੰਦਰਮਾ ਹਨ, ਅਨੰਤ ਗ੍ਰਹਿ-ਨਛਿੱਤਰ ਹਨ। ਬਹੁਤ ਲੰਮਾ ਚੌੜਾ ਇਹ ਪਸਾਰਾ ਹੈ ਅਤੇ ਉਸ ਪਸਾਰੇ ਦੇ ਹਿਸਾਬ ਦੇ ਨਾਲ ਕਲਾ ਦੀ ਗਿਣਤੀ ਕਰੀਏ ਤਾਂ ਅਸੰਖ ਹੈ, ਅਨੰਤ ਹੈ।
ਇਕ ਪੈਮਾਨਾ ਸਾਡੇ ਦੇਸ਼ ਵਿਚ ਉਜਾਗਰ ਹੋਇਆ ਹੈ। ਜੋ ਕਲਾਕਾਰ ਹੈ, ਉਸ ਮਹਾਨ ਕਲਾਕਾਰ ਦੇ ਨੇੜੇ ਹੀ ਹੈ। ਕਹਿੰਦੇ ਹਨ ਜਦੋਂ ਕੁਝ ਮਨੁੱਖ ਬਣਾ ਰਿਹਾ ਹੋਵੇ ਤਾਂ ਪ੍ਰਮਾਤਮਾ ਦੇ ਨੇੜੇ ਹੁੰਦਾ ਹੈ। ਜਦੋਂ ਮਨੁੱਖ ਕੁਝ ਮਿਟਾਅ ਰਿਹਾ ਹੋਵੇ ਤਾਂ ਫਿਰ ਉਹ ਸ਼ੈਤਾਨ ਦੇ ਨੇੜੇ ਹੁੰਦਾ ਹੈ। ਤਿਣਕਾ-ਤਿਣਕਾ ਇਕੱਠਾ ਕਰਕੇ ਜਦੋਂ ਚਿੜੀਆਂ ਇਕ ਘੌਸਲਾ ਬਣਾਉਂਦੀਆਂ ਹਨ ਤਾਂ ਬਣਾਉਣ ਦੇ ਸਮੇਂ ਉਹ ਵੀ ਰੱਬ ਦੇ ਨੇੜੇ ਹੁੰਦੀਆਂ ਹਨ। ਤਰ੍ਹਾਂ-ਤਰ੍ਹਾਂ ਦੇ ਰੰਗਾਂ ਨੂੰ ਇਕੱਠਾ ਕਰਕੇ ਜਦੋਂ ਕੋਈ ਮੁਸੱਵਰ ਇਕ ਤਸਵੀਰ ਬਣਾਉਂਦਾ ਹੈ, ਜਦੋਂ ਕੋਈ ਚਿੱਤਰਕਾਰ ਇਕ ਚਿੱਤਰ ਬਣਾਉਂਦਾ ਹੈ ਤਾਂ ਉਹ ਵੀ ਪ੍ਰਮਾਤਮਾ ਦੇ ਨੇੜੇ ਹੁੰਦਾ ਹੈ। ਸੁਰਾਂ ਨੂੰ ਇਕੱਠਾ ਕਰਕੇ ਜਦੋਂ ਕਿਸੇ ਰਾਗ ਦਾ ਜਨਮ ਕਿਸੇ ਰਾਗੀ ਤੋਂ ਹੁੰਦਾ ਹੈ, ਤਾਂ ਉਹ ਵੀ ਪ੍ਰਮਾਤਮਾ ਦੇ ਨੇੜੇ ਹੁੰਦਾ ਹੈ। ਬੋਲਾਂ ਨੂੰ ਇਕੱਠਾ ਕਰਕੇ, ਅਲਫ਼ਾਜ਼ਾਂ ਨੂੰ ਇਕੱਠਾ ਕਰਕੇ ਤੇ ਤਰਤੀਬ ਦੇ ਕੇ ਜਦੋਂ ਕੋਈ ਕਵਿਤਾ ਨੂੰ ਜਨਮ ਦਿੰਦਾ ਹੈ, ਕਿਸੇ ਸਵੱਯੇ ਨੂੰ, ਕਿਸੇ ਕਬਿੱਤ ਨੂੰ, ਕਿਸੇ ਛੰਦ ਨੂੰ ਜਨਮ ਦਿੰਦਾ ਹੈ, ਤਾਂ ਉਸ ਸਮੇਂ ਸਿਰਜਣ ਦੀ ਕਿਰਿਆ ਵਿਚ ਉਹ ਕਰਤਾ ਪ੍ਰਮਾਤਮਾ ਦੇ ਨੇੜੇ ਹੁੰਦਾ ਹੈ। ਇਸ ਲਈ ਆਦਿ ਕਾਲ ਤੋਂ ਕਲਾਕਾਰ ਪੂਜੇ ਜਾ ਰਹੇ ਹਨ।
ਮਿੱਟੀ ਨੂੰ ਘੜ ਕੇ ਪਿਆਲੇ ਬਣਾਉਣੇ, ਪੱਥਰ ਨੂੰ ਘੜ ਕੇ ਮੂਰਤੀਆਂ ਬਣਾਉਣਾ, ਰੰਗਾਂ ਨੂੰ ਸਵਾਰ ਕੇ ਤਸਵੀਰ ਬਣਾਉਣੀ ਇਹ ਤਾਂ ਮਹਾਨ ਕਲਾ ਹੈ, ਪਰ ਮਨੁੱਖ ਨੂੰ ਘੜ ਕੇ ਪ੍ਰਮਾਤਮਾ ਹੀ ਬਣਾ ਦੇਣਾ ਇਹ ਮਹਾਂ ਕਲਾ ਹੈ ਅਤੇ ਇਸੇ ਮਹਾਂ ਕਲਾ ਨੂੰ ਜਨਮ ਦਿੱਤਾ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ। ਇਹ ਮਹਾਨ ਕਲਾਕਾਰ ਅਤੇ ਉਸ ਮਹਾਨ ਕਲਾਕਾਰ ਦੀ ਕਿਰਤ ਦਾ ਨਾਮ ਹੈ ਖ਼ਾਲਸਾ ਖ਼ਾਲਸੇ ਦੇ ਅਰਥ ਹਨ ਸ਼ੁੱਧ, ਪਾਵਨ, ਪਵਿੱਤਰ। ਮੈਲ ਕਿਸੇ ਨੂੰ ਵੀ ਚੰਗੀ ਨਹੀਂ ਲੱਗਦੀ। ਮੈਲਾ ਪਾਣੀ ਪੀਣ ਦੇ ਲਾਇਕ ਨਹੀਂ ਹੁੰਦਾ। ਬਣੇ ਹੋਏ ਭੋਜਨ ‘ਤੇ ਕੋਈ ਮੈਲ ਪੈ ਗਈ ਹੈ, ਖਾਣ ਦੇ ਲਾਇਕ ਨਹੀਂ ਹੁੰਦਾ। ਅਤਿਅੰਤ ਮੈਲਾ ਕੱਪੜਾ ਘ੍ਰਿਣਾ ਪੈਦਾ ਕਰਦਾ ਹੈ ਅਤੇ ਇਸੇ ਤਰੀਕੇ ਨਾਲ ਮੈਲੀ ਥਾਂ ‘ਤੇ ਬੈਠਣ ਨੂੰ ਜੀਅ ਨਹੀਂ ਕਰਦਾ। ਮੈਲ ਕਿਸੇ ਵੀ ਪੱਖ ਵਿਚ ਚੰਗੀ ਨਹੀਂ ਲੱਗਦੀ। ਜੇ ਮੈਲੀਆਂ ਵਸਤੂਆਂ ਵਰਤੋਂ ਦੇ ਕਾਬਲ ਨਹੀਂ ਹਨ ਤਾਂ ਮੈਲਾ ਮਨੁੱਖ ਵੀ ਪ੍ਰਮਾਤਮਾ ਨੂੰ ਕਬੂਲ ਨਹੀਂ ਹੈ। ਮੈਲਾ ਮਨੁੱਖ ਪ੍ਰਮਾਤਮਾ ਦੇ ਦਰਬਾਰ ਵਿਚ ਥਾਂ ਨਹੀਂ ਪਾ ਸਕਦਾ।