ਵਿਸਾਖੀ ਸੰਨ 1469-
ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਇਹਾੜਾ ਹੈ। ਆਪ ਜਮਾਂਦਰੂ ਗੁਰੂ ਹਨ। ਆਪ ਨੇ ਪ੍ਰਭੂ ਵਲੋਂ ਨਿਯਤ ਇਕੋ ਇੱਕ ਇਲਾਹੀ, ਰੱਬੀ, ਸਦੀਵੀ, ਸੱਚ ਧਰਮ ਨੂੰ; ਮਨੁੱਖ ਮਾਤ੍ਰ ਦੇ ਭਲੇ ਲਈ ਗੁਰਬਾਣੀ ਦੇ ਰੂਪ `ਚ ਸੰਸਾਰ ਸਾਹਮਣੇ ਪ੍ਰਗਟ ਕੀਤਾ। ਇਸ ਦੇ ਲਈ ਆਪ ਨੇ ਦੇਸ਼, ਵਿਦੇਸ਼- (ਚੀਨ, ਬਰਮਾ, ਰੂਸ, ਬਗ਼ਦਾਦ, ਇਰਾਨ ਆਦਿ) ਤੱਕ ਪੁੱਜ ਕੇ ਸੰਸਾਰ ਤੱਲ `ਤੇ ਇਸ ਸੱਚ ਧਰਮ ਲਈ ਸੇਧ ਦਿੱਤੀ। ਹਜ਼ਾਰਾਂ ਸਾਲਾਂ ਤੋਂ ਧਰਮ ਦੇ ਨਾਮ ਹੇਠ ਕੀਤੇ ਜਾ ਰਹੇ ਪਾਖੰਡਾਂ-ਕਰਮਕਾਂਡਾ, ਲੋਕਾਈ ਦੀ ਹੋ ਰਹੀ ਲੁੱਟ-ਖੋਹ ਤੇ ਸ਼ੋਸ਼ਣ ਤੋਂ ਸੁਚੇਤ ਕੀਤਾ। ਧਾਰਮਿਕ ਆਗੂਆਂ ਰਾਹੀਂ ਇਸ ‘ਉੱਤਮ’ ਕੰਮ ਲਈ ਵਰਤੇ ਜਾ ਰਹੇ ਜੋਗੀ, ਸਨਿਆਸੀ, ਬੈਰਾਗੀ, ਸੰਤ, ਸਾਧ, ਭਗਤ ਆਦਿ ਧਾਰਮਿਕ ਭੇਖਾਂ ਦੀ ਕਲਈ ਖੋਲੀ। ਮਨੁੱਖ ਨੂੰ ਇਲਾਹੀ (ਕੇਸਾਧਾਰੀ) ਸਰੂਪ `ਚ ਪ੍ਰਗਟ ਕੀਤਾ। ਇਸ ਦੇ ਨਾਲ ਕੇਸਾਂ ਦੀ ਸੰਭਾਲ-ਸਫ਼ਾਈ ਲਈ ਨਿੱਤ ਕੰਘੇ (ਲਕੜੀ ਦਾ) ਵਾਲਾ ਨਿਯਮ ਦਿੱਤਾ। ਸਨਾਤਨੀ ਪ੍ਰਵਾਰ `ਚ ਪ੍ਰਕਾਸ਼ ਹੋਣ ਦੇ ਬਾਵਜੂਦ, ਬ੍ਰਾਹਮਣੀ ਕਰਮਕਾਂਡਾ ਚੋਂ ਕੱਢਣ ਲਈ ਜੰਜੂ ਪਾਉਣ ਤੋਂ ਵੀ ਇਨਕਾਰ ਕੀਤਾ। ਚੂੰਕਿ ਬ੍ਰਾਹਮਣ ਦੇ ਸਾਰੇ ਸੰਸਕਾਰਾਂ, ਬਿਨਾ ਸਿਲਾਈ ਧੋਤੀ ਨਾਲ ਜ਼ਰੂਰੀ ਹਨ। ਇਸ ਵਿਰੁਧ ਸਿਖਾਂ ਨੂੰ ਸਿਲਾਈਆਂ ਨਾਲ ਭਰਪੂਰ ਰੇਬਦਾਰ ਕਛਿਹਰੇ ਵਾਲਾ ਨਿਯਮ ਬਖਸ਼ਿਆ ਤਾਕਿ ਸਿੱਖ ਬ੍ਰਾਹਮਣੀ ਕਰਮਕਾਂਡਾ ਦੇ ਜਾਲ `ਚ ਨਾ ਫਸੇ। ਸਿੱਟਾ ਇਹ, ਸੰਪੂਰਣ ਕੇਸਾਧਾਰੀ ਸਰੂਪ, ਕੰਘੇ, ਕਛਿਹਰੇ, ਨਿਤਨੇਮ {ਬਾਣੀ ਜਪੁ, ਸ਼ਾਮਾਂ ਨੂੰ ਸੋਦਰ (ਇਕ ਸ਼ਬਦ), ਸੌਣ ਸਮੇਂ ਸੋਹਿਲਾ (ਇਕ ਸ਼ਬਦ)} ਤੇ ਗੁਰਬਾਣੀ ਗੁਰੂ ਵਾਲੇ ਨਿਯਮ ਪਹਿਲੇ ਜਾਮੇ ਤੋਂ ਹੀ ਸਿੱਖੀ ਜੀਵਨ ਦਾ ਅੰਗ ਬਣਾਏ। ਸਿੱਖੀ `ਚ ਪ੍ਰਵੇਸ਼ ਲਈ `ਚਰਣ ਪਾਹੁਲ’ ਵਾਲਾ ਨਿਯਮ ਵੀ ਪਹਿਲੇ ਜਾਮੇ ਤੋਂ ਹੀ ਲਾਗੂ ਕੀਤਾ। ਇਸੇ ਨਿਯਮ ਨੂੰ ਵਿਸਾਖੀ 1699 ਦੇ ਦਿਨ ਦਸਮੇਸ਼ ਜੀ ਨੇ ‘ਖੰਡੇ ਦੀ ਪਾਹੁਲ’ ਅੰਮ੍ਰਿਤ ਛਕਣ) `ਚ ਬਦਲਿਆ