ਵਿਸਾਖੀ 1699- ਇਹ ਬਹੁਤ ਵੱਡਾ ਮੀਲ ਪੱਥਰ ਹੈ, ਸਿੱਖ ਇਤਿਹਾਸ ਦਾ।
“ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥ ਇਤ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ” (ਪੰ: 1412) ਅਨੁਸਾਰ ਸਿੱਖਾਂ ਦੀ ਜੋ ਤਿਆਰੀ ਪਹਿਲੇ ਜਾਮੇ ਤੋਂ ਕਰਵਾਈ ਜਾ ਰਹੀ ਸੀ, ਉਸੇ ਦਾ ਨਤੀਜਾ 1699 ਨੂੰ ਜਦੋਂ ਦਸਮੇਸ਼ ਜੀ ਨੇ ਨੰਗੀ ਤਲਵਾਰ ਦੀ ਧਾਰ `ਤੇ ਪੰਥ ਦਾ ਇਮਤਿਹਾਨ ਲਿਆ ਤਾਂ ਪੰਥ ਵੀ ਗੁਰੂ ਦੇ ਯਕੀਨ `ਤੇ 100% ਪੂਰਾ ਉਤਰਿਆ। “ਗੁਰਿ ਚੇਲੇ ਰਹਰਾਸਿ ਕੀਈ ਨਾਨਕਿ ਸਲਾਮਤਿ ਥੀਵਦੈ॥ ਸਹਿ ਟਿਕਾ ਦਿਤੋਸੁ ਜੀਵਦੈ” (ਪੰ: 966) ਪਹਿਲੇ ਪਾਤਸ਼ਾਹ ਨੇ ਦੂਜੇ; ਦੂਜੇ ਨੇ ਤੀਜੇ ਤੇ ਦਰਜਾ ਬਦਰਜਾ-ਚਲਦੀ ਆ ਰਹੀ ਪ੍ਰੀਪਾਟੀ ਅਨੁਸਾਰ ਜਦੋਂ ਦਸਮੇਸ਼ ਜੀ ਨੇ ਗੁਰਬਾਣੀ ‘ਜੁਗਤ’ ਵਰਤਾਉਣ’ ਵਾਲੀ ਜ਼ਿਮੇਵਾਰੀ ‘ਪੰਜਾਂ’ ਦੇ ਰੂਪ `ਚ ਪੰਥ ਨੂੰ ਸੌਂਪ ਦਿੱਤੀ (ਪੰਥ ਸਾਜਿਆ) ਤਾਂ ਆਪ ਨੇ ਵੀ ਪੰਜਾਂ ਅੱਗੇ ਮੱਥਾ ਟੇਕ ਦਿੱਤਾ। ਉਸ ਸਮੇਂ ਸੰਗਤਾਂ ਲਈ ਇਹ ਨਵੀਂ ਰੀਤ ਨਹੀਂ ਸੀ, ਜਿਵੇਂ ਕਿ ਅੱਜ ਪ੍ਰਚਾਰ ਹੋ ਰਿਹਾ ਹੈ।
“ਮਾਰਿਆ ਸਿਕਾ ਜਗਤ ਵਿਚ, ਨਾਨਕ ਨਿਰਮਲ ਪੰਥ ਚਲਾਇਆ” (ਭਾ: ਗੁ: ) ਇਹ ਵੀ ਗ਼ਲਤ ਹੈ ਕਿ ਦਸਮੇਸ਼ ਜੀ ਨੇ ਕਿਸੇ ਨਵੇਂ ਪੰਥ ਨੂੰ ਚਲਾਇਆ। ਪੰਥ ਤਾਂ ਪਹਿਲੇ ਜਾਮੇ ਤੋਂ ਹੀ ਚਲਾਇਆ ਜਾ ਚੁੱਕਾ ਸੀ। ਇਸੇ ਕਰਕੇ ਪਹਿਲੇ ਪੰਜਾਂ ਲਈ ‘ਖੰਡੇ ਦੀ ਪਾਹੁਲ’ ਦਾ ਬਾਟਾ ਕਿਸੇ ਪੰਜਾਂ ਨੇ ਨਹੀਂ, ਦਸਮੇਸ਼ ਜੀ ਨੇ ਇਕਲਿਆਂ ਤਿਆਰ ਕੀਤਾ ਤੇ ਛੱਕਾਇਆ ਵੀ ਇਕਲਿਆਂ ਹੀ। ਉਦੋਂ ਤਾਂ ਕੇਵਲ `ਚਰਨ ਪਾਹੁਲ’ ਵਾਲੇ ਪਹਿਲੇ ਜਾਮੇਂ ਤੋਂ ਹੀ ਚਲਦੇ ਆ ਰਹੇ ਢੰਗ ਨੂੰ ਹੀ ‘ਖੰਡੇ ਦੀ ਪਾਹੁਲ’ `ਚ ਬਦਲਿਆ ਸੀ। ਉਪ੍ਰੰਤ ਦਸਮੇਸ਼ ਜੀ ਨੇ ਪੰਜਾਂ ਤੋਂ ਪਾਹੁਲ ਲਈ ਪਰ ਕਿਉਂ? ਕਿਉਂਕਿ ਜਦੋਂ ਪਾਤਸ਼ਾਹ ਨੇ `ਚਰਣ ਪਾਹੁਲ’ ਨੂੰ ‘ਖੰਡੇ ਦੀ ਪਾਹੁਲ’ `ਚ ਬਦਲਿਆ ਤਾਂ ਕੌਮ ਨੂੰ ਨਵੇਂ ਸਿਰਿਓਂ ‘ਪਾਹੁਲ’ ਲੈਣ ਲਈ ਹੁਕਮ ਕੀਤਾ ਜਿਸ ਦਾ ਆਰੰਭ ਵੀ ਆਪਣੇ, ਅਪਣੇ ਆਪ ਤੋਂ ਕੀਤਾ। ਵਿਸਾਖੀ 1699 ਨੂੰ ਹੀ ਨਾਵਾਂ ਨਾਲ ਸਿੰਘ-ਕੌਰ ਜੋੜ ਕੇ ਪੰਥ ਨੂੰ ਪ੍ਰਵਾਰਕ ਰੂਪ ਬਖਸ਼ਿਆ। ਗੋਬਿੰਦ ਰਾਇ ਤੋਂ ਗੋਬਿੰਦ ਸਿੰਘ- ਭਾਵ ਇਸ ਦਾ ਆਰੰਭ ਵੀ ਪਾਤਸ਼ਾਹ ਨੇ ਆਪਣੇ ਆਪ ਤੋਂ ਹੀ ਕੀਤਾ ਤੇ ਕੌਮ ਨੂੰ ਜਾਤਾਂ-ਗੋਤਾਂ ਵਾਲੇ ਕੋੜ੍ਹ `ਚੋਂ ਕਢਿਆ ਪਰ ਅੱਜ ਅਸੀਂ ਕਿੱਥੇ ਖੜੇ ਹਾਂ?