ਸਿੱਖ, ਸਿੰਘ, ਖਾਲਸਾ ਭਿੰਨ-ਭਿੰਨ ਨਹੀਂ ਹਨ
ਪਹਿਲਾਂ ਸਰੂਪ `ਚ ਆਉਂਦੇ ਹਾਂ ਤਾਂ ਸਾਨੂੰ ਪਾਹੁਲ ਲੈਣ ਦਾ ਹੱਕ ਮਿਲਦਾ ਹੈ। ਇਸ ਤਰ੍ਹਾਂ ਪਾਹੁਲ ਲੈਣ ਤੋਂ ਬਾਅਦ ਅਸੀਂ ਸਿੱਖ ਧਰਮ `ਚ ਪ੍ਰਵੇਸ਼ ਕਰਦੇ ਹਾਂ, ਸਿੱਖ ਸਜਦੇ ਹਾਂ। ਵਿਸਾਖੀ 1699 ਨੂੰ ਦਸਮੇਸ਼ ਜੀ ਨੇ ਸਾਡੇ ਨਾਵਾਂ `ਚ ਤਬਦੀਲੀ ਕਰ ਕੇ ਸਾਡੇ ਨਾਵਾਂ ਨਾਲ ‘ਸਿੰਘ-ਕੌਰ’ ਲਗਾਇਆ ਤੇ ਸਾਨੂੰ ਫ਼ਤਹਿ ਵਾਲਾ ਬੋਲਾ ਬਖਸ਼ਿਆ। ਇਸੇ ਤੋਂ ਸੰਸਾਰ ਨੇ ਸਾਨੂੰ ‘ਸਿੰਘ ਜੀ’ ਤੇ ਬੋਲੇ ਤੋਂ ‘ਖਾਲਸਾ ਜੀ’ ਕਹਿ ਕੇ ਬੁਲਾਉਣਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਸਿੱਖ ਨੂੰ ਹੀ ਸਿੰਘ ਤੇ ਖਾਲਸੇ ਕਿਹਾ ਜਾਣ ਲੱਗਾ। ਸਿੱਖ ਅਖਵਾਉਣ ਦਾ ਹੱਕ ਤਾਂ ਸਾਨੂੰ ਪ੍ਰਾਪਤ ਹੀ ਉਦੋ ਹੁੰਦਾ ਹੈ ਜਦੋਂ ਅਸੀਂ ਆਪਣਾ ‘ਤਨ ਮਨ ਧਨ’ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਨੂੰ ਸੌਂਪਦੇ ਹਾਂ। ਇਸੇ ਦਾ ਅੱਜ ਨਾਮ ਹੈ “ਅੰਮ੍ਰਿਤ ਛਕਣਾ” ਜਦਕਿ ਸੰਨ 1860 ਤੋਂ ਪਹਿਲਾਂ ਇਸ ਦਾ ਅਸਲ ਨਾਮ ਸੀ ‘ਖੰਡੇ ਦੀ ਪਾਹੁਲ’ ਲੈ ਕੇ ‘ਸਿੱਖ ਸਜਣਾ’। ਪਹਿਲੇ ਪਾਤਸ਼ਾਹ ਤੋਂ ਵਿਸਾਖੀ 1699 ਤੱਕ ‘ਖੰਡੇ ਦੀ ਪਾਹੁਲ’ ਦਾ ਸਰੂਪ “ਚਰਨ ਪਾਹੁਲ” ਸੀ। ਅਰਥ ਸਨ, ਪ੍ਰਭੂ ਬਖਸ਼ੀ ਮਨੁੱਖੀ ਸ਼ਕਲ ਦੇ ਵਫ਼ਾਦਾਰ ਹੋ ਕੇ, ਬਾਣੀ ਦੇ ਚਰਨਾਂ ਨਾਲ ਜੁੜਣ ਲਈ ਪ੍ਰਣ, ਬਾਣੀ ਦੀ ਸਿੱਖਿਆ ਨੂੰ ਜੀਵਨ ਅਰਪਣ ਕਰ ਕੇ ‘ਸਿੱਖ’ ਹੋਣਾ। ਇਹੀ ਸੀ ਸਾਡਾ ‘ਸਿੱਖ ਸਜਣਾ’, ਇਸ ਤੋਂ ਪਹਿਲਾਂ ਅਸੀਂ ਸਿੱਖ ਨਹੀਂ, ਕੇਵਲ ਸ਼ਰਧਾਲੂ ਹੋ ਸਕਦੇ ਹਾਂ। ਸਾਡੇ ਇਸੇ ਗ਼ਲਤ ਪ੍ਰਚਾਰ ਦਾ ਸਿੱਟਾ-ਜਿਸ ਕੌਮ `ਚ ਕਦੇ ਕੋਈ ਬਿਨਾ ਪਾਹੁਲ ਨਹੀਂ ਸੀ ਹੁੰਦਾ, ਅੱਜ 95% ਤੋਂ ਉਪਰ ਕੌਮ ਬਿਨਾ ਪਾਹੁਲ ਹੈ ਤੇ ਅਗੋਂ ਪਨੀਰੀ ‘ਸਫਾ-ਚੱਟ’।