Vaisakhi 1469 ton 1699 – Part – 33- 2-5-26

ਵਿਸਾਖੀ ਸੰਨ 1469

ਵਿਸਾਖੀ ਸੰਨ 1469, ਗੁਰੂ ਨਾਨਕ ਪਾਤਸ਼ਾਹ ਦਾ ਆਗਮਨ ਦਿਹਾੜਾ ਹੈ (ਨਾ ਕਿ ਕੱਤਕ ਦੀ ਪੂਰਨਮਾਸ਼ੀ)। ਗੁਰੂ ਨਾਨਕ ਪਾਤਸ਼ਾਹ ਜਮਾਂਦਰੂ ਗੁਰੂ ਸਨ। ਆਪ ਨੇ ਪ੍ਰਭੂ ਵਲੋਂ ਨਿਯਤ ਇਕੋ ਇੱਕ ਇਲਾਹੀ, ਰੱਬੀ, ਸਦੀਵੀ ਤੇ ਸੱਚੇ ਮਨੁੱਖੀ ਧਰਮ ਨੂੰ, ਗੁਰਬਾਣੀ ਦੇ ਰੂਪ `ਚ ਸੰਸਾਰ ਸਾਹਮਣੇ ਪ੍ਰਗਟ ਕੀਤਾ। ਸਪਸ਼ਟ ਕੀਤਾ ਕਿ ਸਾਰੇ ਸੰਸਾਰ ਦਾ ਕਰਤਾ, ਇਕੋ ਅਕਾਲਪੁਰਖ ਹੈ, ਕੋਈ ਦੂਜਾ ਨਹੀਂ। ਉਹ ਪ੍ਰਭੂ ਹੀ ਸਾਡਾ ਮਾਤਾ-ਪਿਤਾ, ਭਾਈ, ਮਿਤ੍ਰ ਸਭਕੁਝ ਹੈ। ਸਾਰੇ ਮਨੁਖਾਂ ਦਾ ਰੱਬੀ ਭਾਈਚਾਰਰਾ ਵੀ ਇਕੋ ਹੀ ਹੈ। ਜਨਮ ਕਰਕੇ ਕੋਈ ਬ੍ਰਾਹਮਣ ਹੈ ਨਾ ਸ਼ੂਦਰ, ਨਾ ਉਚੀ ਜਾਤ ਦਾ ਹੈ ਤੇ ਨਾ ਹੀ ਨੀਵੀਂ। ਇਹ ਵੀ ਸਾਫ਼ ਕੀਤਾ ਕਿ ਸਾਰੇ ਸੰਸਾਰ ਦਾ ‘ਗੁਰੂ’ ਵੀ ਇਕੋ ਹੀ ਹੈ ਅਤੇ ਉਹ ਹੈ ਜੀਵਨ-ਜਾਚ ਦਾ ਗਿਆਨ। ਗੁਰੂ ਕਿਸੇ ਸਰੀਰ ਦਾ ਨਾਂ ਨਹੀਂ। ਇਸੇ ਤਰ੍ਹਾਂ ਕਰਤਾਰ ਨੇ ਮਨੁੱਖ ਮਾਤ੍ਰ ਲਈ ਇਕੋ ਹੀ ਧਰਮ ਨਿਯਤ ਕੀਤਾ ਹੈ, ਮਨੁੱਖ -ਮਨੁੱਖ ਦੇ ਵਖੋ-ਵੱਖਰੇ ਹਜ਼ਾਰਾਂ ਧਰਮ ਅਗਿਆਨਤਾ ਦੀ ਉਪਜ ਹਨ।

ਅਜੇਹੇ ਸੱਚ ਧਰਮ ਦੇ ਪ੍ਰਚਾਰ ਲਈ ਜਦਕਿ ਉਸ ਸਮੇਂ ਆਵਾਜਾਈ ਦੇ ਕੋਈ ਸਾਧਨ ਜਾਂ ਡਾਕ-ਤਾਰ ਦੇ ਅਜੋਕੇ ਪ੍ਰਬੰਧ ਵੀ ਨਹੀਂ ਸਨ, ਸੜਕਾਂ ਦੀ ਕੋਈ ਹੋਂਦ ਨਹੀਂ ਸੀ। ਆਪ ਨੇ ਸੰਪੂਰਣ ਭਾਰਤ, ਇਸ ਤੋਂ ਇਲਾਵਾ ਸੁਮੇਰ ਪਰਬਤ ਸਮੇਤ ਲੰਕਾ, ਚੀਨ, ਬਰਮਾ, ਰੂਸ, ਬਗ਼ਦਾਦ, ਇਰਾਨ ਆਦਿ ਪੁੱਜ ਕੇ ਸੰਸਾਰ `ਚ ਸੱਚੇ ਇਲਾਹੀ-ਰੱਬੀ ਧਰਮ ਦਾ ਪ੍ਰਸਾਰ-ਪ੍ਰਚਾਰ ਕੀਤਾ। ਇਸਤ੍ਰੀ-ਪੁਰਖ ਵਿਤਕਰੇ ਨੂੰ ਵੰਗਾਰਿਆ। ਦੇਵੀ-ਦੇਵਤਿਆਂ-ਫ਼ਰਜ਼ੀ ਭਗਵਾਨਾਂ ਵਾਲੀ ਪੂਜਾ ਤੇ ਉਸ ਤੋਂ ਪੈਦਾ ਹੋਣ ਵਾਲੇ ਅਨੇਕਾਂ ਸਗਨ-ਅਪਸਗਨ, ਚਾਲੀਹੇ-ਸੁਖਣਾ, ਥਿਤਾਂ-ਵਾਰਾਂ ਦੇ ਭਰਮ, ਵਹਿਮ-ਸਹਿਮ, ਤਪ-ਦਾਨ-ਪੁਨ-ਵਰਤ, ਤੀਰਥ ਇਸ਼ਨਾਨ-ਟੇਵੇ-ਮਹੂਰਤ, ਜਨਮਪਤ੍ਰੀਆਂ-ਰਾਸ਼ੀਫਲ ਵਰਗੇ ਕਰਮਕਾਂਡਾ ਨਸ਼ਿਆਂ ਆਦਿ ਅਨੇਕਾਂ ਤੇ ਦਾ ਡੱਟ ਕੇ ਵਿਰੋਧ ਕੀਤਾ। ਹਜ਼ਾਰਾਂ ਸਾਲਾਂ ਤੋਂ ਧਰਮ ਦੇ ਨਾਮ ਹੇਠ ਕੀਤੇ ਜਾ ਰਹੇ ਪਾਖੰਡ, ਲੋਕਾਈ ਦੀ ਹੋ ਰਹੀ ਲੁੱਟ-ਖੋਹ-ਸ਼ੋਸ਼ਣ ਤੋਂ ਲੋਕਾਈ ਨੂੰ ਸੁਚੇਤ ਕੀਤਾ। ਧਾਰਮਕ ਆਗੂਆਂ ਰਾਹੀਂ ਇਸ ‘ਉੱਤਮ’ ਕੰਮ ਲਈ ਵਰਤੇ ਜਾ ਰਹੇ ਧਾਰਮਿਕ ਭੇਖਾਂ ਦੀ ਸੂਰਮਤਾਈ ਨਾਲ ਕਲਈ ਖੋਲੀ। ਗੁਰਬਾਣੀ ਸੇਧ `ਚ ਮਨੁੱਖ ਨੂੰ ਉਸਦੇ ਇਲਾਹੀ ‘ਕੇਸਾਧਾਰੀ ਸਰੂਪ’ ਤੇ ‘ਸੁਭਾਅ’ `ਚ ਸੰਸਾਰ ਸਾਹਮਣੇ ਪ੍ਰਗਟ ਕੀਤਾ ਤੇ ਉਸ ਨੂੰ ਨਾਮ ਦਿੱਤਾ ‘ਸਿੱਖ’। ਜਿਸਦੇ ਅਰਥ ਹਣ ਸਦੀਵੀ ਗੁਰੂ ਦੀ ਸਿਖਿਆ `ਤੇ ਜੀਵਨ ਨੂੰ ਚਲਾਉਣ ਵਾਲਾ ਮਨੁੱਖ।

You may also like these