Guru Arjun Sahib Ji di shadat te Chabeel Parampara – Part – 3- 21-5-26

ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਤੇ ਛਬੀਲ ਪਰੰਪਰਾ

ਗੁਰਦੇਵ ਜੀ ਦੀ ਸ਼ਹਾਦਤ ਅਤੇ ਗੁਰਬਾਣੀ-ਸੱਚ ਦੇ ਹੋਰ ਵੀ ਅਨੇਕਾਂ ਪੱਖ ਹਨ, ਜਿਨ੍ਹਾਂ ਨੂੰ ਪ੍ਰਮਾਣਾਂ ਸਹਿਤ ਵਿਸਥਾਰ ਪੂਰਵਕ ਪ੍ਰਗਟਾਇਆ ਜਾ ਸਕਦਾ ਹੈ । ਪਰ ਚੂੰ ਕਿ ਅੱਜ ਦੇ ਇਸ ਵਿਸ਼ੇਸ਼ ਲੇਖ ਦਾ ਮੁੱਖ ਮਨੋਰਥ ਹਜ਼ੂਰ ਦੇ ਸ਼ਹੀਦੀ ਜੋੜ-ਮੇਲੇ ਨਾਲ ਜੁੜੀ ਹੋਈ ਛਬੀਲ ਦੀ ਪਰੰਪਰਾ ਦੇ ਸੱਚ ਨੂੰ ਸਿੱਖ ਸੰਗਤ ਨਾਲ ਸਾਂਝਾ ਕਰਨਾ ਹੈ । ਕਿਉਂਕਿ, ਹਰ ਸਾਲ ਸ਼ਹੀਦੀ ਦਿਹਾੜੇ ’ਤੇ ਸਿੱਖ ਕੌਮ ਦਾ ਅਰਬਾਂ ਖ਼ਰਬਾਂ ਰੁਪਿਆ, ਤਾਕਤ ਤੇ ਸਮਾਂ ਗੁਰਦੁਆਰਿਆਂ, ਗਲੀ ਮਹੱਲਿਆਂ ਅਤੇ ਸ਼ੜਕਾਂ ਦੇ ਚੌਰਾਹਿਆਂ ਉੱਤੇ ਕੜਾਹ ਪ੍ਰਸ਼ਾਦ ਵਰਤਾਉਣ ਅਤੇ ਛਬੀਲਾਂ ਦੇ ਰੂਪ ਵਿੱਚ ਕੱਚੀ-ਲੱਸੀ ਤੇ ਸੈਂਕੜੇ ਕਿਸਮ ਦੇ ਸ਼ਰਬਤ ਪਿਲਾਉਣ ’ਤੇ ਲੱਗ ਜਾਂਦਾ ਹੈ ।
ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਦੇ ਮੁੱਖ ਗ੍ਰੰਥੀ ਦੀ ਸੇਵਾ ਨਿਭਾਉਂਦਿਆਂ ਸੰਨ 1991 ਵਿੱਚ ਮੈਂ ਪ੍ਰਿਸੀਪਲ ਸੁਰਜੀਤ ਸਿੰਘ ‘ਮਿਸ਼ਨਰੀ’ ਅਤੇ ਜਥੇਦਾਰ ਤਰਸੇਮ ਸਿੰਘ (ਸਾਬਕਾ ਚੇਅਰਮੈਨ ਧਰਮ ਪ੍ਰਚਾਰ ਕਮੇਟੀ) ਦੇ ਸਹਿਯੋਗ ਨਾਲ ਸਿੱਖ ਨੌਜਵਾਨਾਂ ਰਾਹੀਂ ਸ਼ਹੀਦੀ ਦਿਹਾੜੇ ਦੀਆਂ ਛਬੀਲਾਂ ਦਾ ਸਰਵੇ ਕਰਵਾਇਆ ਸੀ, ਉਸ ਮੁਤਾਬਿਕ ਇਕੱਲੇ ਦਿੱਲੀ ਸ਼ਹਿਰ ਵਿੱਚ ਹੀ ਇੱਕ ਲੱਖ ਰੂਹ-ਅਫ਼ਜ਼ੇ ਦੀ ਬੋਤਲ ਲੱਗੀ ਹੋਵੇਗੀ, ਬਾਕੀ ਖੰਡ ਤੇ ਦੁੱਧ ਆਦਿਕ ਦਾ ਖਰਚਾ ਵੱਖਰਾ । ਹੁਣ ਹਿਸਾਬ ਲਗਾਓ ਦੇਸ਼ ਵਿਦੇਸ਼ ਵਿੱਚ ਲੱਗਣ ਵਾਲੀਆਂ ਉਨ੍ਹਾਂ ਸ਼ਹੀਦੀ ਛਬੀਲਾਂ ਦਾ, ਜਿਨ੍ਹਾਂ ’ਤੇ ਖਰਚੇ ਜਾਂਦੇ ਕੌਮੀ ਸਮੇਂ ਤੇ ਸਰਮਾਏ ਦਾ ਕੋਈ ਅੰਦਾਜ਼ਾ ਲਗਾਉਣਾ ਵੀ ਅਸੰਭਵ ਹੈ । ਕੀ ਇਤਨੀ ਤਾਕਤ ਤੇ ਸਰਮਾਏ ਨਾਲ ਕਰੋੜਾਂ ਦੀ ਗਿਣਤੀ ਵਿੱਚ ਰੁਲਦੇ-ਫਿਰਦੇ ਸਿਕਲੀਗਰ ਸਿੱਖ ਭਰਾਵਾਂ ਅਤੇ ਹੋਰ ਗ਼ਰੀਬ ਸਿੱਖ ਨੌਜਵਾਨਾਂ ਦੀ ਵਿਦਿਆ, ਸੇਵਾ-ਸੰਭਾਲ ਤੇ ਰੋਜ਼ਗਾਰ ਲਈ ਹਰ ਸਾਲ ਕਈ ਪ੍ਰੋਜੈਕਟ ਨਹੀਂ ਸ਼ੁਰੂ ਕੀਤੇ ਜਾ ਸਕਦੇ ?

You may also like these