ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ
ਆਗਮਨ- ਗੁਰੂ ਅਰਜਨ ਪਾਤਸ਼ਾਹ ਦਾ ਪ੍ਰਕਾਸ਼ 15 ਅਪ੍ਰੈਲ ਸੰਨ 1563 ਮੁਤਾਬਿਕ 19 ਵੈਸਾਖ ਸੰਮਤ 1620 ਨੂੰ ਗੋਇੰਦਵਾਲ ਸਾਹਿਬ ਵਿਖੇ ਹੋਇਆ। ਆਪ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ (ਉਸ ਸਮੇਂ ਭਾਈ ਜੇਠਾ ਜੀ) ਅਤੇ ਬੀਬੀ ਭਾਨੀ ਜੀ ਦੇ ਸਭ ਤੋਂ ਛੋਟੇ ਅਤੇ ਤੀਜੇ ਸਪੁਤ੍ਰ ਸਨ। ਆਪਜੀ ਦੇ ਦੋ ਵੱਡੇ ਭਰਾਤਾ ਪ੍ਰਿਥੀ ਚੰਦ ਅਤੇ ਮੇਹਰਬਾਨ ਸਨ।
ਬੱਚਪਨ- ਆਪ ਜੀਵਨ ਦੇ ਪਹਿਲੇ ਯਾਰ੍ਹਾਂ ਸਾਲ ਗੋਇੰਦਵਾਲ ਸਾਹਿਬ ਹੀ ਰਹੇ। ਆਪ ਜੀ ਨੂੰ ਬਾਣੀ ਦੀ ਗੁੜ੍ਹਤੀ ਅਪਣੇ ਨਾਨਾਂ-ਤੀਜੇ ਪਾਤਾਸ਼ਾਹ ਕੋਲੋਂ “ਦੋਹਿਤਾ ਬਾਣੀ ਕਾ ਬੋਹਿਥਾ” ਵਾਲੇ ਆਸ਼ੀਰਵਾਦ ਰਾਹੀ ਪ੍ਰਾਪਤ ਹੋਈ। ਆਪਜੀ ਯਾਰ੍ਹਾਂ ਸਾਲ ਦੇ ਸਨ ਜਦੋਂ ਤੀਜੇ ਪਾਤਸ਼ਾਹ ਜੋਤੀ ਜੋਤ ਸਮਾ ਗਏ। ਗੁਰਗੱਦੀ ਦੀ ਜਿ਼ਮੇਵਾਰੀ ਆਪ ਜੀ ਦੇ ਪਿਤਾ ਗੁਰੂ ਰਾਮਦਾਸ ਜੀ ਨੂੰ ਪ੍ਰਾਪਤ ਹੋਈ। ਗੁਰਗੱਦੀ ਪ੍ਰਾਪਤੀ ਉਪਰੰਤ, ਚੌਥੇ ਪਾਤਸ਼ਾਹ ਗੁਰੂ ਕਾ ਚੱਕ, ਮੌਜੂਦਾ ਸ੍ਰੀ ਅੰਮ੍ਰਿਤਸਰ ਵਿਖੇ ਆ ਗਏ। ਇਹ ਸਥਾਨ ਤੀਜੇ ਪਾਤਸ਼ਾਹ ਨੇ ਆਪ ਖ਼ਰੀਦਿਆ ਅਤੇ ਵਸਾਇਆ ਸੀ।
ਗੁਰਗੱਦੀ ਪ੍ਰਾਪਤੀ- ਪਹਿਲੀ ਸਤੰਬਰ ਸੰਨ 1581 ਨੂੰ ਚੌਥੇ ਪਾਤਸ਼ਾਹ ਗੋਇੰਦਵਾਲ ਵਿਖੇ ਜੋਤੀ ਜੋਤ ਸਮਾ ਗਏ। ਉਪਰੰਤ ਗੁਰਗੱਦੀ ਦੀ ਜਿ਼ਮੇਵਾਰੀ ਆਪਜੀ ਨੂੰ ਪ੍ਰਾਪਤ ਹੋਈ। ਚਲਦੇ ਆ ਰਹੇ ਨੀਯਮ ਅਨੁਸਾਰ ਗੁਰਗੱਦੀ ਸੌਂਪਣਾ ਸਮੇਂ ਆਪ ਜੀ ਨੂੰ ਪਹਿਲੇ ਪਾਤਸ਼ਾਹ ਤੋਂ ਲੈਕੇ ਚੌਥੇ ਪਾਤਸ਼ਾਹ ਤੀਕ ਦੀ ਬਾਣੀ ਦਾ ਸਾਰਾ ਖ਼ਜ਼ਾਨਾ ਪ੍ਰਾਪਤ ਹੋਇਆ। ਇਸ ਵਿਚ 15 ਭਗਤਾਂ ਦੀ ਬਾਣੀ ਵੀ ਮੌਜੂਦ ਸੀ। ਭਗਤਾਂ ਦੀ ਬਾਣੀ ਗੁਰੂ ਨਾਨਕ ਪਾਤਸ਼ਾਹ ਨੇ ਅਪਣੇ ਪ੍ਰਚਾਰ ਦੌਰਿਆਂ ਸਮੇਂ ਆਪ ਇਕਤ੍ਰ ਕੀਤੀ ਸੀ। ਵੱਡੇ ਭ੍ਰਾਤਾ ਪ੍ਰਿਥੀ ਚੰਦ ਨੇ ਗੁਰਗੱਦੀ ਪ੍ਰਾਪਤੀ ਦਾ ਭਰਵਾਂ ਵਿਰੋਧ ਕੀਤਾ ਪਰ ਪਾਤਸ਼ਾਹ ਅਡੋਲ ਅਤੇ ਸ਼ਾਂਤ ਚਿੱਤ ਰਹੇ, ਵਿਰੋਧ ਦਾ ਉਤੱਰ ਨਹੀਂ ਦਿਤਾ। ਪ੍ਰਿਥੀ ਚੰਦ ਨੂੰ ਆਪ ਹੀ ਮੰੂਹ ਦੀ ਖਾਣੀ ਪਈ। ਕੁਝ ਇਤਿਹਾਸਕਾਰਾਂ ਨੇ ਇਸ ਸਮੇ ਤੇ ਦਸਤਾਰ ਬੰਦੀ ਦਾ ਜਿ਼ਕਰ ਕੀਤਾ ਹੈ ਜਿਹੜੀ ਕਿ ਨਿਰੋਲ ਬ੍ਰਾਹਮਣੀ ਰਸਮ ਹੈ। ਗੁਰਬਾਣੀ ਸਿਧਾਂਤ ਨਾਲ ਇਸਦਾ ਕੋਈ ਮੇਲ ਨਹੀਂ। ਵੈਸੇ ਵੀ ਇਹ ਘੱਟਨਾ ਅਚਾਨਕ ਪੰਜਵੇਂ ਪਾਤਸ਼ਾਹ ਨਾਲ ਹੀ ਜੋੜੀ ਗਈ ਹੈ। ਪਹਿਲਾਂ ਜਾਂ ਬਾਦ ਵਿਚ ਕਿੱਧਰੇ ਵੀ ਅਜੇਹਾ ਜਿ਼ਕਰ ਨਹੀਂ। ਅਸਲ ਵਿਚ ਇਹ ਇੱਕ ਇਤਿਹਾਸਕ ਮਿਲਾਵਟ ਹੈ। ਗੁਰਗੱਦੀ ਪ੍ਰਾਪਤੀ ਸਮੇਂ ਯਾਰ੍ਹਾਂ ਭੱਟ ਵੀ ਪੁੱਜੇ ਹੋਏ ਸਨ। ਉਨ੍ਹਾਂ ਨੇ ਗੁਰੂ ਦਰਬਾਰ ਉੱਪਰ ਅਕਾਲ ਪੁਰਖ ਦੀ ਪ੍ਰਤੱਖ ਬਖ਼ਸਿ਼ਸ਼ ਸੰਬੰਧੀ ਸਵੇਯੈ ਉਚਾਰਣ ਕੀਤੇ ਜਿਹੜੇ ਗੁਰਬਾਣੀ ਵਿਚ ਦਰਜ ਹਨ।