Punjve’n Patshah Guru Arjan Sahib Ji – Part-3 – 14-6-26

ਅੰਮ੍ਰਿਤਸਰ ਅਤੇ ਦਰਬਾਰ ਸਾਹਿਬ ਦੀ ਕਾਇਮੀ 

ਚੌਥੇ ਪਾਤਸ਼ਾਹ ਰਾਹੀਂ ਅਰੰਭ ‘ਗੁਰੂ ਦਾ ਚੱਕ’ ਵਸਾਉਣ ਵਾਲੇ ਕੰਮ ਨੰੁ ਪਾਤਸ਼ਾਹ ਨੇ ਅਪਣੀ ਸੰਭਾਲ ਵਿਚ ਲਿਆ। ਮੌਜੂਦਾ ‘ਅੰਮ੍ਰਿਤਸਰ’ ਸਰੋਵਰ ਦੀ ਖੁਦਾਈ ਦੇ ਕੰਮ ਵਿਚ ਤੇਜ਼ੀ ਲਿਆਂਦੀ। ਸੰਗਤਾਂ ਦੀ ਵੱਧ ਰਹੀ ਆਬਾਦੀ ਅਤੇ ਉਨ੍ਹਾਂ ਦੀਆਂ ਲੋੜਾਂ ਨੂੰ ਮੁੱਖ ਰਖਕੇ ਕੁਝ ਦੂਰੀ ਤੇ ਬਣ ਰਹੇ ਇਕ ਹੋਰ ਸਰੋਵਰ ਸੰਤੋਖਸਰ ਨੂੰ ਵੀ ਪੱਕਾ ਕਰਵਾਇਆ। ਸੰਨ 1588 ਵਿਚ ਇਹ ਦੋਵੇਂ ਸਰੋਵਰ ਮੁਕਮਲ ਹੋਏ। ਅਕਤੂਬਰ ਸੰਨ 1588 ਨੂੰ ਪਾਤਸ਼ਾਹ ਨੇ ਅੰਮ੍ਰਿਤਸਰ (ਸਰੋਵਰ) ਦੇ ਵਿੱਚਕਾਰ ‘ਦਰਬਾਰ ਸਾਹਿਬ’ ਦੀ ਨੀਂਹ ਆਪ ਰਖੀ। ਕੁਝ ਇਤਿਹਾਸਕਾਰਾਂ ਨੇ ਇਹ ਨੀਂਹ, ਗੁਰੂਦਰ ਦੇ ਅਨਿੰਨ ਸ਼ਰਧਾਲੂ ਮੁਸਲਮਾਨ ਸੂਫ਼ੀ ਫ਼ਕੀਰ ਮੀਆਂਮੀਰ ਤੋਂ ਰਖਵਾਉਣ ਦੀ ਗਲ ਲਿਖੀ ਹੈ, ਜੋ ਠੀਕ ਸਾਬਤ ਨਹੀਂ ਹੁੰਦੀ। ਸੰਨ 1590 ਵਿਚ ‘ਦਰਬਾਰ ਸਾਹਿਬ’ ਵਾਲੀ ਇਹ ਇਮਾਰਤ ਵੀ ਮੁਕੰਮਲ ਹੋ ਗਈ। ਬਾਦ ਵਿਚ ਅੰਮ੍ਰਿਤਸਰ ਸਰੋਵਰ ਕਾਰਣ, ‘ਗੁਰੂ ਕਾ ਚੱਕ’ ਦਾ ਨਾਮ ਹੀ ਅੰਮ੍ਰਿਤਸਰ ਸ਼ਹਿਰ ਪ੍ਰਚਲਤ ਹੋ ਗਿਆ।

ਨਾਂ ‘ਦਰਬਾਰ ਸਾਹਿਬ’ ਹੈ ‘ਸਵਰਨ ਮੰਦਰ’ ਨਹੀਂ- ਤੀਜੇ ਪਾਤਸ਼ਾਹ ਨੇ ਸਿੱਖ ਧਰਮ ਦਾ ਕੇਂਦਰ ਕਾਇਮ ਕਰਨ ਵਾਸਤੇ ਸੰਨ 1570 ਵਿਚ ‘ਗੁਰੂ ਕਾ ਚੱਕ’ ਵਸਾਇਆ। ਇਹੀ ‘ਚੱਕ’ ਪ੍ਰਫੁਲਤ ਹੋਕੇ ‘ਸਰੋਵਰ’ ਦੇ ਨਾਮ ਤੇ ਪੂਰੇ ਸ਼ਹਿਰ ਦਾ ਨਾਮ ਹੀ ‘ਅੰਮ੍ਰਿਤਸਰ’ ਹੋ ਗਿਆ। ਪਾਤਸ਼ਾਹ ਨੇ ਸਰੋਵਰ ਦੇ ਵਿੱਚਕਾਰ ‘ਦਰਬਾਰ ਸਾਹਿਬ’ ਸਥਾਪਤ ਕੀਤਾ। ਵਿੱਚਲੇ ਸਮੇ ‘ਦਰਬਾਰ ਸਾਹਿਬ’ ਵਾਸਤੇ ਸ਼ਬਦ ‘ਹਰਿਮੰਦਰ ਸਾਹਿਬ’ ਪ੍ਰਚਲਤ ਹੋ ਗਿਆ ਹੈ। ਗੁਰਬਾਣੀ ਅੰਦਰ ਮਨੁੱਖਾ ਸਰੀਰ, ਸਾਧਸੰਗਤ ਜਾਂ ਫਿ਼ਰ ਸੰਪੂਰਨ ਰਚਨਾ ਵਾਸਤੇ ‘ਹਰਿਮੰਦਰ’ ਸ਼ਬਦ ਕੁਲ 20 ਵਾਰੀ ਆਇਆ ਹੈ, ਪਰ ਕਿਸੇ ਬਿਲਡਿੰਗ ਵਾਸਤੇ ਕਿੱਧਰੇ ਨਹੀਂ ਆਇਆ।

ਅਸਲ ਵਿਚ ‘ਦਰਬਾਰ ਸਾਹਿਬ’ ਵਾਸਤੇ ਸ਼ਬਦ ‘ਹਰਿਮੰਦਰ’ ਦੀ ਵਰਤੋਂ ਵਿਚ ਵੀ ਬ੍ਰਾਹਮਣੀ ਮਿਲਾਵਟ ਦੀ ਬੂ ਆਉਂਦੀ ਹੈ ਅਤੇ ਪੰਥਕ ਖੋਜ ਦੀ ਮੋਹਤਾਜ ਹੈ। ਉਪਰੰਤ ਮਹਾਰਾਜਾ ਰਣਜੀਤ ਸਿੰਘ ਰਾਹੀਂ ਇਸ ਉਪਰ ਸੋਨੇ ਦਾ ਪੱਤਰਾ ਝੜਾਉਣ ਕਾਰਣ, ਇਸਨੂੰ ‘ਸਵਰਨ ਮੰਦਰ’ ਜਾਂ ‘ਗੋਲਡਨ ਟੈਂਪਲ’ ਵੀ ਕਿਹਾ ਜਾਣ ਲਗਾ। ਸਚਾਈ ਤਾਂ ਇਹ ਹੈ ਕਿ ਇਹ ਸਾਰੇ ਨਾਮ ਇਸਦੇ ਸਿਧਾਂਤਕ ਅਰਥਾਂ ਨਾਲ ਮੇਲ ਨਹੀਂ ਖਾਂਦੇ। ਇਸਦਾ ਅਸਲ ਨਾਮ ‘ਦਰਬਾਰ ਸਾਹਿਬ’ ਹੀ ਹੈ।

 

You may also like these