ਹੋਰ ਤਾਂ ਹੋਰ, ਚੂੰਕਿ ਗੁਰਬਾਣੀ ਰਾਹੀਂ ਪ੍ਰਗਟ ‘ਗੁਰੂ’ ਕਰਤੇ ਦਾ ਹੀ ਆਪਣਾ ਨਿਵੇਕਲਾ ਤੇ ਵਿਸ਼ੇਸ਼ ਗੁਣ ਹੈ, ਇਸ ਲਈ ਪ੍ਰਭੂ ਦਾ ਗੁਣ ਗੁਰੂ, ਪ੍ਰਭੂ ਦੇ ਆਪਣੇ ਹੀ ਦੂਸਰੇ ਬੇਅੰਤ ਤੇ ਅਨੰਤ ਗੁਣਾਂ ਤੋਂ ਭਿੰਨ ਤੇ ਵੱਖਰਾ ਹੈ। ਪ੍ਰਭੂ ਦੇ ਬਾਕੀ ਅਨੰਤ ਗੁਣ ਤਾਂ “ਜਿਤੁ ਜਿਤੁ ਘਰਿ ਰਾਖੈ ਤੈਸਾ ਤਿਨ ਨਾਉ” (ਪੰ: ੨੭੫) ਅਤੇ “ਕਿਰਤਮ ਨਾਮ ਕਥੇ ਤੇਰੇ ਜਿਹਬਾ” (ਪੰ: ੧੦੮੩), ਅਨੁਸਾਰ ਉੇਸ ਲਈ ਘੜੇ ਹੋਏ ਤੇ ਵਿਸ਼ੇਸ਼ਨ ਹੀ ਹਨ। ਜਦਕਿ ਉਸ ਦਾ ‘ਗੁਰੂ’ ਵਾਲਾ ਗੁਣ, ਸਰਬ ਪੱਖੀ ਹੈ। ਉਸ ਪ੍ਰਭੂ ਦੇ ਸਾਰੇ ਗੁਣਾਂ ਨੂੰ ਉਜਾਗਰ ਕਰਣ ਵਾਲਾ ਵੀ ਹੈ।
ਇਸ ਤੋਂ ਇਲਾਵਾ ਅਕਾਲਪੁਰਖ ਦਾ ਇਹ ਗੁਣ ਜਿੱਥੇ ਉਸ ਦਾ ਆਪਣਾ ਗੁਣ ਹੈ ਉਥੇ ਪ੍ਰਭੂ ਦਾ ਇਹੀ ਗੁਣ ਮਨੁੱਖ ਨੂੰ ਪ੍ਰਭੂ ਨਾਲ ਮਿਲਾਉਣ ਤੇ ਉਸ `ਚ ਅਭੇਦ ਕਰਣ ਵਾਲਾ ਵੀ ਹੈ। ਇਸ ਲਈ ਪ੍ਰਭੂ ਦਾ ਇਹ ਵਿਸ਼ੇਸ਼ ਗੁਣ, ਜਿਸ ਨੂੰ ਗੁਰਦੇਵ ਨੇ ਗੁਰੂ ਕਹਿ ਕੇ ਪ੍ਰਗਟ ਕੀਤਾ ਤੇ ਸਿੱਖ ਲਈ ਅਕਾਲਪੁਰਖ ਦਾ ਮਿਲਾਵਾ ਦਸਿਆ ਹੈ, ਉਸ ਗੁਰੂ ਪਦ ਦੀ ਇਲਾਹੀ ਸੀਮਾ, ਖੁਦ ਅਕਾਲਪੁਰਖ ਤੇ ਮਨੁੱਖ ਨੂੰ ਕਰਤੇ `ਚ ਹੀ ਅਭੇਦ ਕਰਣ ਵਾਲੀ, ਸਮ੍ਰਥ ਵੀ ਹੈ।
ਇਸ ਲਈ ਸੈਂਕੜੇ ਵਾਰੀ ਗੁਰਬਾਣੀ `ਚ ਗੁਰਦੇਵ ਰਾਹੀਂ ਅਕਾਲਪੁਖ ਨੂੰ ਵੀ ‘ਗੁਰੂ’, ‘ਸਤਿਗੁਰੂ’, ਸ਼ਬਦ ਗੁਰੂ, ‘ਸਤਿਪੁਰਖੁ’, ‘ਗੁਰਦੇਵ’ ਆਦਿ ਵਿਸ਼ੇਸ਼ਣਾ ਨਾਲ ਬਿਆਣਿਆ ਤੇ ਸੰਬੋਧਣ ਕੀਤਾ ਗਿਆ ਹੈ। ਇਸੇ ਤਰ੍ਹਾਂ ਗੁਰਬਾਣੀ `ਚ ਹੀ ਇਹ ਸਾਰੀ ਸ਼ਬਦਾਵਲੀ ਭਾਵ ‘ਗੁਰੂ’, ਸ਼ਬਦ-ਗੁਰੂ, ‘ਸਤਿਗੁਰੂ’, ‘ਗੁਰਦੇਵ’ ਆਦਿ ਉਸ ਗੁਰੂ ਲਈ ਵੀ ਆਈ ਹੈ, ਜਿਸ ਗੁਰੂ ਨਾਲ ਜੁੜਣ ਤੇ ਜੀਵਨ ਨੂੰ ਸਫ਼ਲ ਕਰਣ ਲਈ, ਸੰਪੂਰਣ ਗੁਰਬਾਣੀ `ਚ ਸਿੱਖ ਨੂੰ ਤਾਕੀਦ ਕੀਤੀ ਗਈ ਹੈ।
ਸਪਸ਼ਟ ਹੋਇਆ ਕਿ ਗੁਰਬਾਣੀ ਅੰਦਰ ‘ਗੁਰੂ’, ‘ਸਤਿਗੁਰੂ’, ਸ਼ਬਦ-ਗੁਰੂ, ‘ਗੁਰਦੇਵ’ ਆਦਿ ਸਾਰੀ ਸ਼ਬਦਾਵਲੀ, ਗੁਰਬਾਣੀ ਰਾਹੀਂ ਸਿੱਖ ਦੇ ਜੀਵਨ ਦੀ ਸਫ਼ਲਤਾ ਲਈ ਪ੍ਰਗਟ ਕੀਤੇ ਗਏ ‘ਗੁਰੂ’ ਪਦ ਲਈ ਵੀ ਹੈ। ਇਸ ਦੇ ਨਾਲ ਇਹ ਸਾਰੀ ਸ਼ਬਦਾਵਲੀ ਅਕਾਲਪੁਰਖ ਲਈ ਵੀ ਹੈ, ਜਿਸ ਦੀ ਪਹਿਚਾਣ ਕੇਵਲ ਪ੍ਰਕਰਣ ਅਨੁਸਾਰ ਹੀ ਹੋਣੀ ਹੈ।