Punjve’n Patshah Guru Arjan Sahib Ji – Part – 23 – 7-7-26

(ੲ) ਗੁਰਬਾਣੀ ਆਧਾਰਤ ‘ਗੁਰੂ’ ਦਾ ਸੰਸਾਰ `ਚ ਪ੍ਰਗਟਾਵਾ ਕਿਵੇਂ ਹੋਣਾ ਹੈ? – ਜਦੋਂ ਇਲਾਹੀ ਗੁਰੂ (ਆਤਮਕ ਗਿਆਨ, ਵਿਵੇਕ ਬੁਧ) ਦਾ ਸਬੰਧ ਹੀ ਮਨੁੱਖਾ ਜਨਮ ਦੀ ਸੰਭਾਲ ਤੇ ਸਫ਼ਲਤਾ ਨਾਲ ਹੈ। ਸਪਸ਼ਟ ਹੈ ਕਿ ਇਸ ਦੇ ਪ੍ਰਗਟਾਵੇ ਲਈ ਅਕਾਲਪੁਰਖ ਵੀ ਕੋਈ ਨਾ ਕੋਈ ਅਜਿਹਾ ਢੰਗ ਹੀ ਬਨਾਵੇਗਾ ਜਿਸ ਤੋਂ ਇਹ ਆਤਮਕ ਅਥਵਾ ਗੁਰੂ ਗਿਆਨ, ਮਨੁੱਖ ਦੀ ਜੀਵਨ ਜਾਚ ਬਣ ਸਕੇ। ਦਰਅਸਲ ਇਥੇ ਇਸੇ ਸਬੰਧ `ਚ ਕੇਵਲ ਕੁੱਝ ਨੁਕਤਿਆਂ `ਤੇ ਹੀ ਗੱਲ ਕਰਾਂਗੇ ਤਾ ਕਿ ਵਿਸ਼ਾ ਸਮਝ `ਚ ਆ ਸਕੇ।

ਵਿਚਾਰਿਆ ਜਾਵੇ ਤਾਂ ਮਨੁੱਖਾ ਜੂਨ `ਚ, ਗੁਰਬਾਣੀ ਰਾਹੀਂ ਪ੍ਰਗਟ ਅਜਿਹੇ ਗੁਰੂ ਦੇ ਪ੍ਰਗਟਾਵੇ ਲਈ ਆਦਿ ਤੋਂ ਅੰਤ ਤੱਕ ਜੋ ਢੰਗ ਬਿਆਣਿਆ ਹੈ ਉਹ ਹੈ ਸਾਧਸੰਗਤ। ਉਪ੍ਰੰਤ ਇਥੇ ਇਹ ਵੀ ਧਿਆਣ ਰਹੇ ਕਿ ਗੁਰਬਾਣੀ `ਚ ਸਾਧਸੰਗਤ ਦੇ ਅਰਥ ਵੀ ਇਕੋ ਤੇ ਵਿਸ਼ੇਸ਼ ਹਨ ਤੇ ਅਰਥ ਹਨ ਸਤਸੰਗਤਿ ਕੈਸੀ ਜਾਣੀਐ॥ ਜਿਥੈ ਏਕੋ ਨਾਮੁ ਵਖਾਣੀਐ॥ ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ” (ਪੰ: ੭੨) ਭਾਵ ਗੁਰਬਾਣੀ ਅਨੁਸਾਰ ਸਾਧਸੰਗਤ ਕੇਵਲ ਉਸੇ ਇਕੱਠ ਨੂੰ ਕਿਹਾ ਹੈ ਜਿੱਥੇ ਕੇਵਲ ਤੇ ਕੇਵਲ ਇੱਕ ਕਰਤੇ ਅਕਾਲਪੁਰਖ ਦੀਆਂ ਬਾਤਾਂ ਤੇ ਵਿਚਾਰਾਂ ਹੋਣ। ਇਸ ਦੇ ਉਲਟ, ਉਥੇ ਜੇਕਰ ਇੱਕ ਅਕਾਲਪੁਰਖ ਦੀ ਬਜਾਏ ਕਿਰਤਮ ਦੀ ਅਰਚਾ-ਪੂਜਾ ਜਾਂ ਕਿਸੇ ਹੋਰ ਵਿਸ਼ੇ `ਤੇ ਬਾਤਾਂ ਹੋ ਰਹੀਆਂ ਹੋਣ ਤਾਂ ਉਸ ਇਕੱਠ ਨੂੰ ਗੁਰਬਾਣੀ ਨੇ ‘ਸਾਧ ਸੰਗਤ’ ਨਹੀਂ ਮੰਨਿਆ।

ਇਸ ਤਰ੍ਹਾਂ ਗੁਰਬਾਣੀ ਨੇ ਹਰੇਕ ਇਕੱਠ ਜਾਂ ਭੀੜ ਨੂੰ ਸਾਧਸੰਗਤ ਕਰਕੇ ਪ੍ਰਵਾਣ ਨਹੀਂ ਕੀਤਾ; ਫ਼ਿਰ ਉਹ ਭੀੜ ਚਾਹੇ ਵੱਡੀ ਹੋਵੇ ਜਾਂ ਛੋਟੀ। ਹਾਂ ਕਿਸੇ ਇਕੱਠ `ਚ ਜੇਕਰ ਵਿਚਾਰਾਂ ਦਾ ਮੂਲ ਕੇਵਲ ਕਰਤੇ ਦੀਆਂ ਬਾਤਾਂ ਹੀ ਹਨ ਤਾਂ ਗੁਰਮਤਿ ਅਨੁਸਾਰ “ਇਕ ਸਿਖ ਦੁਇ ਸਾਧ ਸੰਗ” (ਭਾ: ਗੁ: ੧੩/੧੯) ਭਾਵ ਫ਼ਿਰ ਭਾਵੇਂ ਉਥੇ ਦੋ ਹੀ ਸੱਜਨ ਕਿਉਂ ਨਾ ਹੋਣ, ਤਾਂ ਵੀ ਉਹ ਸਾਧਸੰਗਤ ਹੀ ਹੈ। ਕਿਉਂਕਿ ਉਸ ਵੇਲੇ ਦੋਨਾਂ ਦੇ ਜੀਵਨ ਅੰਦਰੋਂ ਗੁਰੂ-ਗਿਆਨ, ਆਤਮਕ ਗਿਆਨ ਅਥਵਾ ਇਲਾਹੀ ਗੁਰੂ ਦਾ ਹੀ ਪ੍ਰਗਟਾਵਾ ਹੋ ਰਿਹਾ ਹੁੰਦਾ ਹੈ, ਕੱਚੀਆਂ ਬਾਤਾਂ ਨਹੀਂ।

You may also like these