“ਸਭ ਮਹਿ ਰਹਿਆ ਸਮਾਇ” –ਗੁਰਬਾਣੀ ਅਨੁਸਾਰ “ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨ ਜਾਇ॥ ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ” (ਪੰ: ੭੫੯) ਭਾਵ ਅਜਿਹੇ ‘ਗੁਰਬਾਣੀ ਗੁਰੂ’, ‘ਆਤਮਕ ਗਿਆਨ’, ‘ਗੁਰੂ ਕੀ ਮੱਤ ਦਾ ਵਾਸਾ’ ਵੀ ਹਰੇਕ ਮਨੁੱਖ ਦੇ ਅੰਦਰ ਹੀ ਹੁੰਦਾ ਹੈ। ਇਸ ਲਈ ਉਸ ਗੁਰੂ ਨੇ ਪ੍ਰਗਟ ਵੀ ਮਨੁੱਖਾ ਜੀਵਨ ਅੰਦਰੋਂ ਹੀ ਹੋਣਾ ਹੁੰਦਾ ਹੈ। ਮਨੁੱਖ ਨੇ ਉਸ ਗੁਰੂ ਨੂੰ ਕਿਧਰੋਂ, ਬਾਹਰੋਂ ਨਹੀਂ ਲਿਆਉਣਾ ਹੁੰਦਾ। ਅਰੰਭਕ ਮੰਗਲਾਚਰਣ `ਚ ‘ਗੁਰਪ੍ਰਸਾਦਿ’ ਦਾ ਅਰਥ ਵੀ ਇਹੀ ਹੈ ਕਿ ੴ ਭਾਵ ਅਕਾਲਪੁਰਖ ਆਪ ਹੀ ਜਗਿਆਸੂ ਦੇ ਜੀਵਨ ਅੰਦਰੋਂ ‘ਗੁਰਪ੍ਰਸਾਦਿ’ ਭਾਵ ਗੁਰੂ ਰੂਪ ਹੋ ਕੇ ਪ੍ਰਗਟ ਹੁੰਦਾ ਹੈ। ਸੁਆਲ ਤਾਂ ਇਹ ਹੈ ਕਿ ਸੰਸਾਰ ਭਰ ਦੇ ਉਸ ਇਕੋ ਇੱਕ ਗੁਰੂ ਨੇ ਜਗਿਆਸੂ ਦੇ ਜੀਵਨ ਅੰਦਰੋਂ ਪ੍ਰਗਟ ਕਿਵੇਂ ਹੋਣਾ ਹੈ?
ਦਰਅਸਲ ਇਸੇ ਵਿਸ਼ੇ ਨੂੰ ਸੰਪੂਰਣ ਗੁਰਬਾਣੀ ਰਾਹੀਂ ਬੜਾ ਸਪਸ਼ਟ ਕਰਕੇ ਸਮਝਾਇਆ ਗਿਆ ਹੈ। ਗੁਰਬਾਣੀ `ਚ ਇਸ ਬਾਰੇ ਅਣਗਿਣਤ ਵਾਰ ਦੱਸਿਆ ਹੈ ਕਿ ਜੀਵਨ ਅੰਦਰੋਂ ਇਸ ਗੁਰੂ ਨੂੰ ਸਾਧਸੰਗਤ ਨਾਲ ਮਿਲ ਕੇ ਹੀ ਆਪਣੇ ਅੰਦਰੋ ਪ੍ਰਗਟ ਕਰਣਾ ਹੁੰਦਾ ਹੈ। ਇਸ ‘ਗੁਰੂ’ ਦਾ ਸਬੰਧ ਹੀ ਚੂੰਕਿ ਮਨੁੱਖਾ ਜੂਨ ਨਾਲ ਹੈ (ਬਾਕੀ ਕਿਸੇ ਜੂਨ ਨਾਲ ਨਹੀਂ)। ਇਸ ਲਈ ਪ੍ਰਭੂ ਵੱਲੋਂ ਇਸ ਦਾ ਵਾਸਾ ਵੀ “ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿਖ ਸੁਣੀ” (ਬਾਣੀ ਜਪੁ) ਜਾਂ “ਸਭ ਮਹਿ ਰਹਿਆ ਸਮਾਇ” (ਪੰ: ੭੫੯) ਹੀ ਹੈ। ਇਸੇ ਲਈ ਇਸ ਗੁਰੂ ਅਥਵਾ ਗੁਰੂ ਕੀ ਮੱਤ ਨੂੰ ਲੈਣ ਲਈ ਗੁਰਦੇਵ ਨੇ ਜਗਿਆਸੂ ਨੂੰ ਇਥੋਂ ਤੱਕ ਚੇਤਾਇਆ ਤੇ ਦ੍ਰਿੜ ਕਰਵਾਇਆ ਹੈ ਕਿ “ਗੁਰ ਕੀ ਮਤਿ ਤੂੰ ਲੇਹਿ ਇਆਨੇ॥ ਭਗਤਿ ਬਿਨਾ ਬਹੁ ਡੂਬੇ ਸਿਆਨੇ॥ ਹਰਿ ਕੀ ਭਗਤਿ ਕਰਹੁ ਮਨ ਮੀਤ॥ ਨਿਰਮਲ ਹੋਇ ਤੁਮਾੑਰੋ ਚੀਤ” (ਪੰ: ੨੮੮)। ਜੇ ਨਹੀਂ ਤਾਂ ਭਗਤਿ “ਭਗਤਿ ਬਿਨਾ ਬਹੁ ਡੂਬੇ ਸਿਆਨੇ” ਵਾਲੀ ਗੱਲ ਹੀ ਰਹਿ ਜਾਵੇਗੀ ਤੇ ਤੂੰ ਆਪਣੇ ਅਮੁਲੇ-ਦੁਰਲਭ ਮਨੁੱਖਾ ਜਨਮ ਨੂੰ ਬਿਰਥਾ ਕਰਕੇ ਫ਼ਿਰ ਤੋਂ ਜੂਨਾਂ-ਜਨਮਾਂ ਦੇ ਗੇੜ੍ਹ `ਚ ਹੀ ਪਵੇਂਗਾ। ਉਸ ਮਨਮੁਖ ਲਈ ਤਾਂ ਕਬੀਰ ਸਾਹਿਬ ਇਥੋਂ ਤੱਕ ਫ਼ੁਰਮਾਅ ਰਹੇ ਹਨ। ਫ਼ੁਰਮਾਨ ਹੈ “ਕਬੀਰ ਸਾਚਾ ਸਤਿਗੁਰੁ ਕਿਆ ਕਰੈ ਜਉ ਸਿਖਾ ਮਹਿ ਚੂਕ॥ ਅੰਧੇ ਏਕ ਨ ਲਾਗਈ ਜਿਉ ਬਾਂਸੁ ਬਜਾਈਐ ਫੂਕ” (ਪੰ: ੧੩੭੨)