“ਦੇ ਲੰਮੀ ਨਦਰਿ ਨਿਹਾਲੀਐ” –ਗੁਰਦੇਵ ਸੇਧ ਦਿੰਦੇ ਹਨ “ਹੁਕਮੁ ਮੰਨੇ ਸੋ ਜਨੁ ਪਰਵਾਣੁ॥ ਗੁਰ ਕੈ ਸਬਦਿ ਨਾਮਿ ਨੀਸਾਣੁ” (ਪੰ: ੧੧੭੫) ਨਹੀਂ ਤਾਂ “ਮਨਮੁਖ ਅੰਧੇ ਠਉਰ ਨ ਪਾਈ॥ ਬਿਸਟਾ ਕਾ ਕੀੜਾ ਬਿਸਟਾ ਮਾਹਿ ਸਮਾਈ” (ਉਹੀ) ਇਸ ਲਈ ਜ਼ਰੂਰੀ ਹੈ ਕਿ ਪ੍ਰਭੂ ਦੀ ਬਖਸ਼ਿਸ਼ ਨਾਲ ਇਹ ਮਨੁੱਖਾ ਜਨਮ ਮਿਲਣ ਤੋਂ ਬਾਅਦ “ਇਤੁ ਮਾਰਗਿ ਚਲੇ ਭਾਈਅੜੇ, ਗੁਰੁ ਕਹੈ ਸੁ ਕਾਰ ਕਮਾਇ ਜੀਉ॥ ਤਿਆਗੇਂ ਮਨ ਕੀ ਮਤੜੀ, ਵਿਸਾਰੇਂ ਦੂਜਾ ਭਾਉ ਜੀਉ” (ਪੰ: ੭੬੩) ਇਸੇ ਦਾ ਨਤੀਜਾ ਹੋਵੇਗਾ “ਇਉ ਪਾਵਹਿ ਹਰਿ ਦਰਸਾਵੜਾ, ਨਹ ਲਗੈ ਤਤੀ ਵਾਉ ਜੀਉ” (ਉਹੀ)। ਇਸੇ ਲਈ ਗੁਰਬਾਣੀ ਦਾ ਆਦੇਸ਼ ਹੈ “ਦੇ ਲੰਮੀ ਨਦਰਿ ਨਿਹਾਲੀਐ” (ਪੰ: ੪੭੨) ਐ ਭਾਈ! ਅਮੁਲੇ ਸੁਆਸਾਂ ਨੂੰ ਜ਼ਾਇਆ ਨਾ ਕਰ ਤੇ ਜਾਗ ਕੇ ਚਲ ਤਾ ਕਿ ਤੇਰਾ ਜਨਮ ਅਜ਼ਾਈਂ ਨਾ ਜਾਵੇ। ਇਥੇ ਪਹਿਲਾਂ ਤੋਂ ਬਣੇ ਪਿਛਲੇ ਜਨਮਾਂ-ਕਰਮਾਂ-ਸੰਸਕਾਰਾਂ ਦੀ ਗੱਲ ਨਹੀਂ ਹੋ ਰਹੀ, ਨਹੀਂ ਤਾਂ “ਦੇ ਲੰਮੀ ਨਦਰਿ ਨਿਹਾਲੀਐ” (ਪੰ: ੪੭੨) ਦਾ ਮਤਲਬ ਹੀ ਮੁੱਕ ਜਾਂਦਾ। ਦੇਖਣਾ ਹੈ ਕਿ ਮਨੁੱਖ ਉਹੀ ਹੈ, ਇੱਕ ਪਾਸੇ ਗੁਰੂ-ਗੁਰਬਾਣੀ ਦੀ ਅਗਿਆ `ਚ ਚਲ ਕੇ ਪ੍ਰਭੂ ਦਰ `ਤੇ “ਜਨੁ ਪਰਵਾਣੁ”, ‘ਗੁਰਮੁਖ’, ‘ਵਡਭਾਗੀ’ ਹੋ ਜਾਂਦਾ ਹੈ। ਦੂਜੇ ਪਾਸੇ ਉਹੀ ਮਨੁੱਖ ਮਨਮਤੀਆ ਰਹਿ ਕੇ “ਬਿਸਟਾ ਕਾ ਕੀੜਾ, ਬਿਸਟਾ ਮਾਹਿ ਸਮਾਈ”, ਵਿਕਾਰਾਂ ਮੋਹ ਮਾਇਆ ਦੀ ਗੰਦਗੀ `ਚ ਡੁਬਿਆ ‘ਮਨਮੁਖ’ – ‘ਭਾਗਹੀਣ’ – ‘ਕਰਮਹੀਣ’ ਬਣ ਗਿਆ।
ਦੋਨਾਂ ਨੇ ਆਪਣੇ ਆਪਣੇ ਜੀਵਨ ਤਾਂ ਜੀਅ ਲਏ, ਪਰ ਇੱਕ ਨੇ ‘ਗੁਰਮੁਖ’ ਵਾਲਾ ਤੇ ਦੂਜੇ ਨੇ ‘ਮਨਮੁਖ’ ਵਾਲਾ। ਇੱਕ ‘ਵਡਭਾਗੀ’ ਹੋ ਗਿਆ, ਜਿਸਨੇ ਗੁਰੂ ਦੀ ‘ਨਦਰਿ ਕਰਮ’ – ‘ਬਖਸ਼ਿਸ਼’ ਨੂੰ ਪ੍ਰਾਪਤ ਕਰ ਲਿਆ ਜਦਕਿ ਦੂਜਾ ‘ਭਾਗਹੀਣ’ ਰਿਹਾ। ਇਸੇ ਪ੍ਰਾਪਤ ਹੋਣ ਵਾਲੀ ਅਵਸਥਾ ਲਈ ਗੁਰਬਾਣੀ `ਚ ਸ਼ਬਦਾਵਲੀ ‘ਭਾਗਠ, ਮਸਤਕਿ ਭਾਗ ਸਭਾਗੇ, ਭਾਗ ਮਥੋਰੀ, ਵਡਭਾਗੀ’ ਅਦਿ ਤੇ ਇਸਦੇ ਉਲਟ ‘ਭਾਗਹੀਣ’, ‘ਕਰਮਹੀਣ’ ਆਦਿ ਆਏ ਹਨ। ਮਤਲਬ, ਗੁਰਬਾਣੀ ਦੀ ਇਸ ਸ਼ਬਦਾਵਲੀ ਨਾਲ ਮਨੁੱਖ ਦੇ ਪਿਛਲੇ ਜਨਮਾਂ-ਕਰਮਾਂ-ਸੰਸਕਾਰਾਂ ਦਾ ਕੋਈ ਸੰਬੰਧ ਨਹੀਂ। ਇਸੇ ‘ਵਡਭਾਗੀ’ ਵਾਲੇ ਮਕਸਦ ਦੀ ਪ੍ਰਾਪਤੀ ਲਈ ਤਾਂ ਪ੍ਰਭੂ ਨੇ ਸਾਨੂੰ ਮਨੁੱਖ ਦਾ ਜਨਮ ਬਖਸ਼ਿਆ ਹੈ ਅਤੇ ਇਸ ਜਨਮ `ਚ “ਨਦਰੀ ਮੋਖੁ ਦੁਆਰੁ” ਭਾਵ ਕਰਤਾਰ ਦੀ ਬਖਸ਼ਿਸ਼ ਨੂੰ ਹਾਸਲ ਕਰਣਾ ਹੈ। ਇਹੀ ਹੈ ਮਕਸਦ ਮਨੁੱਖਾ ਜਨਮ ਦਾ ਅਤੇ ਮਕਸਦ ਦੀ ਪ੍ਰਾਪਤੀ ਲਈ ਮਨੁੱਖ ਨੂੰ ‘ਮਨ’ ਵੀ ਮਿਲਿਆ ਹੈ ਜਿਹੜਾ ਕਿ ਹੋਰ ਕਿਸੇ ਜੂਨੀ `ਚ ਨਹੀਂ ਮਿਲਿਆ।