Bala Pritam Sahib Sri Guru Harkrishan Sahib Ji – Part-2 – 4-8-26

ਰਾਜ ਦਰਬਾਰ ਅਤੇ ਗੁਰੂ ਦਰਬਾਰ- ਜਿੱਥੇ ਰੋਸ਼ਨੀ ਹੋਵੇ ਉਥੇ ਹਨੇਰਾ ਨਹੀਂ ਟਿੱਕਦਾ। ਸੱਚ ਕੋਲੋਂ ਝੂਠ ਨੂੰ ਸਦਾ ਡੱਰ ਹੀ ਲਗਦਾ ਹੈ। ਗੁਰੂ ਨਾਨਕ ਪਾਤਸ਼ਾਹ ਰਾਹੀਂ ‘ਸੱਚ ਧਰਮ’ ਦੇ ਪ੍ਰਕਾਸ਼ ਤੋਂ ਜਿੱਥੇ ਆਮ ਮਨੁੱਖ ਨੇ ਸੁੱਖ ਦਾ ਸਾਹ ਲਿਆ ਸੀ, ਉਥੇ ਨਾਲ ਹੀ ਧਰਮ ਦੇ ਨਾਂ ਹੇਠ ਚਿਰਾਂ ਤੋਂ ਫੈਲਾਏ ਜਾ ਰਹੇ ਝੂਠ, ਫਰੇਬ, ਢੋਂਗ, ਲੋਕਾਂ ਨਾਲ ਹੋ ਰਹੀ ਲੁੱਟ ਖੋਹ ਅਤੇ ਜ਼ੁਲਮ ਨੰਗੇ ਹੋ ਰਹੇ ਸਨ। ਇਹ ਚੀਜ਼ ਪ੍ਰਗਟ ਹੁੰਦੀ ਜਾ ਰਹੀ ਸੀ ਕਿ ਧਰਮ ਕੀ ਹੈ ‘ਤੇ ਧਰਮ ਦੇ ਨਾਂ ਤੇ ਪਾਖੰਡ ਕੀ ਹੁੰਦਾ ਹੈ?

ਆਮ ਤੌਰ ਤੇ ਰਾਜਸ਼ਾਹੀ ਨੂੰ ਵੀ ਧਰਮ ਕਦੇ ਚੰਗਾ ਨਹੀਂ ਲਗਦਾ। ਸੱਚਮੁੱਚ ਜੇਕਰ ਰਾਜ ਸੱਤਾ-ਸੱਚ ਧਰਮ ਦੇ ਆਸਰੇ ਚਲੇ ਤਾਂ ਲੋਕਾਂ ਨੂੰ ਫਰਜ਼ੀ ਸੁਰਗਾਂ-ਬਹਿਸ਼ਤਾਂ ਦੇ ਸੁਪਨੇ ਲੈਣੇ ਹੀ ਨਾ ਪੈਣ। ਪਰ ਸੱਚਾਈ ਇਸ ਦੇ ਉਲਟ ਹੈ; ਕਾਰਣ-ਰਾਜਸੀ ਵਸੀਲਿਆਂ ਆਸਰੇ ਵੱਧ ਤੋਂ ਵੱਧ ਪ੍ਰਾਪਤ ਤਾਕਤ, ਧੰਨ ਪਦਾਰਥ ਇਕੱਠੇ ਕਰਨ ਦੀ ਹੱਵਸ ਮਨੁੱਖ ਨੂੰ ਅੰਨ੍ਹਾ ਅਤੇ ਜ਼ਾਲਮ ਬਣਾ ਦੇਂਦੀ ਹੈ। ਇਨ੍ਹਾਂ ਰਾਜਸੀ ਲੋਕਾਂ ਅੰਦਰ ਫੋਕਟ-ਦਿਖਾਵੇ, ਵੱਧ ਚੁੱਕੀ ਮਨ ਪ੍ਰਚਾਵੇ ਦੀ ਭੁੱਖ ਇਨ੍ਹਾਂ ਦੀ ਇਸ ਹੱਵਸ ਨੂੰ ਘਟਾਂਦੀ ਨਹੀਂ ਬਲਕਿ ਕਈ ਗੁਣਾ ਵੱਧਾਂਦੀ ਹੈ। ਇਹੀ ਕਾਰਣ ਹੈ ਕਿ ਅਜੇਹੇ ਲੋਕਾਂ ਨੂੰ ਵੀ ਗੁਰੂਦਰਬਾਰ ਹਮੇਸ਼ਾਂ ਹੀ ਹਊਆ ਨਜ਼ਰ ਆਉਂਦਾ ਸੀ। ਸਮੇਂ-ਸਮੇਂ ਨਾਲ ਪੈਦਾ ਹੋਏ ਰਾਜ ਸੱਤਾ ‘ਚ ਬੈਠੇ ਅਜੇਹੀ ਹਵੱਸ ਭਰਭੂਰ ਬਿਰਤੀ ਵਾਲੇ ਅਨਸਰਾਂ ਨੂੰ ਪਹਿਲੇ ਜਾਮੇਂ ਤੋਂ ਹੀ ਸੱਚ ਦਾ ਪ੍ਰਕਾਸ਼ ਕਦੇ ਨਹੀਂ ਸੀ ਭਾਉਂਦਾ। ਅਜੇਹੇ ਅਨਸਰ ਸਦਾ ਤੋਂ ਹੀ ਗੁਰੂਦਰਬਾਰ ਨਾਲ ਖੰੁਦਕਾਂ ਕੱਢਦੇ ਆ ਰਹੇ ਸਨ।

ਪੰਜਵੇਂ ਜਾਮੇਂ ਤੀਕ ਇਹ ਚੰਡਾਲ ਚੌਂਕੜੀ ਅਪਣੀ ਚਰਮ ਸੀਮਾਂ ਤੇ ਪੁੱਜਕੇ, ਲਾਮਬੰਦ ਵੀ ਹੋ ਚੁੱਕੀ ਸੀ। ਇਸੇ ਦਾ ਨਤੀਜਾ ਸੀ ਪੰਜਵੇਂ ਪਾਤਸ਼ਾਹ ਦੀ ਤਸੀਹੇ ਭਰਭੂਰ ਸ਼ਹਾਦਤ। ਅਜੇਹੀਆਂ ਨੀਚ ਬੁੱਧੀ ਸ਼ਕਤੀਆਂ, ਤੇਜ਼ੀ ਨਾਲ ਫੈਲ ਰਹੇ ਸਿੱਖੀ ਦੇ ਪ੍ਰਕਾਸ਼ ਦਾ ਬੀਜ ਨਾਸ ਹੁੰਦਾ ਦੇਖਣਾ ਚਾਹੰੁਦੀਆਂ ਸਨ ਅਤੇ ਨਾਲ ਹੀ ਇਨ੍ਹਾਂ ਦੀ ਕੋਸਿ਼ਸ਼ ਰਹੀ ਸੀ, ਆਦਿ ਬੀੜ ਦੀ ਸੰਪਾਦਨਾਂ ਸਮੇਂ ਰੋਕਾਂ ਪਾਉਣੀਆ।

ਉਨ੍ਹਾਂ ਦੀਆਂ ਇਹ ਘਿਨਾਉਣੀਆਂ ਹਰਕਤਾਂ ਨਾ ਕਦੇ ਸਿਰੇ ਚੜ੍ਹ ਸਕਦੀਆਂ ਸਨ ਅਤੇ ਨਾ ਹੀ ਚੜ੍ਹ ਸਕੀਆਂ। ਬਲਕਿ ਇਸ ਸਾਰੇ ਦਾ ਉਲਟਾ ਅਸਰ ਹੋਇਆ। ਗੁਰੂ ਪਾਤਸ਼ਾਹ ਰਾਹੀਂ ਦਿੱਤਾ ਜਾ ਰਿਹਾ, ਸੱਚ ਦਾ ਸੁਨੇਹਾ ਤਾਂ ਧੁਰ ਦਾ ਪ੍ਰੋਗਰਾਮ ਸੀ। ਇਸ ਵਾਧੇ ‘ਚ ਤਾ ਅਕਾਲ ਪੁਰਖੁ ਦੀ ਅਪਣੀ ਬਖਸਿ਼ਸ਼ ਵੀ ਸ਼ਾਮਲ ਸੀ। ਲੋਕਾਈ ਤਾਂ ਇਸ ਜੀਵਨ ਜਾਚ ਨੂੰ ਦਿਨ ਦੀਵੀਂ ਅਪਣਾ ਕੇ ਇਸ ਦੀ ਠੰਡਕ ਮਾਣ ਰਹੀ ਸੀ, ਇਸੇ ਦਾ ਨਤੀਜਾ ਰਿਹਾ ਕਿ ਵਿਰੋਧੀਆਂ ਨੂੰ ਹਮੇਸ਼ਾਂ ਮੂੰਹ ਦੀ ਹੀ ਖਾਣੀ ਪੈਂਦੀ।

You may also like these