ਜੋਤੀ ਜੋਤ ਅਤੇ ਗੁਰਗੱਦੀ ਸੌਪਣਾ-
ਰੱਬ ਦੀ ਕਰਨੀ, ਉਨ੍ਹੀ ਦਿਨੀ ਦਿੱਲੀ ‘ਚ ਭਾਰੀ ਚੇਚਕ ਫੁੱਟ ਪਈ। ਗੁਰਦੇਵ ਅਪ ਦੁਖੀ ਲੋਕਾਂ ਕੋਲ ਘਰ-ਘਰ ਪੁੱਜੇ ਅਤੇ ਦੱਸਵੰਧ ਦੀ ਸਾਰੀ ਮਾਇਆ ਵੀ ਲੋਕਾਈ ਦੀ ਸੇਵਾ ‘ਚ ਲਾ ਦਿੱਤੀ। ਇਸ ਦੇ ਲਈ ਬੇਅੰਤ ਸੰਗਤਾਂ ਵੀ ਆਪ ਦੇ ਨਾਲ ਸਨ। ਚੇਚਕ ਛੂਤ ਦੀ ਬਿਮਾਰੀ ਹੈ, ਬਾਲਕ ਸਰੀਰ ਉਪਰ ਇਸਦਾ ਮਾਰੂ ਅਸਰ ਹੰੁਦਾ ਹੈ। ਪਾਤਸ਼ਾਹ ਨੇ ਸੇੇਵਾ ਦੋਹਰਾਨ ਇਸ ਗਲ ਦੀ ਵੀ ਉੱਕਾ ਪ੍ਰਵਾਹ ਨਹੀਂ ਕੀਤੀ। ਕੁਝ ਇਤਿਹਾਸਕਾਰਾਂ ਅਨੁਸਾਰ ਅਚਾਨਕ ਇਕ ਦਿਨ ਪਾਤਸ਼ਾਹ ਨੂੰ ਬੁਖਾਰ ਚੜ੍ਹ ਗਿਆ ਅਤੇ ਬੁਖਾਰ ਦੀ ਤੇਜ਼ੀ, ਚੇਚਕ ‘ਚ ਬਦਲ ਗਈ। ਮਾਤਾ ਜੀ ਅਤੇ ਸੰਗਤਾ ‘ਚ ਘੱਬਰਾਹਟ ਹੋਈ ਪਰ ਪਾਤਸ਼ਾਹ ਨੇ ਸਭ ਨੂੰ ਧੀਰਜ ਦਿੱਤਾ। ਗੁਰਦੇਵ ਨੇ ਹੁਕਮ ਕੀਤਾ ‘ਬਾਬਾ ਬਕਾਲੇ’। ਇਨਾਂ ਅਰਥ ਭਰਪੂਰ ਸ਼ਬਦਾਂ ‘ਚ ਕੋਈ ਵੱਡਾ ਭੇਦ ਸੀ। ਹੋ ਸਕਦਾ ਹੈ ਪਾਤਸ਼ਾਹ ਸੰਗਤਾਂ ਦੀ ਪਰਖ ਕਰ ਰਹੇ ਸਨ ਜਾਂ ਇਹ ਵੀ ਹੋ ਸਕਦਾ ਹੈ ਕਿ ਹਕੂਮਤ ਨੂੰ ਟੱਪਲਾ ਦੇ ਕੇ ਹਕੂਮਤ ਅਤੇ ਗੁਰੂਦਰਬਾਰ ਵਿੱਚਕਾਰ ਕੁਝ ਸਮੇਂ ਲਈ ਵਿੱਥ ਪਾਉਣੀ ਚਾਹੰੁਦੇ ਸਨ, ਜਾਂ ਦੋਵੇਂ ਕਾਰਣ ਸਨ। ਪਰ ਇਹ ਇਤਿਹਾਸਕ ਸੱਚਾਈ ਹੈ ਕਿ ਪਹਿਲੀ ਅਪ੍ਰੈਲ ਸੰਨ 1664 ਤੋਂ ਲੈਕੇ ਅਗਸਤ 1664 ਤੀਕ ਲਗਾਤਾਰ ਪੰਜ ਮਹੀਨੇ, ਭੁਲੇਖਾ ਕਾਇਮ ਰਿਹਾ। ਅੰਤ ਨੌਵੇਂ ਪਾਤਸ਼ਾਹ ਨੇ ਭਾਈ ਮੱਖਨ ਸ਼ਾਹ ਨੂੰ ਮਾਣ ਬਖਸ਼ਕੇ ਅਪਣੇ ਆਪ ਨੂੰ ਪ੍ਰਗਟ ਕੀਤਾ।
ਸਸਕਾਰ ਬਾਲਾ ਸਾਹਿਬ ਦਿੱਲੀ ਵਿਖੇ-
ਕੁੱਝ ਇਤਿਹਾਸਕਾਰਾਂ ਅਨੁਸਾਰ ਇਹ ਆਪ ਦਾ ਹੀ ਹੁਕਮ ਸੀ ਕਿ ਸਾਡੇ ਸਰੀਰ ਤਿਆਗਣ ਦਾ ਭੇਤ, ਸਸਕਾਰ ਤੋਂ ਬਾਦ ਹੀ ਖੋਲਿਆ ਜਾਵੇ ਅਤੇ ਸਸਕਾਰ ਦੁਰੇਡੀ ਜਗ੍ਹਾ ਤੇ ਲਿਜਾ ਕੇ ਕੀਤਾ ਜਾਵੇ। ਇਹੀ ਕਾਰਣ ਹੈ ਕਿ ਆਪ ਦਾ ਸਸਕਾਰ ਮੌਜੂਦਾ ਗੁਰਦੁਆਰਾ ਬਾਲਾ ਸਾਹਿਬ ਦਿੱਲੀ ਦੇ ਸਥਾਨ ਤੇ ਹੋਇਆ। ਉਸ ਸਮੇਂ ਦੇ ਹਿਸਾਬ ਨਾਲ ਇਹ ਸਥਾਨ ਦਿਲੀ ਤੋਂ ਕਾਫ਼ੀ ਬਾਹਿਰ ਦੇ ਪਿੰਡਾਂ ‘ਚ ਆਉਂਦਾ ਸੀ। ਇਹ ਵੀ ਹੋ ਸਕਦਾ ਹੈ ਕਿ ਇਸ ਬਾਰੇ ਉਸ ਵੱਕਤ, ਗੁਰੂ ਕੀਆਂ ਸੰਗਤਾ ਦਾ ਆਪਣਾ ਫ਼ੈਸਲਾ ਹੋਵੇ ਕਿਉਂਕਿ ਔਰੰਗਜ਼ੇਬ ਪਾਤਸ਼ਾਹ ਦੇ ਦਰਸ਼ਨਾਂ ਲਈ ਸਾਰੇ ਪਾਪੜ ਵੇਲ ਰਿਹਾ ਸੀ ਅਤੇ ਸੰਗਤਾਂ ਵੀ ਪਾਤਸ਼ਾਹ ਦੇ ਸਰੀਰ ਨੂੰ ਵੀ ਉਸ ਤੋਂ ਅੱਡ ਰੱਖਣਾ ਚਾਹੰੁਦੀਆ ਹੋਣ। ਕੁਝ ਇਤਿਹਾਸਕਾਰਾਂ ਦਾ ਮੱਤ ਇਹ ਵੀ ਹੈ ਕਿ ਆਪ ਨੇ ਸਰੀਰ ਤਿਆਗਿਆ ਹੀ ਬਾਲਾ ਸਾਹਿਬ ਦੇ ਸਥਾਨ ਤੇ ਸੀ।
ਇਸੇ ਤਰ੍ਹਾਂ ਅੱਠਵੇਂ ਨਾਨਕ ਨੂੰ ਚੇਚਕ ਨਿਕਲੀ ਵੀ ਜਾਂ ਕਿ ਨਹੀਂ ਜਾਂ ਫਿ਼ਰ ਵੈਸੇ ਹੀ ਪਾਤਸ਼ਾਹ ਦਾ ‘ਜੋਤੀ ਜੋਤ’ ਦਾ ਸਮਾਉਣ ਦਾ ਸਮਾਂ ਸੀ। ਕੇਵਲ ਇਹੀ ਨਹੀਂ ਸਿੱਖ ਇਤਿਹਾਸ ਬਾਰੇ ਅਨੇਕਾਂ ਲਾਪਰਵਾਹੀਆਂ ਹਨ ਅਤੇ ਭਰਵੀਂ ਖੋਜ ਮੰਗਦੀਆਂ ਹਨ। ਸਿੱਖ ਇਤਿਹਾਸਕਾਰਾਂ ਨੂੰ ਇਸ ਪਾਸੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।
ਅਸੀਮ ਦ੍ਰਿੜਤਾ- ਜੇ ਗੁਰੂ ਪਾਤਸ਼ਾਹ ਦੀ ਸੰਸਾਰਕ ਉਮਰ ਦਾ ਹਿਸਾਬ ਲਾਇਆ ਜਾਵੇ ਤਾਂ ਬੰਦਾ ਸੋਚ ਵੀ ਨਹੀਂ ਸਕਦਾ, ਸਾਬਤ ਹੋ ਜਾਂਦਾ ਹੈ ਕਿ ਗੁਰੂ ਜੋਤ ਦਾ ਤਾਲੁੱਕ ਸਰੀਰ ਦੇ ਵਿਕਾਸ ਨਾਲ ਉਕਾ ਹੀ ਨਹੀਂ। ਇੰਨੀ ਛੋਟੀ ਉਮਰ ‘ਚ ਪੂਰੀ ਦ੍ਰਿੜਤਾ ਨਾਲ, ਭਾਰੀ ਰੋਅਬਦਾਰ ਹਕੂਮਤ ਜਿਸਦੇ ਵਾਸਤੇ ਜ਼ੁਲਮ ਤਾਂ ਇਕ ਖੇਡ ਸੀ, ਟੱਕਰ ਲੈਣੀ ਉਹ ਵੀ ‘ਨਾ-ਮਿਲਵਰਤਨ ਲਹਿਰ’ ਨਾਲ, ਅੰਦਾਜ਼ਾ ਲਗਾਉਣਾ ਹੀ ਅਸੰਭਵ ਹੈ।