(੨) ਹਉ ਆਪਹੁ ਬੋਲਿ ਨ ਜਾਣਦਾ- ਗੁਰਬਾਣੀ ਇਲਾਹੀ ਸੱਚ ਇਸ ਲਈ ਵੀ ਹੈ ਕਿ ਇਹ ਸਿਧੇ ਤੌਰ `ਤੇ ਅਕਾਲਪੁਰਖ ਵਲੋਂ ਸੰਸਾਰ `ਚ ਪ੍ਰਗਟ ਹੋਈ, ਜਿਸਨੂੰ ਮਨੁੱਖ ਮਾਤ੍ਰ ਦੀ ਭਲਾਈ ਤੇ ਸੰਭਾਲ ਲਈ ਗੁਰਦੇਵ ਨੇ ਲਗ ਮਾਤ੍ਰਾ ਦੀ ਪਕਿਆਈ ਦੇ ਕੇ ਆਪ ਸੰਭਾਲਿਆ ਅਤੇ ‘ਸਾਹਿਬ ਸ੍ਰੀ ਗਰੂ ਗ੍ਰੰਥ ਸਾਹਿਬ ਜੀ’ ਦੇ ਰੂਪ `ਚ ਇਸ ਦੀ ਸੰਪਾਦਨ ਅਤੇ ਸੰਪੂਰਣਤਾ ਵੀ ਆਪ ਕੀਤੀ। ਗੁਰਬਾਣੀ ਆਪਣੇ ਆਪ `ਚ ਹੀ ਇਲਾਹੀ ਸੱਚ ਦਾ ਅਜੇਹਾ ਪ੍ਰਗਟਾਵਾ ਹੈ ਜਿਸ `ਚ ਰਤੀ ਭਰ ਵੀ ਮਿਲਾਵਟ ਨਹੀਂ ਅਤੇ ਇਸਦੀ ਗਵਾਹੀ ਗੁਰਦੇਵ ਨੇ ਆਪ ਗੁਰਬਾਣੀ `ਚ ਬਹੁਤ ਵਾਰੀ ਭਰੀ ਹੈ ਜਿਵੇਂ “ਹਉ ਆਪਹੁ ਬੋਲਿ ਨ ਜਾਣਦਾ, ਮੈ ਕਹਿਆ ਸਭੁ ਹੁਕਮਾਉ ਜੀਉ” (ਪੰ: 763) ਜਾਂ “ਜੈਸੀ ਮੈ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨੁ ਵੇ ਲਾਲੋ” (ਪੰ: 722) ਬਲਕਿ ਗੁਰਦੇਵ, ਗੁਰਬਾਣੀ ਬਾਰੇ ਇਥੋਂ ਤੀਕ ਫ਼ੈਸਲਾ ਦੇਂਦੇ ਹਨ “ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ” (ਪੰ: 515) ਇਹ ਗੁਰਬਾਣੀ ਹੈ ਹੀ ਸਿਧੇ ਤੌਰ ਤੇ ਅਕਾਲਪੁਰਖ ਦਾ ਪ੍ਰਗਟਾਵਾ।
(੩) “ਬੇਦ ਕਤੇਬ ਇਫਤਰਾ ਭਾਈ. .”- ਗੁਰਬਾਣੀ ਦਾ ਇਹ ਫ਼ੈਸਲਾ ਹੈ “ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰੁ ਨ ਜਾਇ” (ਪੰ: 727) ਭਾਵ ਸੰਸਾਰ ਦੀਆਂ ਹੋਰ ਜਿੰਨੀਆਂ ਵੀ ਧਰਮ ਪੁਸਤਕਾਂ ਹਨ, ਚੂੰਕਿ ਉਨ੍ਹਾਂ ਨਾਲ ਵੀ ਸੰਬੰਧਤ ਲੋਕਾਈ ਦੇ ਕੋਮਲ ਜਜ਼ਬਾਤ ਜੁੜੇ ਹਨ, ਇਸ ਲਈ ਉਨ੍ਹਾਂ ਨੂੰ ਮੁਬਾਰਕ। ਇਸਦੇ ਬਾਵਜੂਦ ਸਚਾਈ ਹੈ ਕਿ ਪੂਰਣ ਅਤੇ ਨਿਰੋਲ ਇਲਾਹੀ ਸੱਚ ਦਾ ਪ੍ਰਗਟਾਵਾ ਕੇਵਲ ਅਤੇ ਕੇਵਲ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਹੀ ਹਨ। ਨਹੀਂ ਤਾਂ ਹੋਰ ਸਭ ਪਾਸੇ “ਬੇਦ ਕਤੇਬ ਇਫਤਰਾ” ਅਤੇ ਇਨ੍ਹਾਂ `ਚ ਝੂਠ ਦੀ ਮਿਲਾਵਟ ਵੀ ਹੈ। ਇਹ “ਦਿਲ ਕਾ ਫਿਕਰੁ ਨ ਜਾਇ” ਅਨੁਸਾਰ ਦਿਲ ਚੋਂ ਭਰਮਾ ਦਾ ਨਾਸ ਨਹੀਂ ਕਰ ਸਕਦੇ, ਮਨ ਨੂੰ ਟਿਕਾਅ ਤੇ ਸ਼ਾਂਤੀ ਨਹੀਂ ਦੇ ਸਕਦੇ। ਫ਼ਿਰ ਵੀ ਜੇ ਕਿਸੇ ਸਿੱਖ ਜਾਂ ਅਨਮਤੀ ਨੂੰ ਇਨ੍ਹਾਂ ਚੋਂ ਕਿਸੇ ਸਚਾਈ `ਤੇ ਰਤਾ ਵੀ ਭਰਮ ਹੋਵੇ ਤਾਂ ਆਪ ਗੁਰਬਾਣੀ ਦੀ ਡੁੰਗਾਈਆਂ ਜਾ ਕੇ ਦੇਖ ਲਵੇ। ਉਪ੍ਰੰਤ ਵਿਸ਼ਾ ਅਰੰਭ ਕਰਦੇ ਹਾਂ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੀ ‘ਸਰਬ-ਉਚਤਾ’ ਵਾਲਾ।