Sri Guru Granth Sahib Ji Di Sarab Uchtta- Part-10 – 20-9-26

ਗੁਰਬਾਣੀ ਨੇ ਸਪਸ਼ਟ ਕੀਤਾ- ‘ਗੁਰੂ’ ਅਕਾਲਪੁਰਖ ਦੇ ਹੀ ਅਨੰਤ ਗੁਣਾਂ ਵਿਚੋਂ ਵਿਸ਼ੇਸ਼ ਗੁਣ ਹੈ ਜਿਸਤੋਂ ਬਿਨਾ ਮਨੁੱਖਾ ਜਨਮ ਦੀ ਸੰਭਾਲ ਹੀ ਸੰਭਵ ਨਹੀਂ। ‘ਗੁਰੂ’ ਤਾਂ “ਪਾਰਬ੍ਰਹਮ ਗੁਰ ਨਾਹੀ ਭੇਦ” (ਪੰ: 1142) ਅਨੁਸਾਰ ਪ੍ਰਭੂ ਆਪ ਹੀ ਗੁਰੂ ਵੀ ਹੈ ਤੇ ਪ੍ਰਭੂ ਤੋਂ ਭਿੰਨ ਨਹੀਂ। ਇਸੇ ਤਰ੍ਹਾਂ “ਗੁਰ ਗੋਵਿੰਦੁ, ਗ+ਵਿੰਦੁ ਗੁਰੂ ਹੈ, ਨਾਨਕ ਭੇਦੁ ਨ ਭਾਈ” (ਪੰ: 442) ਚੇਤੇ ਰਹੇ, ਗੁਰਬਾਣੀ ਰਾਹੀ ਪ੍ਰਗਟ ਗੁਰੂ ਸਦੀਵੀ ਹੈ, ਸਤਿ ਹੈ ਅਤੇ ਸਦਾ ਥਿਰ ਹੈ, ਜਨਮ-ਮਰਣ `ਚ ਨਹੀਂ ਆਉਂਦਾ। ਇਸੇ ‘ਇਲਾਹੀ ਗਿਆਨ’ ਨੂੰ ਗੁਰਬਾਣੀ `ਚ ‘ਸਤਿਗੁਰੂ’ – ‘ਸ਼ਬਦ ਗੁਰੂ’ ਵੀ ਕਿਹਾ ਹੈ। ਫ਼ੁਰਮਾਨ ਹੈ “ਅਨੇਕ ਜੂਨੀ ਭਰਮਿ ਆਵੈ, ਵਿਣੁ ਸਤਿਗੁਰ ਮੁਕਤਿ ਨ ਪਾਏ॥ ਫਿਰਿ ਮੁਕਤਿ ਪਾਏ ਲਾਗਿ ਚਰਣੀ, ਸਤਿਗੁਰੂ ਸਬਦੁ ਸੁਣਾਏ” (ਪੰ: 920) ਤਾਂ ਤੇ ਕੋਈ ਵੀ ਸਰੀਰਧਾਰੀ ‘ਗੁਰੂ’ ਹੋ ਹੀ ਨਹੀਂ ਸਕਦਾ ਜਿਹੜਾ ਕਿ ਜੀਵ ਦੀ ਮੁੱਕਤੀ ਲਈ ਸਦਾ ਥਿਰ ਰਵੇ ਅਤੇ ਜੀਵ ਰਾਹੀਂ ਅਨੇਕਾਂ ਜੂਨਾ ਭੁਗਤਣ ਤੋਂ ਬਾਅਦ, ਫ਼ਿਰ ਜਦੋਂ ਅਕਾਲਪੁਰਖ ਦੀ ਬਖਸ਼ਿਸ਼ ਨਾਲ ਉਸ ਨੂੰ ਮਨੁੱਖਾ ਜਨਮ ਮਿਲੇ ਤਾਂ ਪ੍ਰਭੂ `ਚ ਅਭੇਦ ਹੋਣ ਲਈ ਉਸਨੂੰ ਉਸੇ ਹੀ ਗੁਰੂ ਦੀ ਪ੍ਰਾਪਤੀ ਵੀ ਹੋਵੇ।

ਇਹੀ ਕਾਰਣ ਹੈ, ਗੁਰੂ ਨਾਨਕ ਸਾਹਿਬ ਜੋ ਆਪ ਹੀ ‘ਸ਼ਬਦ-ਗੁਰੂ’ ਦਾ ਪ੍ਰਗਟਾਵਾ- ਅਵਤਾਰ ਤੇ ਜੰਮਾਂਦਰੂ ਗੁਰੂ ਹਨ: ਜਦੋਂ ਆਪ ਵੀ ਆਪਣੇ ਗੁਰੂ ਦੀ ਪਛਾਣ ਦੇਂਦੇ ਹਨ ਤਾਂ “ਤਤੁ ਨਿਰੰਜਨੁ ਜੋਤਿ ਸਬਾਈ, ਸੋਹੰ ਭੇਦੁ ਨ ਕੋਈ ਜੀਉ॥ ਅਪਰੰਪਰ ਪਾਰਬ੍ਰਹਮੁ ਪਰਮੇਸਰੁ, ਨਾਨਕ ਗੁਰੁ ਮਿਲਿਆ ਸੋਈ ਜੀਉ” (ਪੰ: 599) ਇਸੇ ਤਰ੍ਹਾਂ ਸਿਧ ਗੋਸ਼ਟਿ `ਚ ਵੀ ਦਸਦੇ ਹਨ “ਪਵਨ ਅਰੰਭੁ ਸਤਿਗੁਰ ਮਤਿ ਵੇਲਾ॥ ਸਬਦੁ ਗੁਰੂ ਸੁਰਤਿ ਧੁਨਿ ਚੇਲਾ (ਪੰ: 942)। ਹੋਰ ਤਾਂ ਹੋਰ ਗੁਰਬਾਣੀ ਰਾਹੀ ਪਾਤਸ਼ਾਹ ਨੇ ਸਾਬਤ ਕੀਤਾ “ਸਬਦੁ ਗੁਰੂ ਪਰਕਾਸਿਓ, ਹਰਿ ਰਸਨ ਬਸਾਯਉ” (ਪੰ: 1407) ਅਥਵਾ “ਸਬਦੁ ਗੁਰ ਦਾਤਾ, ਜਿਤੁ ਮਨੁ ਰਾਤਾ, ਹਰਿ ਸਿਉ ਰਹਿਆ ਸਮਾਈ” (ਪੰ: 601) ਜਾਂ “ਸਬਦੁ ਗੁਰ ਪੀਰਾ ਗਹਿਰ ਗੰਭੀਰਾ, ਬਿਨੁ ਸਬਦੈ ਜਗੁ ਬਉਰਾਨੰ” (ਪੰ: 635) ਇਸੇ ਤਰ੍ਹਾਂ ਸਵੈਯਾਂ `ਚ ਭੱਟ ਭਿਖਾ ਜੀ ਤੀਜੇ ਪਾਤਸ਼ਾਹ ਨੂੰ ਸੰਬੋਧਨ ਕਰਕੇ ਕਹਿੰਦੇ ਹਨ “ਜਹ ਕਹ ਤਹ ਭਰਪੂਰੁ ਸਬਦੁ ਦੀਪਕਿ ਦੀਪਾਯਉ” (ਪੰ: 1395) ਭਾਵ ਨਿਰੰਕਾਰ ਨੇ ਆਪਣੇ ਸ਼ਬਦ ਅਥਵਾ ਨਾਮ ਨੂੰ, ਜੋ ਹਰ ਥਾਂ ਹਾਜ਼ਰ-ਨਾਜ਼ਰ ਹੈ, ਗੁਰੂ ਅਮਰਦਾਸ-ਰੂਪ ਦੀਵੇ ਰਾਹੀਂ ਪ੍ਰਗਟਾਇਆ ਹੈ। ਉਪ੍ਰੰਤ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਉਸੇ ‘ਸ਼ਬਦ ਗੁਰੂ’ ‘ਗੁਰੂ’ ਅਥਵਾ ਗੁਰਬਾਣੀ-ਗੁਰੂ ਦਾ ਹੀ ਪ੍ਰਗਟਾਵਾ ਹਨ ਜਦਕਿ ‘ਸ਼ਬੲ ਗੁਰੂ’ ਜਾਂ ‘ਸ਼ਬਦ’ ਨੂੰ ਆਪਣੀ ਹੋਂਦ ਲਈ ਅੱਖਰਾਂ ਦੀ ਵੀ ਲੋੜ ਨਹੀਂ।

You may also like these