ਰਾਗਾਂ `ਚ ਬਾਣੀ ਦੀ ਤਰਤੀਬ-ਹਰੇਕ ਰਾਗ `ਚ ਬਾਣੀ ਦੀ ਤਰਤੀਬ ਦਾ ਵੇਰਵਾ ਆਮ ਤੌਰ `ਤੇ ਇਉਂ ਹੈ-ਸ਼ਬਦ, ਅਸ਼ਟਪਦੀਆਂ, ਛੰਤ, ਵਾਰ ਤੇ ਭਗਤਾਂ ਦੇ ਸ਼ਬਦ। ਇਹ ਸ਼ਬਦ, ਅਸ਼ਟਪਦੀਆਂ, ਛੰਤ ਆਦਿਕ ਭੀ ਖ਼ਾਸ ਕ੍ਰਮ `ਚ ਹਨ। ਪਹਿਲਾਂ ਗੁਰੂ ਨਾਨਕ ਪਾਤਸ਼ਾਹ ਦੇ, ਫਿਰ ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਅਤੇ ਅਖ਼ੀਰ ਗੁਰੂ ਅਰਜਨ ਸਾਹਿਬ ਦੇ। ਸ੍ਰੀ ਗੁਰੂ ਅੰਗਦ ਸਾਹਿਬ ਦੀ ਬਾਣੀ `ਚ ਸ਼ਬਦ’ ਨਹੀਂ ਹਨ, ਕੇਵਲ ‘ਸਲੋਕ’ ਹੀ ਹਨ, ਜੋ ਭਿੰਨ ਭਿੰਨ ‘ਵਾਰਾਂ’ ਦੀਆਂ ਪਉੜੀਆਂ ਨਾਲ ਦਰਜ ਹੋਏ ਹਨ। ਨੌਂਵੇਂ ਪਾਤਸ਼ਾਹ ਦੇ ‘ਸ਼ਬਦ’ ਜਿਸ-ਜਿਸ ‘ਰਾਗ’ `ਚ ਵੀ ਹਨ, ਕ੍ਰਮ ਅਨੁਸਾਰ ਗੁਰੂ ਅਰਜਨ ਸਾਹਿਬ ਦੇ ਸ਼ਬਦਾਂ ਤੋਂ ਬਾਅਦ ਦਰਜ ਹੋਏ ਹਨ। ਸਾਰੇ ‘ਸ਼ਬਦਾਂ’ ਦੇ ਸਮਾਪਤ ਹੋ ਜਾਣ `ਤੇ ਇਸੇ ਤਰਤੀਬ `ਚ ਅਸ਼ਟਪਦੀਆਂ ਵੀ ਦਰਜ ਹਨ। ਨੌਂਵੇਂ ਪਾਤਸ਼ਾਹ ਦੀ ਕੋਈ ਅਸ਼ਟਪਦੀ ਹੈ ਹੀ ਨਹੀਂ, ਅੰਤ ਇਹੀ ਤਰਤੀਬ ‘ਛੰਦਾਂ’ ਲਈ ਵੀ ਹੈ।
ਗੁਰਬਾਣੀ ਅੰਕਾਂ ਦੀ ਤਰਤੀਬ- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਪੜ੍ਹ ਕੇ ਦੇਖੋ! ਥਾਂ ਥਾਂ `ਤੇ ਅੰਕ ਨੰਬਰ, ਦਿੱਸਣਗੇ। ਇਨ੍ਹਾਂ ਅੰਕਾਂ ਦੀ ਖ਼ਾਸ ਮਹੱਤਤਾ ਹੈ ਅਤੇ ਅੰਕ ਵੀ ਦੋ ਪ੍ਰਕਾਰ ਦੇ ਹਨ। ਹਰੇਕ ਸ਼ਬਦ, ਅਸ਼ਟਪਦੀ ਤੇ ਛੰਤ ‘ਬੰਦਾਂ’ `ਚ ਵੰਡਿਆ ਹੋਇਆ ਹੈ। ਗੁਰੂ ਗ੍ਰੰਥ ਸਾਹਿਬ `ਚ ਇਨ੍ਹਾਂ ‘ਬੰਦਾਂ’ ਲਈ ਲਫ਼ਜ਼ ‘ਪਦੇ’ ਆਇਆ ਹੈ। ਬਹੁਤਾ ਕਰਕੇ ਹਰੇਕ ‘ਬੰਦ’ ਦੀਆਂ ਦੋ ਦੋ ਤੁਕਾਂ ਹੁੰਦੀਆਂ ਹਨ, ਕਿਤੇ ਕਿਤੇ ਤਿੰਨ ਤੇ ਕਈ ਥਾਂ ਚਾਰ ਤੁਕਾਂ ਵਾਲੇ ‘ਬੰਦ’ ਵੀ ਹਨ।